ਬੇਅਦਬੀ ਮਾਮਲੇ ’ਚ ਕੈਪਟਨ ਸਰਕਾਰ ਨੂੰ ਦਾਦੂਵਾਲ ਦੀ ਚਿਤਾਵਨੀ, ਦਿੱਤਾ ਅਲਟੀਮੇਟਮ (ਵੀਡੀਓ)

Friday, Apr 23, 2021 - 03:05 PM (IST)

 ਜਲੰਧਰ : ਬੇਅਦਬੀ ਦੇ ਦੋਖੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਵਾਅਦੇ ਨਾਲ ਸੱਤਾ ’ਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਖ਼ਤ ਚਿਤਾਵਨੀ ਦਿੱਤੀ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬੇਅਦਬੀ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਜਲਦ ਹੀ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਮੁੜ ਤੋਂ ਮੋਰਚਾ ਲਾਉਣ ਲਈ ਮਜਬੂਰ ਹੋਣਗੇ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੈਪਟਨ ਤੇ ਬਾਦਲ ਦੋਵੇਂ ਮੈਚ ਫਿਕਸਿੰਗ ਕਰੀ ਬੈਠੇ ਹਨ, ਇਸੇ ਕਰਕੇ ਕੈਪਟਨ ਦੀ ਸਰਕਾਰ ਵੇਲੇ ਬਾਦਲਾਂ ਨੂੰ ਬਚਾਇਆ ਜਾਂਦਾ ਹੈ ਅਤੇ ਬਾਦਲਾਂ ਦੀ ਸਰਕਾਰ ਵੇਲੇ ਕੈਪਟਨ 'ਤੇ ਕੋਈ ਉਂਗਲ ਨਹੀਂ ਚੁੱਕ ਸਕਦਾ।

ਕੈਪਟਨ ਨੇ ਬੇਅਦਬੀ ਮਾਮਲੇ 'ਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਸਿੱਖ ਸੰਗਤਾਂ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ, ਜਿਸ ਕਰਕੇ ਕੈਪਟਨ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਹੁਣ ਜੇਕਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਸੰਗਤਾਂ ਭਾਰੀ ਰੋਸ ਵਜੋਂ ਮੁੜ ਤੋਂ ਮੋਰਚਾ ਲਾਉਣ ਲਈ ਮਜਬੂਰ ਹੋਣਗੀਆਂ। ਬੇਅਦਬੀ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਅਗਲੇ ਕਦਮ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਇਨਸਾਫ਼ ਮੋਰਚੇ ਦੀਆਂ ਸਮਰਥਕ ਜਥੇਬੰਦੀਆਂ ਮੇਰੇ ਸੰਪਰਕ ਹਨ। ਉਹ ਸਰਕਾਰ ਦੇ ਘੇਰਾਓ ਸਮੇਂ ਮੇਰੇ ਨਾਲ ਹੀ ਸਨ। ਇਸ ਸਬੰਧੀ ਅਸੀਂ ਅਮਰਿੰਦਰ ਸਿੰਘ ਦੀ ਸਰਕਾਰ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਕਿ ਇਸ ਮਾਮਲੇ 'ਚ ਇਨਸਾਫ਼ ਦਿੱਤਾ ਜਾਵੇ ਤੇ ਸੱਚ ਸਾਹਮਣੇ ਲਿਆਂਦਾ ਜਾਵੇ, ਨਹੀਂ ਤਾਂ ਅਗਲੇ ਪ੍ਰੋਗਰਾਮ ਸਬੰਧੀ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਬਹੁਤ ਵੱਡਾ ਸੰਘਰਸ਼ ਇਸ ਰੋਸ ’ਚੋਂ ਉੱਠ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਬੇਅਦਬੀ ਸਬੰਧੀ ਲੱਗਾ ਬਰਗਾੜੀ ਮੋਰਚਾ ਸਾਢੇ ਛੇ ਮਹੀਨਿਆਂ ਬਾਅਦ ਖ਼ਤਮ ਹੋ ਗਿਆ ਤੇ ਹੁਣ ਮੋਰਚਾ ਨਹੀਂ ਲੱਗ ਸਕਦਾ, ਇਨਸਾਫ਼ ਲੈਣ ਲਈ ਇਹ ਮੋਰਚਾ ਮੁੜ ਲਗਾਇਆ ਜਾ ਸਕਦਾ ਹੈ। ਪਹਿਲਾਂ ਵਾਲੇ ਮੋਰਚੇ ਸਬੰਧੀ ਪੁੱਛੇ ਇਕ ਸਵਾਲ ਕਿ ਲੋਕਾਂ 'ਚ ਇਸ ਬਾਬਤ ਕਾਫ਼ੀ ਨਿਰਾਸ਼ਾ ਪਾਈ ਜਾਂਦੀ ਹੈ ਕਿ ਇਸ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਤਾਂ ਜਵਾਬ ’ਚ ਦਾਦੂਵਾਲ ਨੇ ਕਿਹਾ ਕਿ ਮੋਰਚੇ ’ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਜਥੇਬੰਦੀਆਂ ਨੇ ਕੋਈ ਬੇਅਦਬੀ ਤਾਂ ਨਹੀਂ ਕੀਤੀ ਤੇ ਨਾ ਹੀ ਬੇਅਦਬੀ ਕਰਨ ਵਾਲਿਆਂ ਨਾਲ ਰਲੇ। ਉਨ੍ਹਾਂ ਕਿਹਾ ਕਿ ਅਸੀਂ ਤਾਂ ਬੇਅਦਬੀ ਦਾ ਇਨਸਾਫ਼ ਕੈਪਟਨ ਤੇ ਬਾਦਲ ਦੋਵਾਂ ਕੋਲੋਂ ਮੰਗਿਆ ਹੈ।
 


author

Manoj

Content Editor

Related News