ਕਾਂਗਰਸ ਦੀਆਂ ਹਰਕਤਾਂ ਕਾਰਨ ਹੋ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ: ਦਲਜੀਤ ਸਿੰਘ ਚੀਮਾ
Wednesday, Sep 12, 2018 - 01:49 PM (IST)

ਰੂਪਨਗਰ (ਸੱਜਣ ਸੈਣੀ)— ਬਲਾਕ ਸਮਿਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅੱਜ ਨੂਰਪੁਰਬੇਦੀ ਪਹੁੰਚੇ ਅਤੇ ਚੋਣਾਂ ਸਬੰਧੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਹਰਕਤਾਂ ਦੇ ਕਾਰਨ ਹੀ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ। ਕਾਂਗਰਸ ਲੋਕਾਂ ਨੂੰ ਧਾਰਮਿਕ ਤੌਰ 'ਤੇ ਆਪਸ 'ਚ ਲੜਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੜੀ ਹੀ ਮੁਸ਼ਕਿਲ ਨਾਲ ਪੰਜਾਬ ਦਾ ਮਾਹੌਲ ਠੀਕ ਹੋਇਆ ਹੈ ਅਤੇ ਕਾਂਗਰਸ ਦੋਬਾਰਾ ਪੰਜਾਬ ਦਾ ਮਾਹੌਲ ਖਰਾਬ ਕਰਨ 'ਚ ਲੱਗੀ ਹੋਈ ਹੈ।
ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬੋਲਦੇ ਹੋਏ ਸਰਕਾਰ ਪਹਿਲੇ ਦਿਨ ਤੋਂ ਹੀ ਇਸ 'ਤੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਸੀ ਕਿ ਸੀ. ਬੀ. ਆਈ. ਨੂੰ ਕੇਸ ਦਿੱਤਾ ਜਾਵੇ ਪਰ ਸਰਕਾਰ ਨੂੰ ਪਤਾ ਹੈ ਕਿ ਜੇਕਰ ਸੀ. ਬੀ. ਆਈ. ਨੂੰ ਕੇਸ ਦੇ ਦਿੱਤਾ ਤਾਂ ਉਨ੍ਹਾਂ ਦਾ ਝੂਠ ਸਾਹਮਣੇ ਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਿਟ ਬਾਰੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਐੱਸ. ਆਈ. ਟੀ. 'ਚ ਆਪਣੀ ਮਨਮਰਜ਼ੀ ਨਾਲ ਅਫਸਰ ਲਗਾ ਕੇ ਸਰਕਾਰ ਮਨਮਰਜ਼ੀ ਕਰਨਾ ਚਾਹੁੰਦੀ ਹੈ ਪਰ ਉਹ ਕਿਸੇ ਵੀ ਸਿਟ ਤੋਂ ਡਰਨ ਵਾਲੇ ਨਹੀਂ ਹਨ।