ਧੀ ਸਣੇ ਖੁਦਕੁਸ਼ੀ ਕਰਨ ਵਾਲੀ ਵਿਆਹੁਤਾ ਨੂੰ ਇਨਸਾਫ ਦਿਵਾਉਣ ਲਈ ਪੂਰੇ ਪਿੰਡ ਨੇ ਲਾ 'ਤਾ ਧਰਨਾ

Wednesday, Jun 04, 2025 - 05:40 PM (IST)

ਧੀ ਸਣੇ ਖੁਦਕੁਸ਼ੀ ਕਰਨ ਵਾਲੀ ਵਿਆਹੁਤਾ ਨੂੰ ਇਨਸਾਫ ਦਿਵਾਉਣ ਲਈ ਪੂਰੇ ਪਿੰਡ ਨੇ ਲਾ 'ਤਾ ਧਰਨਾ

ਭਵਾਨੀਗੜ੍ਹ (ਵਿਕਾਸ ਮਿੱਤਲ) : ਕਰੀਬ ਇਕ ਮਹੀਨਾ ਪਹਿਲਾਂ ਸਹੁਰਾ ਪਰਿਵਾਰ ਤੋਂ ਕਥਿਤ ਦੁਖੀ ਹੋ ਕੇ ਪਿੰਡ ਰਨੋ ਕਲਾਂ (ਭਾਦਸੋਂ) ਦੀ ਇੱਥੇ ਮਹਾਵੀਰ ਬਸਤੀ ਵਿਖੇ ਵਿਆਹੀ ਇਕ ਪ੍ਰੋਫੈਸਰ ਦੀ ਪਤਨੀ ਸੁਖਵਿੰਦਰ ਕੌਰ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ 9 ਸਾਲਾ ਮਾਸੂਮ ਬੱਚੀ ਰਸਮਪ੍ਰੀਤ ਕੌਰ ਸਮੇਤ ਜੀਵਨ ਲੀਲਾ ਖਤਮ ਕਰ ਲਈ ਸੀ। ਇਸ ਸਬੰਧੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵੱਜੋਂ ਅੱਜ ਇੱਥੇ ਮ੍ਰਿਤਕਾ ਦੇ ਪੇਕੇ ਪਰਿਵਾਰ ਅਤੇ ਸਬੰਧਤ ਪਿੰਡ ਦੀ ਪੰਚਾਇਤ ਨੇ ਭਵਾਨੀਗੜ੍ਹ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰੋਫੈਸਰ ਦੀ ਫੋਟੋਆਂ ਅਤੇ ਸਿਹਰਾ ਸਾੜ ਕੇ ਪ੍ਰਦਰਸ਼ਨ ਕੀਤਾ। 

ਇਸ ਦੌਰਾਨ ਪੁਲਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮ੍ਰਿਤਕ ਲੜਕੀ ਸੁਖਵਿੰਦਰ ਕੌਰ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਸਦੀ ਧੀ ਅਤੇ ਦੋਹਤੀ ਦੀ ਮੌਤ ਦੇ ਮਾਮਲੇ ਵਿਚ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਪੁਲਸ ਵੱਲੋਂ ਸੁਖਵਿੰਦਰ ਕੌਰ ਦੇ ਪਤੀ ਸੰਦੀਪ ਸਿੰਘ, ਸੱਸ ਗੁਰਮੇਲ ਕੌਰ ਤੇ ਨਨਾਣ ਹਰਪ੍ਰੀਤ ਕੌਰ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰੰਤੂ ਹਾਲੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਸ ਦੀਆਂ ਨਜ਼ਰਾਂ ਸਾਹਮਣੇ ਮੁਲਜ਼ਮ ਖੁਲ੍ਹੇਆਮ ਘੁੰਮ ਰਹੇ ਹਨ। ਇਸ ਤੋਂ ਇਲਾਵਾ ਰਨੋ ਕਲਾਂ ਦੇ ਲੋਕਾਂ ਨੇ ਵੀ ਰੋਸ ਜਾਹਿਰ ਕੀਤਾ ਕਿ ਪੁਲਸ ਨੇ ਮਾਮਲੇ ਦੇ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਸੁਖਵਿੰਦਰ ਕੌਰ ਦਾ ਪਰਿਵਾਰ ਅੱਜ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਪੁਲਸ ਥਾਣੇ ਅੱਗੇ ਬੈਠਣ ਲਈ ਮਜਬੂਰ ਹੋਇਆ ਹੈ। 

ਪਰਿਵਾਰ ਨੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਇਸ ਉਪਰੰਤ ਪੁਲਸ ਅਧਿਕਾਰੀਆਂ ਨੇ ਸੁਖਵਿੰਦਰ ਕੌਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਮਾਮਲੇ 'ਚ ਮੁੱਖ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਪਰਿਵਾਰ ਨੇ ਆਪਣਾ ਧਰਨਾ ਸਮਾਪਤ ਕੀਤਾ।


author

Gurminder Singh

Content Editor

Related News