ਧੂਰੀ-ਬਰਨਾਲਾ ਸੜਕ ਬਣਵਾਉਣ ਲਈ ਧਰਨੇ ''ਤੇ ਡਟੀ ਸੰਘਰਸ਼ ਕਮੇਟੀ

Wednesday, Feb 14, 2018 - 03:12 AM (IST)

ਧੂਰੀ-ਬਰਨਾਲਾ ਸੜਕ ਬਣਵਾਉਣ ਲਈ ਧਰਨੇ ''ਤੇ ਡਟੀ ਸੰਘਰਸ਼ ਕਮੇਟੀ

ਧੂਰੀ, (ਸੰਜੀਵ ਜੈਨ)- ਲੰਮੇ ਸਮੇਂ ਤੋਂ ਖਸਤਾ ਹਾਲਤ ਧੂਰੀ-ਬਰਨਾਲਾ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਲੋਕ ਸੰਘਰਸ਼ ਐਕਸ਼ਨ ਕਮੇਟੀ ਧੂਰੀ ਨੇ ਮੰਗਲਵਾਰ ਨੂੰ ਕੱਕੜਵਾਲ ਰੋਡ 'ਤੇ 6 ਰੋਜ਼ਾ ਧਰਨਾ ਸ਼ੁਰੂ ਕਰ ਦਿੱਤਾ ਹੈ।  ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂ ਡਾ. ਅਨਵਰ ਭਸੌੜ ਨੇ ਕਿਹਾ ਕਿ ਇਸ ਸੜਕ 'ਤੇ ਜਿਥੇ ਪਿੰਡ ਰਣੀਕੇ ਵਿਖੇ ਸ਼੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ ਸਥਿਤ ਹੈ, ਉਥੇ ਹੀ ਪਿੰਡ ਮੂਲੋਵਾਲ ਵਿਖੇ ਇਤਿਹਾਸਕ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵੀ ਸਥਿਤ ਹੈ। ਸ਼੍ਰੀ ਰਣਕੇਸ਼ਵਰ ਮੰਦਰ ਵਿਖੇ ਤਿੰਨ ਰੋਜ਼ਾ ਮੇਲਾ ਚੱਲ ਰਿਹਾ ਹੈ, ਜਿਥੇ ਪੰਜਾਬ ਭਰ ਤੋਂ ਇਲਾਵਾ ਹੋਰਨਾਂ ਸੂਬਿਆਂ 'ਚੋਂ ਵੀ ਲੱਖਾਂ ਸ਼ਰਧਾਲੂ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਇਸ ਖਸਤਾ ਹਾਲਤ ਸੜਕ ਕਾਰਨ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। 
ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਇਸ ਸੜਕ ਦੀ ਮਾੜੀ ਹਾਲਤ ਸਬੰਧੀ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਮੰਗ ਪੱਤਰਾਂ ਰਾਹੀਂ ਜਾਣੂ ਵੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗੀ। ਉਨ੍ਹਾਂ ਕਿਹਾ ਕਿ ਭਾਵੇਂ ਲੰਘੇ ਦਿਨੀਂ ਵਿਧਾਇਕ ਗੋਲਡੀ ਨੇ ਇਸ ਸੜਕ ਦੀ ਮੁਰੰਮਤ ਸ਼ੁਰੂ ਕਰਵਾਉਣ ਦਾ ਦਾਅਵਾ ਕੀਤਾ ਸੀ ਪਰ ਅਜੇ ਤੱਕ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋਇਆ। 
19 ਨੂੰ ਕੀਤਾ ਜਾਵੇਗਾ ਧੂਰੀ-ਲੁਧਿਆਣਾ ਮੁੱਖ ਮਾਰਗ ਜਾਮ : ਆਗੂਆਂ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਦੀ ਮੰਗ ਲਈ ਸੰਘਰਸ਼ ਕਮੇਟੀ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 13 ਤੋਂ 18 ਫ਼ਰਵਰੀ ਤੱਕ ਧਰਨਾ ਦੇਣ ਉਪਰੰਤ 19 ਫਰਵਰੀ ਨੂੰ ਧੂਰੀ-ਲੁਧਿਆਣਾ ਮੁੱਖ ਮਾਰਗ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੱਦ ਤੱਕ ਇਸ ਸੜਕ ਦਾ ਮੁੜ ਨਿਰਮਾਣ ਸ਼ੁਰੂ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ। 
ਇਸ ਮੌਕੇ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ, ਮੇਜਰ ਸਿੰਘ ਪੁੰਨਾਂਵਾਲ, ਸਰਬਜੀਤ ਸਿੰਘ ਅਲਾਲ, ਹਰਦੇਵ ਸਿੰਘ ਚਹਿਲ ਅਤੇ ਨਿਰੰਜਣ ਸਿੰਘ ਦੋਹਲਾ ਆਦਿ ਵੀ ਮੌਜੂਦ ਸਨ।


Related News