ਡੇਂਗੂ ਦੇ ਕਹਿਰ ਨੂੰ ਲੈ ਕੇ ਲੋਕਾਂ ''ਚ ਦਹਿਸ਼ਤ

Sunday, Oct 29, 2017 - 06:33 AM (IST)

ਡੇਂਗੂ ਦੇ ਕਹਿਰ ਨੂੰ ਲੈ ਕੇ ਲੋਕਾਂ ''ਚ ਦਹਿਸ਼ਤ

ਅੰਮ੍ਰਿਤਸਰ,   (ਦਲਜੀਤ)-  ਡੇਂਗੂ ਦੇ ਵਧ ਰਹੇ ਕਹਿਰ ਨੂੰ ਲੈ ਕੇ ਲੋਕਾਂ 'ਚ ਭਾਰੀ ਦਹਿਸ਼ਤ ਹੈ। ਤਾਪਮਾਨ ਘਟਣ ਦੇ ਬਾਵਜੂਦ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਘਟਣ ਦੀ ਬਜਾਏ ਦਿਨੋ-ਦਿਨ ਵਧਦੀ ਜਾ ਰਹੀ ਹੈ। ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਜਿੱਥੇ 6500 ਤੋਂ ਉਪਰ ਟੱਪ ਗਈ ਹੈ, ਉਥੇ ਹੀ ਇਕ ਦਰਜਨ ਤੋਂ ਵਧੇਰੇ ਮਰੀਜ਼ਾਂ ਦੀ ਡੇਂਗੂ ਨਾਲ ਮੌਤ ਵੀ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਕੀਤੀ ਜਾ ਰਹੀ ਢਿੱਲੀ ਕਾਰਵਾਈ ਨੂੰ ਵੇਖਦਿਆਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਹਾਲ ਹੀ 'ਚ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ 'ਤੇ ਪਾਣੀ ਫੇਰਦਿਆਂ ਪੰਜਾਬ 'ਚ ਵਧੇਰੇ ਪ੍ਰਾਈਵੇਟ ਹਸਪਤਾਲ ਤੇ ਲੈਬਾਰਟਰੀਆਂ ਮਰੀਜ਼ਾਂ ਦਾ ਅੰਕੜਾ ਦੇਣ ਲਈ ਜ਼ਰਾ ਕੁ ਵੀ ਸਹਿਯੋਗ ਨਹੀਂ ਕਰ ਰਹੀਆਂ ਹਨ। 
 ਜ਼ਿਲੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ 90 ਤੋਂ ਵਧੇਰੇ ਪ੍ਰਾਈਵੇਟ ਹਸਪਤਾਲ ਤੇ 45 ਤੋਂ ਜ਼ਿਆਦਾ ਪ੍ਰਾਈਵੇਟ ਲੈਬਾਰਟਰੀਆਂ ਹਨ, ਜੋ ਡੇਂਗੂ ਦੇ ਮਰੀਜ਼ਾਂ ਦੀ ਸੰਖੇਪ ਜਾਣਕਾਰੀ ਦੇ ਰਹੀਆਂ ਹਨ ਜਦਕਿ ਸਿਹਤ ਵਿਭਾਗ ਅਧੂਰੇ ਅੰਕੜੇ ਲੈ ਕੇ ਡੇਂਗੂ ਦੀ ਰੋਕਥਾਮ ਕਰਨ ਦਾ ਜ਼ਿਲੇ 'ਚ ਦਾਅਵਾ ਕਰ ਰਿਹਾ ਹੈ। ਅੰਮ੍ਰਿਤਸਰ ਵਿਚ ਪਿਛਲੇ ਸਾਲ ਡੇਂਗੂ ਦੇ 1358 ਮਰੀਜ਼ ਪਾਏ ਗਏ ਸਨ, ਜਿਨ੍ਹਾਂ 'ਚੋਂ 3 ਮਰੀਜ਼ਾਂ ਦੀ ਮੌਤ ਹੋ ਗਈ ਸੀ। ਜਦਕਿ ਇਸ ਵਾਰ ਸਰਕਾਰੀ ਅੰਕੜਿਆਂ ਅਨੁਸਾਰ 85 ਮਰੀਜ਼ ਪਾਏ ਗਏ ਹਨ ਤੇ ਹੋਰ ਸਰਕਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਮਰੀਜ਼ਾਂ ਦੀ ਗਿਣਤੀ 200 ਤੋਂ ਵਧੇਰੇ ਹੈ। ਸੂਬੇ 'ਚ ਡੇਂਗੂ ਦੇ ਵਧ ਰਹੇ ਕਹਿਰ ਨੂੰ ਵੇਖਦਿਆਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਸਪੱਸ਼ਟ ਕੀਤਾ ਹੈ ਕਿ ਸਰਕਾਰ ਤੇ ਸਿਹਤ ਵਿਭਾਗ ਡੇਂਗੂ 'ਤੇ ਨਕੇਲ ਕੱਸਣ 'ਚ ਫੇਲ ਸਾਬਿਤ ਹੋਇਆ ਹੈ। ਮਾਣਯੋਗ ਹਾਈਕੋਰਟ ਵੱਲੋਂ ਵੱਖ-ਵੱਖ ਅਖ਼ਬਾਰਾਂ 'ਚ ਛਪੀਆਂ ਖ਼ਬਰਾਂ ਤੋਂ ਬਾਅਦ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਗਈ ਹੈ।
ਨਵੰਬਰ ਤੱਕ ਜਾਰੀ ਰਹੇਗਾ ਡੇਂਗੂ ਦਾ ਕਹਿਰ : ਪੰਜਾਬ 'ਚ ਭਾਵੇਂ ਤਾਪਮਾਨ ਘੱਟ ਗਿਆ ਹੈ ਪਰ ਡੇਂਗੂ ਦਾ ਮੱਛਰ 15 ਨਵੰਬਰ ਤੱਕ ਆਪਣਾ ਕਹਿਰ ਜਾਰੀ ਰੱਖੇਗਾ। ਸਿਹਤ ਵਿਭਾਗ ਅਨੁਸਾਰ ਜੂਨ ਮਹੀਨੇ 'ਚ ਡੇਂਗੂ ਦਾ ਆਤੰਕ ਸ਼ੁਰੂ ਹੁੰਦਾ ਹੈ ਤੇ 15 ਨਵੰਬਰ ਤੱਕ ਇਹ ਜਾਰੀ ਰਹਿੰਦਾ ਹੈ। ਸਿਹਤ ਵਿਭਾਗ ਹੁਣ ਹਾਈਕੋਰਟ ਵੱਲੋਂ ਪਈ ਝਾੜ ਤੋਂ ਬਾਅਦ ਹੁਣ ਸਿਹਤ ਵਿਭਾਗ ਪ੍ਰਮਾਤਮਾ ਅੱਗੇ ਅਰਦਾਸ ਕਰ ਰਿਹਾ ਹੈ ਕਿ ਜਲਦ ਤੋਂ ਜਲਦ ਬਾਰਿਸ਼ ਪੈ ਕੇ ਸਰਦੀ ਆਵੇ ਤੇ ਡੇਂਗੂ ਦਾ ਕਹਿਰ ਸੂਬੇ 'ਚੋਂ ਖਤਮ ਹੋ ਜਾਵੇ। 
ਸਰਕਾਰੀ ਵਾਰਡਾਂ 'ਚ ਆਏ 49 ਮਰੀਜ਼ : ਸਿਹਤ ਵਿਭਾਗ ਵੱਲੋਂ ਜ਼ਿਲੇ 'ਚ ਡੇਂਗੂ ਦੀ ਰੋਕਥਾਮ ਲਈ ਗੁਰੂ ਨਾਨਕ ਦੇਵ ਹਸਪਤਾਲ ਤੇ ਸਿਵਲ ਹਸਪਤਾਲ 'ਚ ਜ਼ਿਲਾ ਪੱਧਰੀ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਬਣਾਏ ਗਏ ਵਿਸ਼ੇਸ਼ ਵਾਰਡਾਂ 'ਚ ਹੁਣ ਤੱਕ 49 ਮਰੀਜ਼ ਹੀ ਆਏ ਹਨ, ਜਦਕਿ ਪ੍ਰਾਈਵੇਟ ਹਸਪਤਾਲਾਂ ਵਿਚ ਸੈਂਕੜਿਆਂ ਦੀ ਤਾਦਾਦ 'ਚ ਮਰੀਜ਼ ਦਾਖਲ ਹੋਏ ਹਨ। ਸਿਹਤ ਵਿਭਾਗ ਅਧੂਰੇ ਅੰਕੜੇ ਲੈ ਕੇ ਡੇਂਗੂ ਦੀ ਰੋਕਥਾਮ ਕਰਨ ਦਾ ਦਾਅਵਾ ਕਰ ਰਿਹਾ ਹੈ।


Related News