ਡੇਅਰੀ ''ਚ ਚੋਰੀ
Tuesday, Feb 13, 2018 - 11:11 PM (IST)

ਨਵਾਂਸ਼ਹਿਰ, (ਤ੍ਰਿਪਾਠੀ)- ਸ਼ਹਿਰ 'ਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ । ਬੀਤੀ ਰਾਤ ਸਥਾਨਕ ਰਾਹੋਂ ਰੋਡ ਦੇ ਮੁੱਖ ਮਾਰਗ 'ਤੇ ਅਣਪਛਾਤੇ ਚੋਰਾਂ ਦੁਆਰਾ ਇਕ ਦੁੱਧ ਦੀ ਡੇਅਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ । ਚੋਰਾਂ ਦੇ ਬੁਲੰਦ ਹੌਸਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਣਪਛਾਤੇ ਚੋਰ ਦੁੱਧ ਦੀ ਡੇਅਰੀ ਮਾਲਕ ਦੀ ਨਾਲ ਹੀ ਸਥਿਤ ਵਰਕਸ਼ਾਪ ਦੇ ਅੰਦਰ ਦੀਵਾਰ ਟੱਪ ਕੇ ਵੜੇ ਤੇ ਸ਼ਟਰ ਤੋੜਨ ਦਾ ਸਾਮਾਨ ਚੁੱਕ ਕੇ ਘਟਨਾ ਨੂੰ ਅੰਜਾਮ ਦੇ ਕੇ ਚਲੇ ਗਏ। ਦੁਕਾਨ ਮਾਲਕ ਅਸ਼ੋਕ ਬਜਾਜ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 9 ਵਜੇ ਉਹ ਆਪਣੀ ਡੇਅਰੀ ਬੰਦ ਕਰ ਕੇ ਗਏ ਸਨ । ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਜਦੋਂ 6 ਵਜੇ ਡੇਅਰੀ 'ਤੇ ਆਏ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਤੇ ਸ਼ਟਰ ਤੋੜਨ ਲਈ ਇਸਤੇਮਾਲ ਕੀਤਾ ਸਾਮਾਨ ਵੀ ਉਥੇ ਹੀ ਪਿਆ ਹੋਇਆ ਸੀ ਜੋ ਕਿ ਉਨ੍ਹਾਂ ਦੀ ਹੀ ਵਰਕਸ਼ਾਪ ਦਾ ਹੈ, ਜਿਸ ਨੂੰ ਦੀਵਾਰ ਟੱਪ ਕੇ ਕੱਢਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਚੋਰ ਗੱਲੇ 'ਚ 10-20 ਰੁਪਏ ਦੇ ਨੋਟਾਂ ਦੀਆਂ ਥੱਦੀਆਂ ਦੇ ਇਲਾਵਾ ਖੁੱਲ੍ਹੇ ਸਿੱਕੇ ਜਿਨ੍ਹਾਂ ਦੀ ਕੀਮਤ ਕਰੀਬ 10 ਹਜ਼ਾਰ ਸੀ, ਚੋਰੀ ਕਰ ਕੇ ਲੈ ਗਏ ।
ਨਵੇਂ ਸਾਲ 'ਚ ਹੋ ਚੁੱਕੀਆਂ ਨੇ ਅੱਧੀ ਦਰਜਨ ਤੋਂ ਵੱਧ ਵਾਰਦਾਤਾਂ
ਸਾਲ 2018 ਦੀ ਸ਼ੁਰੂਆਤ ਨਵਾਂਸ਼ਹਿਰ ਪੁਲਸ ਲਈ ਚੁਣੌਤੀ ਵਾਲੀ ਰਹੀ। ਜਿਥੇ ਸਾਲ ਦੀ ਸ਼ੁਰੂਆਤ 'ਚ ਹੀ ਰੇਲਵੇ ਰੋਡ ਸਥਿਤ ਇਕ ਮੁਨਿਆਰੀ ਦੀ ਦੁਕਾਨ 'ਤੇ ਹਜ਼ਾਰਾਂ ਰੁਪਏ ਦੇ ਨੋਟਾਂ ਦੇ ਹਾਰ ਅਣਪਛਾਤੇ ਚੋਰ ਚੋਰੀ ਕਰ ਕੇ ਲੈ ਗਏ । ਉਥੇ ਹੀ ਕਰਿਆਮ ਰੋਡ ਸਥਿਤ ਇਕ ਮੋਬਾਇਲ ਦੀ ਦੁਕਾਨ ਤੇ ਪਿੰਡ ਕਰਿਆਮ ਬੱਸ ਅੱਡੇ ਸਥਿਤ ਇਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ । ਹਾਲ ਹੀ 'ਚ ਅਕਾਲੀ ਨੇਤਾ ਡਾ. ਹਰਮੇਸ਼ ਪੁਰੀ ਦੇ ਮੈਡੀਕਲ ਸਟੋਰ ਜੋ ਐੱਸ.ਐੱਸ.ਪੀ. ਦਫ਼ਤਰ ਤੋਂ ਸਿਰਫ ਕੁਝ ਗਜ਼ ਦੀ ਦੂਰੀ 'ਤੇ ਮੁੱਖ ਮਾਰਗ 'ਤੇ ਸਥਿਤ ਹੈ, ਵਿਚ ਅਣਪਛਾਤੇ ਚੋਰ ਕੁਝ ਮਿੰਟਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਸਫਲ ਰਹੇ । ਸ਼ਹਿਰ 'ਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਪੁਲਸ ਲਈ ਚੁਣੌਤੀ ਹਨ, ਪਰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਕਈ ਵਾਰਦਾਤਾਂ ਨੂੰ ਹੱਲ ਕਰਨ ਦਾ ਦਾਅਵਾ ਕਰਨ ਵਾਲੀ ਪੁਲਸ ਇਨ੍ਹਾਂ ਵਾਰਦਾਤਾਂ ਦਾ ਸੁਰਾਗ ਲਾ ਪਾਉਣ 'ਚ ਅਸਮਰੱਥ ਹੈ ।
ਬਿਜਲੀ ਬੰਦ ਹੋਣ ਕਰ ਕੇ ਸੀ.ਸੀ.ਟੀ.ਵੀ. ਕੈਮਰੇ ਪਏ ਸਨ ਬੰਦ
ਦੁਕਾਨਦਾਰ ਅਸ਼ੋਕ ਬਜਾਜ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਹਵਾਵਾਂ ਤੇ ਮੀਂਹ ਕਾਰਨ ਪੂਰੇ ਖੇਤਰ ਦੀ ਬਿਜਲੀ ਬੰਦ ਰਹਿਣ ਕਾਰਨ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਬੰਦ ਪਏ ਸਨ । ਜਿਸ ਨਾਲ ਦੁਕਾਨ 'ਚ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਦੀਆਂ ਤਸਵੀਰਾਂ ਕੈਪਚਰ ਨਹੀਂ ਹੋ ਸਕੀਆਂ। ਪਰ ਇਸ ਰਸਤੇ 'ਤੇ ਆਰੀਆ ਸਿੱਖਿਅਕ ਸੰਸਥਾਵਾਂ ਦੀ ਸਹਾਇਤਾ ਨਾਲ ਪੁਲਸ ਵਿਭਾਗ ਦੁਆਰਾ ਕੈਮਰੇ ਸਥਾਪਤ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ 'ਚ ਸਥਾਪਿਤ ਇਲੈਕਟ੍ਰਾਨਿਕ ਸਰਵੀਲੈਂਸ ਨਾਲ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ।