ਪੰਜਾਬ ਯੂਨੀਵਰਸਿਟੀ, ਦਰਿਆਈ ਪਾਣੀ ਤੇ ਚੰਡੀਗੜ੍ਹ ’ਤੇ ਹੱਕ ਸਿਰਫ ਪੰਜਾਬ ਦਾ: ਮੰਡ

Friday, Jul 01, 2022 - 10:20 AM (IST)

ਜਲੰਧਰ (ਚਾਵਲਾ)- ਦਲ ਖਾਲਸਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਨੂੰ ਰੋਕਣ ਲਈ ਪੰਜਾਬ ਵਿਧਾਨਸਭਾ ਨੇ ਯੂਨੀਵਰਸਿਟੀ ਦੇ ਰੁਤਬੇ ’ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀਆਂ ਕੋਸ਼ਿਸ਼ਾਂ ’ਤੇ ਰੋਕ ਲਾਉਂਦੇ ਹੋਏ ਮਤਾ ਪਾਸ ਕਰਕੇ ਸਹੀ ਸਮੇਂ ’ਤੇ ਸਹੀ ਕਦਮ ਚੁੱਕਿਆ ਹੈ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਰੋਕਣ ਲਈ ਲਿਆਂਦਾ ਗਿਆ ਮਤਾ ਚੰਗੀ ਸ਼ੁਰੂਆਤ ਹੈ ਪਰ ਪੰਜਾਬ ਨੂੰ ਇਸ ਤੋਂ ਅੱਗੇ ਵੱਧਦੇ ਹੋਏ ਪੰਜਾਬ ਪੁਨਰਗਠਨ ਐਕਟ, 1966 ਨੂੰ ਚੈਲੇਂਜ ਕਰਦੇ ਹੋਏ ਇਸ ਵਿਚ ਤਰਮੀਮ ਕਰਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਰਾਜਧਾਨੀ ਚੰਡੀਗੜ੍ਹ, ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਪੰਜਾਬ ਅਧੀਨ ਲਿਆਂਦਾ ਜਾ ਸਕੇ। ਉਨ੍ਹਾਂ ਇਸ ਕੰਮ ਲਈ ਸਮੂਹ ਪੰਜਾਬੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, PAP ਕੰਪਲੈਕਸ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ, ਪੁਲਸ ਨੂੰ ਪਈਆਂ ਭਾਜੜਾਂ

ਜ਼ਿਕਰਯੋਗ ਹੈ ਕਿ ਇਸ ਐਕਟ ਤਹਿਤ ਇਨ੍ਹਾਂ ਤਿੰਨਾਂ ਨੂੰ ਅੰਤਰ-ਰਾਜੀ ਐਲਾਨ ਕੀਤਾ ਹੋਇਆ ਹੈ ਅਤੇ ਹੁਣ ਅਦਾਲਤੀ ਅਮਲ ਰਾਹੀਂ ਪੰਜਾਬ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਕੇਂਦਰ ਅਧੀਨ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗਡ਼੍ਹ ਨੂੰ ਖੋਹਣ ਦੀ ਨੀਅਤ ਨਾਲ ਕੇਂਦਰ ਉਸ ਦੇ ਪ੍ਰਸ਼ਾਸਨਿਕ ਢਾਂਚੇ ਉੱਤੇ ਆਪਣੀ ਪਕੜ ਪਹਿਲਾਂ ਹੀ ਮਜ਼ਬੂਤ ਕਰ ਚੁੱਕਾ ਹੈ ਜੋ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਗਏ ਚੰਡੀਗਡ਼੍ਹ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਉੱਪਰ ਸਿਰਫ਼ ਪੰਜਾਬ ਦਾ ਹੱਕ ਹੈ ਪਰ 1966 ਵਿਚ ਬੜੀ ਚਾਲਾਕੀ ਨਾਲ ਚੰਡੀਗੜ੍ਹ ਨੂੰ ਕੇਂਦਰ ਸ਼ਾਸਕ ਪ੍ਰਦੇਸ਼ ਐਲਾਨ ਕਰਕੇ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਹਾਈਕੋਰਟ ਵੀ ਸਾਂਝੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ: ਜੇਲ੍ਹਾਂ ਨੂੰ ਸਵੈ-ਨਿਰਭਰ ਬਣਾਉਣ ਦੇ ਉਪਰਾਲੇ ਸ਼ੁਰੂ, 2 ਜੇਲ੍ਹ ਪੈਟਰੋਲ ਪੰਪਾਂ ਦਾ ਉਦਘਾਟਨ ਜੁਲਾਈ ’ਚ

ਉਨ੍ਹਾਂ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਪੂਰੇ ਭਾਰਤ ਵਿਚ ਪੰਜਾਬ ਹੀ ਇਕ ਸੂਬਾ ਹੈ ਜਿਸਨੂੰ ਆਪਣੀ ਰਾਜਧਾਨੀ, ਹਾਈਕੋਰਟ, ਯੂਨੀਵਰਸਿਟੀ ਦੂਜੇ ਸੂਬੇ ਨਾਲ ਸਾਂਝੇ ਕਰਨੇ ਪੈ ਰਹੇ ਹਨ। ਉਨ੍ਹਾਂ ਨੇ ਦਿੱਲੀ ਹਕੂਮਤ ’ਤੇ ਵਰ੍ਹਦਿਆਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਰਾਇਪੇਰੀਅਨ ਸਿਧਾਂਤ ਦੇ ਉਲਟ ਜਾ ਕੇ ਪੰਜਾਬ ਦੇ ਪਾਣੀਆਂ ਨੂੰ ਕੇਂਦਰ ਵੱਲੋਂ ਸੱਤਾ ਦੀ ਤਾਕਤ ਨਾਲ ਜ਼ੋਰ-ਜਬਰੀ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲੋਂ ਉਸਦੇ ਪਾਣੀਆਂ ਦਾ ਮਾਲਕੀ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਪੱਖੀ ਸਿਆਸੀ ਪਾਰਟੀਆਂ, ਸੰਗਠਨਾਂ ਤੇ ਖਾਸ ਕਰ ਕੇ ਪੰਜਾਬ ਦੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪੰਜਾਬ ਉੱਪਰੋਂ ਕੇਂਦਰ ਦੇ ਗਲਬੇ ਨੂੰ ਹਟਾਉਣ ਲਈ ਸੰਘਰਸ਼ ਕਰਨ ਲਈ ਤਿਆਰ ਰਹਿਣ।
ਇਹ ਵੀ ਪੜ੍ਹੋ: ਵਿਦੇਸ਼ੋਂ ਆਏ ਫੋਨ ਨੇ ਘਰ 'ਚ ਪੁਆਏ ਵੈਣ, ਇਟਲੀ ’ਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News