ਵਿਦੇਸ਼ੀ ਫੰਡਿੰਗ ਨੂੰ ਲੈ ਕੇ ਡੱਲੇਵਾਲ ਦਾ ਕਿਸਾਨ ਜਥੇਬੰਦੀਆਂ ’ਤੇ ਦੋਸ਼, ਕਿਹਾ-CM ਬਣਨਾ ਚਾਹੁੰਦੇ ਨੇ ਆਗੂ (ਵੀਡੀਓ)

Monday, Dec 13, 2021 - 10:13 PM (IST)

ਚੰਡੀਗੜ੍ਹ (ਬਿਊਰੋ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਜਥੇਬੰਦੀਆਂ ’ਤੇ ਵਿਦੇਸ਼ਾਂ ’ਚੋਂ ਹੋਈ ਫੰਡਿੰਗ ਨੂੰ ਲੈ ਕੇ ਗੰਭੀਰ ਦੋਸ਼ ਲਾਏ ਹਨ।ਡੱਲੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ’ਚ ਸ਼ਾਮਲ ਜਥੇਬੰਦੀਆਂ ਵੱਲੋਂ ਵਿਦੇਸ਼ਾਂ ’ਚੋਂ 5-5 ਕਰੋੜ ਰੁਪਏ ਤਕ ਮੰਗਵਾਏ ਗਏ। ਵਿਦੇਸ਼ਾਂ ’ਚੋਂ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਪੈਸੇ ਭੇਜੇ ਗਏ ਪਰ ਇਕ ਮੈਂ ਹੀ ਹਾਂ, ਜੋ ਦਾਅਵੇ ਨਾਲ ਕਹਿੰਦਾ ਹਾਂ ਕਿ ਇਕ ਰੁਪਿਆ ਨਹੀਂ ਮੰਗਵਾਇਆ।ਉਨ੍ਹਾਂ ਦਾਅਵਾ ਕੀਤਾ ਕਿ ਮੈਂ ਬਾਂਹ ਖੜ੍ਹੀ ਕਰ ਕੇ ਕਹਿ ਸਕਦਾ ਹਾਂ ਕਿ ਕੋਈ ਐੱਨ. ਆਰ. ਆਈ. ਵੀ ਇਹ ਸਿੱਧ ਕਰੇ ਕਿ ਉਨ੍ਹਾਂ ਨੇ ਡੱਲੇਵਾਲ ਨੂੰ 5 ਰੁਪਏ ਵੀ ਭੇਜੇ ਹੋਣ। ਇਸ ਦੌਰਾਨ ਉਨ੍ਹਾਂ ਬਿਨਾਂ ਕਿਸੇ ਕਿਸਾਨ ਆਗੂ ਦਾ ਨਾਂ ਲਏ ਕਿਹਾ ਕਿ ਜਥੇਬੰਦੀਆਂ ਦੇ ਲੋਕ ਮੈਦਾਨ ’ਚ ਮੁੱਖ ਮੰਤਰੀ ਬਣਨ ਲਈ ਉਤਰੇ ਹੋਏ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਮੇਰੇ ਕੋਲ ਇਕ ਵਿਅਕਤੀ ਆਇਆ ਤੇ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਚੋਣਾਂ ’ਚ ਖੜ੍ਹੇ ਹੋਵੋ। ਮੈਂ ਉਸ ਨੂੰ ਕਿਹਾ ਕਿ ਮੇਰੀ ਜਥੇਬੰਦੀ ਦਾ ਸਿਧਾਂਤ ਹੈ ਕਿ ਜਿੰਨਾ ਚਿਰ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੰਦਾ, ਉਦੋਂ ਤਕ ਚੋਣ ਨਹੀਂ ਲੜ ਸਕਦਾ।

ਇਹ ਵੀ ਪੜ੍ਹੋ : ਕੇਜਰੀਵਾਲ ਦਾ ਦਾਅਵਾ, ਪੰਜਾਬ ’ਚ ਕੁਝ ਮਹੀਨਿਆਂ ਬਾਅਦ ਬਣਨ ਜਾ ਰਹੀ ਹੈ ਈਮਾਨਦਾਰ ਤੇ ਸਾਫ਼-ਸੁਥਰੀ ਸਰਕਾਰ

ਉਸ ਵਿਅਕਤੀ ਨੇ ਮੈਨੂੰ ਕਿਹਾ ਕਿ ਐੱਨ. ਆਰ. ਆਈ. ਵੀਰ ਕਹਿੰਦੇ ਹਨ ਕਿ ਡੱਲੇਵਾਲ ਨੂੰ ਚੋਣਾਂ ਲੜਨ ਲਈ ਮਨਾਓ ਪਰ ਮੈਂ ਉਸ ਵਿਅਕਤੀ ਨੂੰ ਕਿਹਾ ਕਿ ਕਿਸਾਨ ਅੰਦੋਲਨ ’ਚ ਐੱਨ. ਆਰ. ਆਈ. ਵੀਰਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਮੇਰੀ ਉਨ੍ਹਾਂ ਨੂੰ ਬੇਨਤੀ ਹੈ ਕਿ ਹੁਣ ਵੋਟਾਂ ਕਰਕੇ ਕਿਸਾਨ ਆਗੂਆਂ ਪਿੱਛੇ ਨਾ ਲੱਗੋ ਕਿਉਂਕਿ ਉਨ੍ਹਾਂ ਨੇ ਆਪਣਾ ਘਰ ਵੀ ਦੇਖਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਸੀਂ ਹੋਰ ਅੰਦੋਲਨ ਕਰਾਂਗੇ, ਉਸ ਸਮੇਂ ਜ਼ੋਰ ਲਾ ਦਿਓ। ਹੁਣ ਤੁਸੀਂ ਡਾਲਰਾਂ ਦੀਆਂ ਪੰਡਾਂ ਸਾਡੀ ਖਾਤਿਰ ਨਾ ਸੁੱਟਿਓ ਕਿ ਕਿਸਾਨ ਚੋਣਾਂ ਲੜ ਰਹੇ ਹਨ। ਡੱਲੇਵਾਲ ਨੇ ਕਿਹਾ ਕਿ ਐੱਨ. ਆਰ. ਆਈ. ਵੀਰਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਦਾ ਕੋਈ ਅਸੂਲ ਹੈ, ਇਸ ਲਈ ਅਸੀਂ ਇਹ ਕੰਮ ਨਹੀਂ ਕਰਨਾ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ 


author

Manoj

Content Editor

Related News