ਸੁਖਬੀਰ ਬਾਦਲ ਵਲੋਂ ਦਰਬਾਰ ਸਾਹਿਬ ਲੰਗਰ ਲਈ ਦੋ ਟਰੱਕ ਕਣਕ ਰਵਾਨਾ
Friday, May 22, 2020 - 05:03 PM (IST)
ਮਲੋਟ (ਜੁਨੇਜਾ, ਕਾਠਪਾਲ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਰਾਮ ਦਾਸ ਲੰਗਰ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਣਕ ਭੇਜੀ ਜਾ ਰਹੀ ਹੈ। ਇਸ ਤਹਿਤ ਮਲੋਟ ਵਿਚੋਂ ਦੋ ਟਰੱਕਾਂ ਰਾਹੀਂ 650 ਕੁਇੰਟਲ ਕਣਕ ਰਵਾਨਾ ਕੀਤੀ ਗਈ। ਕਣਕ ਦੀ ਰਵਾਨਗੀ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਪ੍ਰਮਾਤਮਾ ਦਾ ਓਟ ਆਸਰਾ ਮੰਗਿਆ। ਰਵਾਨਗੀ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਵਿਚ ਪਾਰਟੀ ਵਰਕਰਾਂ ਵੱਲੋਂ ਦਰਬਾਰ ਸਾਹਿਬ ਵਿਚ ਕਣਕ ਲੰਗਰ ਲਈ ਭੇਜੀ ਜਾ ਰਹੀ ਹੈ ਜਿਸ ਤਹਿਤ ਅੱਜ ਫਿਰੋਜ਼ਪੁਰ ਪਾਰਲੀਮੈਂਟ ਹਲਕੇ ਅੰਦਰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚੋਂ 4 ਹਜ਼ਾਰ ਕੁਇੰਟਲ ਕਣਕ ਭੇਜੀ ਜਾਵੇਗੀ। ਮਲੋਟ ਵਿਚੋਂ 650 ਕੁਇੰਟਲ ਕਣਕ ਅਕਾਲੀ ਆਗੂ ਸੁਖਿੰਦਰ ਸਿੰਘ ਭੁੱਲਰ ਦੀ ਰਿਹਾਇਸ਼ ਤੋਂ ਰਵਾਨਾ ਕੀਤੀ ਹੈ। ਇਸ ਮੌਕੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕੋਰੋਨਾ ਬੀਮਾਰੀ ਨੂੰ ਰੋਕਣ ਲਈ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲਾਏ ਕਰਫਿਊ ਵਿਚ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਨੇ ਸਹਿਯੋਗ ਦਿੱਤਾ ਪਰ ਇਸ ਦੇ ਨਾਲ ਹੀ ਮੱਧਵਰਗੀ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਅਤੇ ਖਾਸ ਕਰਕੇ ਗਰੀਬ ਵਰਗ ਨੂੰ ਰਾਸ਼ਨ ਆਦਿ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ 1 ਤਿਹਾਈ ਤੋਂ ਲੈ ਕੇ ਅੱਧੇ ਦੇ ਲਗਭਗ ਲਾਭਪਾਤਰੀਆਂ ਦੇ ਕਾਰਡ ਕੱਟੇ ਗਏ ਅਤੇ ਸਰਕਾਰ ਵੱਲੋਂ ਸੂਬਾ ਅਤੇ ਕੇਂਦਰ ਵੱਲੋਂ ਜਾਰੀ ਰਾਹਤ ਕਾਰਜਾਂ ਵਿਚ ਵੀ ਪੱਖਪਾਤ ਕੀਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜ਼ਰੂਰਤਮੰਦ ਲੋਕਾਂ ਦੇ ਨੀਲੇ ਕਾਰਡ ਜਲਦੀ ਬਣਾ ਕਿ ਦਿੱਤੇ ਜਾਣ ਅਤੇ ਸਰਕਾਰ ਵੱਲੋਂ ਭੇਜਿਆ ਰਾਸ਼ਣ ਹਰ ਵਿਅਕਤੀ ਨੂੰ ਮੁਹੱਈਆ ਕਰਾਇਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਬਸੰਤ ਸਿੰਘ ਕੰਗ ਸਾਬਕਾ ਚੈਅਰਮੈਨ, ਅਕਾਲੀ ਦਲ ਦੇ ਪ੍ਰਧਾਨ ਨਿੱਪੀ ਔਲਖ, ਸਰੋਜ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਪ੍ਰਿਤਾਪਾਲ ਸਿੰਘ ਮਾਨ, ਪੰਮਾ ਬਰਾੜ, ਰਾਜ ਰੱਸੇਵੱਟ, ਕੁਲਵਿੰਦਰ ਸਿੰਘ ਪੂਨੀਆ, ਵੀਰਪਾਲ ਕੌਰ ਤਰਮਾਲਾ, ਬੱਗਾ, ਗੁਰਪ੍ਰੀਤ ਸਿੰਘ ਪਿੰਡ ਮਲੋਟ, ਅਸ਼ੋਕ ਬਜਾਜ, ਅਰੁਣ ਖੁਰਾਣਾ ਸਮੇਤ ਆਗੂ ਹਾਜ਼ਰ ਸਨ।