ਦਮਦਮੀ ਟਕਸਾਲ ਨੇ ਬਾਬਾ ਹਰਨਾਮ ਖ਼ਾਲਸਾ ਦੀ ਅਗਵਾਈ 'ਚ ਕਰਵਾਇਆ 5ਵਾਂ ਅੰਤਰਰਾਸ਼ਟਰੀ ਸੈਮੀਨਾਰ

10/21/2019 10:16:16 AM

ਮੋਗਾ (ਗੋਪੀ ਰਾਊਕੇ) - ਦਮਦਮੀ ਟਕਸਾਲ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਗੁਰੂ ਨਾਨਕ ਕਾਲਜ ਵਿਖੇ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਰਟਰ ਗੁ. ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ 50 ਸਾਲਾ ਅਰਧ ਸ਼ਤਾਬਦੀ ਨੂੰ ਸਮਰਪਿਤ 5ਵਾਂ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ। ਇਸ ਤੋਂ ਪਹਿਲਾਂ ਪੰਥ 'ਚ ਜਾਗ੍ਰਿਤੀ ਪੈਦਾ ਕਰਨ ਲਈ ਅੰਮ੍ਰਿਤਸਰ, ਨਵੀਂ ਦਿੱਲੀ, ਪਟਿਆਲਾ ਅਤੇ ਮੁੰਬਈ 'ਚ ਸੈਮੀਨਾਰ ਕਰਵਾਏ ਜਾ ਚੁੱਕੇ ਹਨ।ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਮੁੱਦਿਆਂ ਪ੍ਰਤੀ ਵਿਦਵਾਨਾਂ 'ਚ ਸੰਵਾਦ ਰਚਾਉਣ ਲਈ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਕੂਮਤਾਂ ਘੱਟ ਗਿਣਤੀ ਕੌਮਾਂ ਨੂੰ ਦਬਾਉਣ 'ਤੇ ਉਤਾਰੂ ਹਨ। ਸਿੱਖ ਇਕ ਮਾਰਸ਼ਲ ਕੌਮ ਹੈ, ਜੋ ਰਾਜਭਾਗ ਸਥਾਪਿਤ ਕਰਨ 'ਚ ਸਮਰੱਥ ਹੈ। ਸਿੱਖੀ ਸਿਧਾਂਤਾਂ ਅਤੇ ਨਿਸ਼ਾਨਾਂ ਨੂੰ ਨਿਸ਼ਾਨਾ ਬਣਾਉਣ ਤੇ ਕੌਮੀ ਸ਼ਖ਼ਸੀਅਤਾਂ ਦੇ ਚਰਿੱਤਰ ਹਨਨ ਲਈ ਵਿਰੋਧੀਆਂ ਵਲੋਂ ਸਾਡੇ ਵਰਗੇ ਸਰੂਪ ਵਾਲਿਆਂ ਨੂੰ ਅੱਗੇ ਕੀਤਾ, ਜੋ ਸਾਡੇ ਲਈ ਵੱਡੀ ਚੁਣੌਤੀ ਹੈ, ਜਿਸ ਪ੍ਰਤੀ ਕੌਮ ਨੂੰ ਸੁਚੇਤ ਰੂਪ 'ਚ ਸਮੇਂ ਸਿਰ ਲਕੀਰ ਖਿੱਚਣ ਹੋਣ ਦੀ ਲੋੜ ਹੈ।

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੌਮ ਦੀ ਵਿਚਾਰਧਾਰਾ ਤੇ ਸਿਧਾਂਤ 'ਤੇ ਹੋ ਰਹੇ ਬੌਧਿਕ ਹਮਲਿਆਂ ਨੂੰ ਰੋਕਣ ਲਈ ਵੱਡੀ ਘਾਲਣਾ ਦੀ ਲੋੜ ਹੈ। ਉਨ੍ਹਾਂ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਜਦ ਵੀ ਕਿਸੇ ਸਿੱਖ 'ਤੇ ਮੁਸੀਬਤ ਆਉਂਦੀ ਹੈ ਤਾਂ ਦੁਨੀਆ ਭਰ ਦੇ ਸਿੱਖ ਉੱਠ ਖੜ੍ਹੇ ਹੁੰਦੇ ਹਨ। ਬਾਬਾ ਲੱਖਾ ਸਿੰਘ ਨਾਨਕਸਰ ਨੇ ਕਿਹਾ ਕਿ ਸਾਡੇ ਹੀ ਪਹਿਰਾਵੇ 'ਚ ਕੁਝ ਲੋਕ ਗੁਰਮਤਿ, ਗੁਰਬਾਣੀ ਅਤੇ ਗੁਰ-ਇਤਿਹਾਸ 'ਤੇ ਕਿੰਤੂ ਕਰ ਰਹੇ ਹਨ, ਜਿਨ੍ਹਾਂ ਪ੍ਰਤੀ ਸੁਚੇਤ ਹੁੰਦਿਆਂ ਪਹਿਰਾ ਦੇਣ ਦੀ ਲੋੜ ਹੈ। ਸੰਤ ਬਾਬਾ ਪ੍ਰਦੀਪ ਸਿੰਘ ਬੋਰੇਵਾਲ ਨੇ ਬਾਬਾ ਹਰਨਾਮ ਸਿੰਘ ਖ਼ਾਲਸਾ ਵਲੋਂ ਕੀਤੇ ਜਾ ਰਹੇ ਪੰਥਕ ਕਾਰਜਾਂ ਤੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸ਼ਰਧਾਹੀਣਾਂ ਵਲੋਂ ਮਰਿਆਦਾ 'ਤੇ ਟੀਕਾ-ਟਿੱਪਣੀ ਕਰਨ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਟਕਸਾਲ ਨੂੰ ਜੀਵਨ-ਜਾਚ ਸਿਖਾਉਣ ਦਾ ਗੜ੍ਹ ਦੱਸਿਆ। ਮੁੱਖ ਮਹਿਮਾਨ ਨਿਰਮਲ ਸਿੰਘ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਨੇ ਸੰਤ ਭਿੰਡਰਾਂਵਾਲਾ ਦੀ ਅਧਿਆਤਮਿਕਤਾ 'ਤੇ ਰੌਸ਼ਨੀ ਪਾਈ। ਜਥੇਦਾਰ ਤੋਤਾ ਸਿੰਘ ਨੇ ਦਮਦਮੀ ਟਕਸਾਲ ਦੇ ਉੱਦਮ ਨੂੰ ਸਲਾਹਿਆ। ਸਿੱਖ ਚਿੰਤਕ ਹਰਭਜਨ ਸਿੰਘ ਦੇਹਰਾਦੂਨ ਨੇ ਕਿਹਾ ਕਿ ਦਮਦਮੀ ਟਕਸਾਲ ਪੰਥ ਦਾ ਸਭ ਤੋਂ ਕੀਮਤੀ ਸਰਮਾਇਆ ਹੈ।

ਪ੍ਰੋ. ਸੁਖਦਿਆਲ ਸਿੰਘ ਨੇ ਵੀਰ ਰਸ 'ਚ ਆਉਂਦਿਆਂ ਹਕੂਮਤ ਵਲੋਂ ਸਿੱਖ ਕੌਮ ਨਾਲ ਕੀਤੇ ਗਏ ਵਿਸ਼ਵਾਸਘਾਤ ਅਤੇ ਵਿਤਕਰਿਆਂ ਲਈ ਸਖ਼ਤ ਆਲੋਚਨਾ ਕੀਤੀ ਤੇ ਸੱਤਾ 'ਚ ਰਹਿ ਕੇ ਪੰਜਾਬ ਦੇ ਮਸਲੇ ਹੱਲ ਨਾ ਕਰਵਾ ਸਕਣ ਲਈ ਪੰਜਾਬ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ। ਗੁਰਚਰਨ ਸਿੰਘ ਲਾਂਬਾ ਨੇ ਕਿਹਾ ਕਿ 1947 ਤੋਂ ਬਾਅਦ ਸਰਕਾਰੀ ਸਰਪ੍ਰਸਤੀ ਨਾਲ ਗੁਰੂਡੰਮ ਦਾ ਸਿਲਸਿਲਾ ਤੇਜ਼ ਹੋਇਆ ਹੈ। ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਸਿੱਖ ਕੌਮ ਬਿਬੇਕੀਆਂ ਦਾ ਪੰਥ ਹੈ, ਨਾ ਕਿ ਤਰਕਸ਼ੀਲਾਂ ਦਾ। ਉਨ੍ਹਾਂ ਸਿੱਖ ਪ੍ਰੰਪਰਾਵਾਂ ਅਤੇ ਇਤਿਹਾਸਕਾਰ ਸ਼ਖ਼ਸੀਅਤਾਂ ਨੂੰ ਨੀਵੇਂ ਦਿਖਾਉਣ ਵਾਲੇ ਪ੍ਰਚਾਰਕਾਂ ਤੋਂ ਦੂਰੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਮੰਚ ਸੰਚਾਲਨ ਦੀ ਸੇਵਾ ਬਾਬਾ ਜੀਵਾ ਸਿੰਘ ਨੇ ਨਿਭਾਈ। ਦਮਦਮੀ ਟਕਸਾਲ ਮੁਖੀ ਨੇ ਮੌਜੂਦਾ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਮੌਕੇ ਮਹਿਤਾ ਚੌਕ ਵਿਖੇ 23-24-25 ਅਕਤੂਬਰ 2019 ਨੂੰ ਹੋ ਰਹੇ ਗੁਰਮਤਿ ਸਮਾਗਮਾਂ 'ਚ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।ਇਸ ਮੌਕੇ ਭਾਈ ਜਸਬੀਰ ਸਿੰਘ ਖ਼ਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਈਸ਼ਰ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਹਰਜਿੰਦਰ ਸਿੰਘ ਜਿੰਦੂ, ਭਾਈ ਕੁਲਵੰਤ ਸਿੰਘ ਭਾਈ ਕੀ ਸਮਾਧ, ਭਾਈ ਅਜੈਬ ਸਿੰਘ ਅਭਿਆਸੀ ਆਦਿ ਮੌਜੂਦ ਸਨ।


rajwinder kaur

Content Editor

Related News