ਦਲਵੀਰ ਗੋਲਡੀ ਮੁੜ ਵਿਜੀਲੈਂਸ ਦਫਤਰ ਵਿਖੇ ਪੇਸ਼, ਕਿਹਾ ਲੋਕ ਸਭਾ ਹਲਕਾ ਸੰਗਰੂਰ ਤੋਂ ਹਰ ਹਾਲ ’ਚ ਚੋਣ ਲੜਾਂਗਾ
Friday, Mar 01, 2024 - 05:46 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਕਾਂਗਰਸ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅੱਜ ਮੁੜ ਇਕ ਸ਼ਿਕਾਇਤ ਦੇ ਮਾਮਲੇ ਵਿਚ ਵਿਜੀਲੈਂਸ ਦੇ ਦਫਤਰ ਸੰਗਰੂਰ ਵਿਖੇ ਪੁੱਜੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਿਰ ਗੁਰੂ ਤੋਂ ਬਿਨਾਂ ਕਦੇ ਵੀ ਕਿਸੇ ਅੱਗੇ ਨਹੀਂ ਝੁਕੇਗਾ, ਰਹੀ ਗੱਲ ਭ੍ਰਿਸ਼ਟਾਚਾਰ ਕਰਨ ਦੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਤੇ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਵਿਚ ਆਪਣੀ ਆਮਦਨ ਨਾਲ ਸਬੰਧਤ ਲਿਖਤੀ ਹਲਫੀਆ ਬਿਆਨ ਦਿੱਤਾ ਹੋਇਆ ਹੈ ਅਤੇ ਜੇਕਰ ਉਸ ਹਲਫੀਆ ਬਿਆਨ ਤੋਂ ਵੱਧ ਕੋਈ ਵੀ ਜਾਇਦਾਦ ਜਾਂ ਪ੍ਰਾਪਰਟੀ, ਪੈਸਾ ਕੋਈ ਵੀ ਜਾਂਚ ਟੀਮ ਸਾਹਮਣੇ ਲੈ ਕੇ ਆਉਂਦੀ ਹੈ ਤਾਂ ਉਹ ਆਪਣਾ ਸਿਰ ਜਨਤਕ ਤੌਰ ’ਤੇ ਕਲਮ ਕਰਵਾਉਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਤੇ ਸਿਰਫ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਗੋਲਡੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਇਸ ਤਰ੍ਹਾਂ ਕੋਈ ਵੀ ਭ੍ਰਿਸ਼ਟਾਚਾਰ ਸਬੰਧੀ ਦੋਸ਼ ਸਾਬਤ ਨਹੀਂ ਹੁੰਦੇ ਤਾਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰ ਨੂੰ ਵੀ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ।
ਦਲਵੀਰ ਸਿੰਘ ਗੋਲਡੀ ਨੇ ਅੱਗੇ ਕਿਹਾ ਕਿ ਹਲਕਾ ਵਿਧਾਇਕ ਕੋਲ ਕੋਈ ਵੀ ਅਜਿਹਾ ਫੰਡ ਨਹੀਂ ਜਿਸ ਨੂੰ ਉਹ ਆਪਣੇ ਤਰੀਕੇ ਨਾਲ ਖਰਚ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਉਂਦੇ ਫੰਡਾਂ ਨੂੰ ਡਿਪਟੀ ਕਮਿਸ਼ਨਰ, ਐਡੀਸ਼ਨਲ ਡਿਪਟੀ ਕਮਿਸ਼ਨਰ, ਡੀ.ਡੀ.ਪੀ.ਓ ਅਤੇ ਵੱਖ-ਵੱਖ ਅਧਿਕਾਰੀ ਉਸ ਸਬੰਧੀ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਨੂੰ ਪੂਰੀਆਂ ਕਰਦੇ ਹਨ ਅਤੇ ਉਹ ਪੈਸਾ ਪਿੰਡਾਂ ਵਿਚ ਖਰਚ ਕੀਤਾ ਜਾਂਦਾ ਹੈ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਹੇਰਾਫੇਰੀ ਕੀਤੀ ਗਈ ਹੈ ਤਾਂ ਉਹ ਪਿਛਲੇ ਪੰਜ ਸਾਲਾਂ ਦੇ ਅਫਸਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਸਾਹਮਣੇ ਬਿਠਾਉਣਾ ਅਤੇ ਇਸ ਮਾਮਲੇ ਦੀ ਜਾਂਚ ਦਾ ਸਾਹਮਣਾ ਕਰਨ ਨੂੰ ਉਹ ਤਿਆਰ ਹਨ। ਗੋਲਡੀ ਨੇ ਕਿਹਾ ਕਿ ਅਫਸਰ ਜਾਂ ਅਧਿਕਾਰੀ ਸਰਕਾਰ ਦੇ ਦਬਾਅ ਹੇਠ ਕਿਸੇ ਵੀ ਵਿਅਕਤੀ ’ਤੇ ਕੋਈ ਪਰਚਾ ਦਰਜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਮਾਮਲਾ ਉਨ੍ਹਾਂ ਨਾਲ ਵਾਪਰਦਾ ਹੈ ਤਾਂ ਉਹ ਇਸ ਸਬੰਧੀ ਮਾਨਯੋਗ ਅਦਾਲਤ ਵਿਚ ਜਾਣਗੇ ਅਤੇ ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ ਵਿਵਸਥਾ ਉੱਪਰ ਪੂਰਾ ਭਰੋਸਾ ਹੈ ਕਿ ਮਾਮਲੇ ਦੀ ਵਧੀਆ ਤਰੀਕੇ ਨਾਲ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਸ਼ਨ ਪੁੱਛੇ ਜਾ ਰਹੇ ਹਨ ਜਿਨ੍ਹਾਂ ਦਾ ਬੰਦੇ ਦੀ ਨਿੱਜੀ ਜ਼ਿੰਦਗੀ ਨਾਲ ਸਬੰਧ ਹੈ।
ਉਨ੍ਹਾਂ ਕਿਹਾ ਕਿ ਜੋ ਵਿਜੀਲੈਂਸ ਵਿਭਾਗ ਵੱਲੋਂ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਉਨ੍ਹਾਂ ਦੀ ਪ੍ਰਾਪਰਟੀ ਸਬੰਧੀ ਵੇਰਵੇ ਮੰਗੇ ਗਏ ਹਨ। ਉਹ ਵਿਜੀਲੈਂਸ ਵਿਭਾਗ ਤੋਂ ਇਸ ਦਾ ਜਵਾਬ ਮੰਗਦੇ ਹਨ, ਜੇਕਰ ਕੋਈ ਉਨ੍ਹਾਂ ਨੂੰ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਉਨ੍ਹਾਂ ਦੀ ਪ੍ਰਾਪਰਟੀ ਸਬੰਧੀ ਵੇਰਵੇ ਪ੍ਰਾਪਤ ਹੋਏ ਹਨ ਤਾਂ ਉਹ ਵੀ ਜਨਤਕ ਕੀਤੇ ਜਾਣ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਆਉਣ ਵਾਲੀ ਲੋਕ ਸਭਾ ਦੀ ਚੋਣ ਹਰ ਹਾਲਤ ਵਿਚ ਸੰਗਰੂਰ ਤੋਂ ਲੜਨਗੇ ਬੇਸ਼ੱਕ ਸਰਕਾਰ ਉਨ੍ਹਾਂ ’ਤੇ ਕਿੰਨੇ ਹੀ ਪਰਚੇ ਦਰਜ ਕਿਉਂ ਨਾ ਕਰਵਾ ਦੇਵੇ। ਗੋਲਡੀ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਚੱਲ ਰਹੇ ਕੰਮਕਾਰ ਵੀ ਬੰਦ ਕਰਵਾਏ ਜਾ ਰਹੇ ਹਨ ਅਤੇ ਵਾਰ-ਵਾਰ ਅਧਿਕਾਰੀਆਂ ਅਫਸਰਾਂ ਵੱਲੋਂ ਇਕ ਹੀ ਸਵਾਲ ਕਰਕੇ ਕੀਤਾ ਜਾ ਰਿਹਾ ਹੈ ਕਿ ਤੁਸੀਂ ਕੀ ਲੋਕ ਸਭਾ ਦੀ ਚੋਣ ਲੜੋਗੇ। ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਹਰ ਹਾਲਤ ਵਿਚ ਲੋਕ ਸਭਾ ਦੀ ਚੋਣ ਲੜਨਗੇ ਕਿਉਂਕਿ ਉਨ੍ਹਾਂ ਵੱਲੋਂ ਕੀਤੀ ਗਈ ਦਿਨ ਰਾਤ ਦੀ ਮਿਹਨਤ ਅਤੇ ਲੋਕਾਂ ਦਾ ਮਿਲ ਰਿਹਾ ਪਿਆਰ ਉਨ੍ਹਾਂ ਦੇ ਨਾਲ ਹੈ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਡਰਾਉਣ ਧਮਕਾਉਣ ਲਈ ਟੈਲੀਫੋਨ ਵੀ ਆਉਂਦੇ ਰਹੇ ਹਨ ਅਤੇ ਫਿਰ ਉਸਦੇ ਪਿਤਾ ਨੂੰ ਵੀ ਇਸ ਤਰ੍ਹਾਂ ਦੇ ਧਮਕੀਆਂ ਭਰੇ ਫੋਨ ਆਉਂਦੇ ਰਹੇ ਹਨ। ਜਿਸ ਸਬੰਧੀ ਉਨ੍ਹਾਂ ਸਮੇਂ-ਸਮੇਂ ਸਿਰ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਵੀ ਦਿੱਤੀ। ਪ੍ਰੰਤੂ ਕਦੇ ਵੀ ਕਿਸੇ ਸਕਿਓਰਿਟੀ ਦੀ ਮੰਗ ਨਹੀਂ ਕੀਤੀ ਸਗੋਂ ਇਮਾਨਦਾਰੀ ਨਾਲ ਕੰਮ ਕਰਦੇ ਰਹੇ। ਉਹਨਾਂ ਕਿਹਾ ਕਿ ਜੇਕਰ ਮੇਰਾ ਜਾ ਮੇਰੇ ਕਿਸੇ ਪਰਿਵਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਸ ਦੀ ਜਿੰਮੇਵਾਰੀ ਅਫਸਰਾਂ ਅਧਿਕਾਰੀਆਂ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਗੋਲਡੀ ਨਾਲ ਹੋਰ ਵੀ ਆਗੂ ਹਾਜ਼ਰ ਸਨ।