ਪੰਜਾਬ ''ਚ ਮੰਡਰਾਇਆ ਬਲੈਕ ਆਊਟ ਦਾ ਖਤਰਾ, ਬਾਹਰੋਂ ਬਿਜਲੀ ਖਰੀਦਣ ਲੱਗਾ ਪਾਵਰਕਾਮ
Wednesday, Oct 28, 2020 - 08:22 PM (IST)
ਪਟਿਆਲਾ (ਜੋਸਨ) : ਕਿਸਾਨ ਸੰਘਰਸ਼ ਵਿਚਾਲੇ ਪੰਜਾਬ ਬਲੈਕ ਆਊਟ ਹੋਣ ਕਿਨਾਰੇ ਜਾ ਖੜ੍ਹਿਆ ਹੈ। ਇਸ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ 'ਚ ਕਿਸਾਨ ਅੰਦੋਲਨ ਸਿਖ਼ਰਾਂ 'ਤੇ ਹੈ। ਅਜਿਹੇ 'ਚ ਕੇਂਦਰ ਸਰਕਾਰ ਨੇ ਸੂਬੇ 'ਚ ਮਾਲ ਗੱਡੀਆਂ 'ਤੇ ਬ੍ਰੇਕ ਲਾ ਦਿੱਤੀ ਹੈ। ਮਾਲ ਗੱਡੀਆਂ ਰੁਕਣ ਨਾਲ ਪੰਜਾਬ 'ਚ ਵੱਡਾ ਕੋਲਾ ਸੰਕਟ ਖੜ੍ਹਾ ਹੋ ਗਿਆ ਹੈ, ਜਿਸ ਕਾਰਣ ਪੰਜਾਬ ਦੇ ਥਰਮਲ ਪਲਾਂਟ ਲਗਭਗ ਬੰਦ ਹੋ ਗਏ ਹਨ। ਪਾਵਰਕਾਮ ਹੁਣ ਰੋਜ਼ਾਨਾ ਕਰੀਬ 1000 ਮੈਗਾਵਾਟ ਬਿਜਲੀ ਬਾਹਰੋਂ ਖਰੀਦ ਰਿਹਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਪਾਵਰਕਾਮ ਚੇਅਰਮੈਨ ਏ. ਵੇਨੂੰ ਪ੍ਰਸਾਦ ਨੇ ਪੰਜਾਬ ਸਰਕਾਰ ਤੋਂ 200 ਕਰੋੜ ਰੁਪਏ ਦੀ ਮੰਗ ਕੀਤੀ ਹੈ। ਦਰਅਸਲ ਪੰਜਾਬ 'ਚ ਕੋਲੇ ਦੀ ਘਾਟ ਫਿਰ ਤੋਂ ਰੜਕਣ ਲੱਗੀ ਹੈ। ਨਤੀਜਾ ਇਹ ਹੋਇਆ ਕਿ ਸੂਬੇ 'ਚ ਸਾਰੇ ਥਰਮਲ ਪਾਵਰ ਪਲਾਂਟਾਂ 'ਚ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ। ਪਾਵਰਕਾਮ ਸੂਤਰਾਂ ਮੁਤਾਬਕ ਮਾਨਸਾ ਦੇ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ 'ਚ ਇਕ ਤਿਹਾਈ ਦਿਨ ਲਈ 10,552 ਟਨ ਕੋਲਾ ਬਚਿਆ ਹੈ। ਰਾਜਪੁਰਾ ਪਲਾਂਟ 'ਚ ਕੋਲਾ ਖ਼ਤਮ ਹੋ ਗਿਆ ਹੈ। ਗੋਇੰਦਵਾਲ ਸਾਹਿਬ ਪਲਾਂਟ 'ਚ 18,294 ਮੀਟ੍ਰਿਕ ਟਨ ਕੋਲਾ ਮੌਜੂਦ ਹੈ। ਬਠਿੰਡਾ ਦੇ ਲਹਿਰਾ ਮੁਹੱਬਤ ਅਤੇ ਰੂਪਨਗਰ ਦੇ ਪਲਾਂਟ 'ਚ ਪਹਿਲਾਂ ਤੋਂ ਹੀ ਉਤਪਾਦਨ ਬੰਦ ਹੈ। ਸੂਬੇ 'ਚ ਥਰਮਲ ਪਾਵਰ ਠੱਪ ਹੋਣ ਕਾਰਣ ਬਿਜਲੀ ਸੰਕਟ ਪੈਦਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਭਾਈ ਮੋਹਕਮ ਸਿੰਘ ਤੇ ਭਾਈ ਮਨਜੀਤ ਸਿੰਘ ਭੋਮਾ ਦੀ ਦੋਗਲੀ ਨੀਤੀ 'ਤੇ ਚੁੱਕੇ ਸਵਾਲ
ਦੱਸਣਯੋਗ ਹੈ ਕਿ ਦਰਅਸਲ ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ 'ਚ ਮਾਲ ਗੱਡੀਆਂ 'ਤੇ ਬ੍ਰੇਕ ਲੱਗੀ ਹੋਈ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪੀਲ ਮਗਰੋਂ ਕਿਸਾਨ ਮਾਲ ਗੱਡੀਆਂ ਨੂੰ ਰਾਹ ਦੇਣ 'ਤੇ ਰਾਜ਼ੀ ਹੋ ਗਏ ਸਨ ਪਰ 24 ਅਕਤੂਬਰ ਨੂੰ ਕੁਝ ਥਾਵਾਂ 'ਤੇ ਕਿਸਾਨਾਂ ਨੇ ਫਿਰ ਤੋਂ ਮਾਲ ਗੱਡੀਆਂ ਰੋਕੀਆਂ, ਜਿਸ ਤੋਂ ਰੇਲਵੇ ਨੇ ਪੰਜਾਬ 'ਚ ਮਾਲ ਗੱਡੀਆਂ ਦੀਆਂ ਸੇਵਾਵਾਂ ਰੋਕ ਦਿੱਤੀਆਂ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ਪਾਵਰ ਪਲਾਂਟ 'ਚ ਕੋਲਾ ਮੁੱਕਣ 'ਤੇ ਆਖਰੀ ਤੀਜਾ ਯੂਨਿਟ ਬੰਦ
ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਸੇਵਾਵਾਂ ਬਹਾਲ ਕਰਵਾਉਣ 'ਚ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਸੀ ਪਰ ਰੇਲ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਪੰਜਾਬ ਸਰਕਾਰ ਮਾਲ-ਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਦੀ ਮੁੜ ਬਹਾਲੀ ਯਕੀਨੀ ਬਣਾਵੇ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਲਵੇ। ਕੇਂਦਰ ਅਤੇ ਪੰਜਾਬ ਵਿਚਲੀ ਖਿੱਚੋਤਾਣ ਦੌਰਾਨ ਮਾਲ ਗੱਡੀਆਂ ਫਿਲਹਾਲ ਰੁਕੀਆਂ ਹੋਈਆਂ ਹਨ, ਜਿਸ ਕਾਰਣ ਰੂਪਨਗਰ, ਬਠਿੰਡਾ ਦੇ ਲਹਿਰਾ ਮੁਹੱਬਤ, ਮਾਨਸਾ ਦੇ ਤਲਵੰਡੀ ਸਾਬੋ, ਪਟਿਆਲਾ ਦੇ ਰਾਜਪੁਰਾ ਅਤੇ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਦੇ ਸਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਕੋਲਾ ਨਾ ਪਹੁੰਚਣ ਕਾਰਣ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਇਸ ਸਮੇਂ ਸੂਬੇ 'ਚ 5456 ਮੈਗਾਵਾਟ ਬਿਜਲੀ ਦੀ ਮੰਗ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਮੁੱਖ ਤੌਰ 'ਤੇ ਪਣਬਿਜਲੀ ਯੋਜਨਾ ਵਾਣ 'ਤੇ ਨਿਰਭਰ ਹੋ ਗਿਆ ਹੈ।
ਇਹ ਵੀ ਪੜ੍ਹੋ : ਕੇਂਦਰੀ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪੰਜਾਬ ਨੂੰ ਨਿਸ਼ਾਨਾ ਨਾ ਬਣਾਵੇ ਕੇਂਦਰ : ਸੁਖਬੀਰ ਬਾਦਲ