ਸਰਪੰਚ ਵੱਲੋਂ ਦਲਿਤ ਪਰਿਵਾਰਾਂ ਨਾਲ ਧੱਕੇਸ਼ਾਹੀ
Wednesday, Jun 14, 2017 - 04:41 PM (IST)
ਬਿਆਸ - ਪਿੰਡ ਅਹਿਮਦਗੜ੍ਹ ਦੇ 20-25 ਪਰਿਵਾਰਾਂ ਨਾਲ ਸ਼ਰੇਆਮ ਧੱਕੇਸ਼ਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਦਲਿਤ ਲੋਕਾਂ ਨੇ ਪਿੰਡ ਦੇ ਜ਼ਿਮੀਂਦਾਰ ਸਰਪੰਚ ਸਵਰਨ ਸਿੰਘ 'ਤੇ ਦੋਸ਼ ਲਾਇਆ ਹੈ ਕਿ ਉਕਤ ਸਰਪੰਚ ਨੇ ਦਲਿਤ ਪਰਿਵਾਰਾਂ ਦੀ ਜ਼ਮੀਨ ਨੂੰ ਮਿਲਣ ਵਾਲਾ ਪਾਣੀ ਰੋਕਣ ਲਈ ਪਿੰਡ ਦੇ ਬਣੇ ਨਾਲੇ ਨੂੰ ਬੀਤੀ ਰਾਤ ਜੇ. ਸੀ. ਬੀ. ਮਸ਼ੀਨ. ਲਾ ਕੇ ਟੋਏ ਮਾਰ ਦਿੱਤੇ, ਜਿਸ ਨਾਲ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਸਰਪੰਚ ਨੇ ਨਰੇਗਾ ਸਕੀਮ ਤਹਿਤ ਪਿੰਡ 'ਚ ਦਲਿਤ ਲੋਕਾਂ ਕੋਲੋਂ ਕੰਮ ਕਰਵਾ ਕੇ ਉਨ੍ਹਾਂ ਦੀ ਬਣਦੀ ਮਿਹਨਤ ਵੀ ਨਹੀਂ ਦਿੱਤੀ ਤੇ ਪਿੰਡ ਦੇ ਸ਼ਮਸ਼ਾਨਘਾਟ 'ਚ ਆਪਣੀ ਮਰਜ਼ੀ ਨਾਲ ਲੱਗੇ ਰੁੱਖ ਵੀ ਵੱਢ ਦਿੱਤੇ ਸਨ। ਉਕਤ ਸਾਰਾ ਮਾਮਲਾ ਐੱਸ. ਸੀ. ਕਮਿਸ਼ਨ ਚੇਅਰਮੈਨ ਰਜੇਸ਼ ਬਾਘਾ ਦੇ ਧਿਆਨ 'ਚ ਲਿਖਤੀ ਰੂਪ ਵਿਚ ਲਿਆਂਦਾ ਗਿਆ, ਜਿਸ ਦੀ ਇਕ ਕਾਪੀ ਮਾਣਯੋਗ ਡੀ. ਸੀ. ਤਰਨਤਾਰਨ ਨੂੰ ਦਿੱਤੀ ਗਈ ਹੈ।
ਇਸ ਮੌਕੇ ਭੋਲਾ ਸਿੰਘ, ਲਖਬੀਰ ਸਿੰਘ, ਮੁਨਸ਼ੀ ਰਾਮ, ਬਲਜੀਤ ਸਿੰਘ, ਕਸ਼ਮੀਰ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਲਖਵੀਰ ਸਿੰਘ, ਸ਼ਰਨਜੀਤ ਕੌਰ, ਆਸ਼ਾ ਰਾਣੀ, ਯਕੂਬ ਮਸੀਹ, ਸੋਬੀ, ਨਰਿੰਦਰ ਕੌਰ, ਰਾਜ ਕੌਰ, ਗੁਰਬਚਨ ਕੌਰ ਆਦਿ ਨੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਸਰਪੰਚ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਲੱਗੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ। ਉਕਤ ਮਾਮਲੇ ਸਬੰਧੀ ਚੇਅਰਮੈਨ ਰਜੇਸ਼ ਬਾਘਾ ਨੇ ਕਿਹਾ ਕਿ ਮਾਮਲਾ ਮੇਰੇ ਧਿਆਨ ਵਿਚ ਆ ਗਿਆ ਹੈ, ਜੋ ਵੀ ਬਣਦੀ ਕਾਰਵਾਈ ਹੋਵੇਗੀ, ਕੀਤੀ ਜਾਵੇਗੀ।
