ਡੀ. ਟੀ. ਓ. ਦੀ ਪੋਸਟ ਹੋਈ ਖਤਮ, ਸੈਕਟਰੀ ਆਰ. ਟੀ. ਏ. ਤੇ ਐੱਸ. ਡੀ. ਐੱਮ. ਦੇਖਣਗੇ ਸਾਰਾ ਕੰਮ

Saturday, Aug 19, 2017 - 07:24 AM (IST)

ਡੀ. ਟੀ. ਓ. ਦੀ ਪੋਸਟ ਹੋਈ ਖਤਮ, ਸੈਕਟਰੀ ਆਰ. ਟੀ. ਏ. ਤੇ ਐੱਸ. ਡੀ. ਐੱਮ. ਦੇਖਣਗੇ ਸਾਰਾ ਕੰਮ

ਜਲੰਧਰ, (ਅਮਿਤ)— ਸੂਬਾ ਸਰਕਾਰ ਦੁਆਰਾ ਭ੍ਰਿਸ਼ਟਾਚਾਰ ਦਾ ਗੜ੍ਹ ਬਣ ਚੁੱਕੇ ਡੀ. ਟੀ. ਓ. ਦਫਤਰਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਉਸ ਸਮੇਂ ਅਸਲੀਜਾਮਾ ਪਹਿਨਾ ਦਿੱਤਾ ਗਿਆ, ਜਦੋਂ ਇਕ ਦਿਨ ਪਹਿਲਾਂ ਸੂਬਾ ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਚਲਦੇ ਸ਼ੁੱਕਰਵਾਰ ਨੂੰ ਡੀ. ਟੀ. ਓ. ਦਫਤਰ ਰਸਮੀ ਤੌਰ 'ਤੇ ਬੰਦ ਹੋ ਗਏ ਅਤੇ ਸਾਰਾ ਕੰਮਕਾਜ ਸੈਕਟਰੀ ਆਰ. ਟੀ. ਏ. ਅਤੇ ਐੱਸ. ਡੀ. ਐੱਮ. ਦੇ  ਅਧੀਨ ਆ ਗਿਆ। 
ਇੰਨਾ ਹੀ ਨਹੀਂ, ਪੂਰੇ ਸੂਬੇ ਦੇ ਡੀ. ਟੀ. ਓ. ਦੁਆਰਾ ਵਰਤੀਆਂ ਜਾ ਰਹੀਆਂ ਇਨੋਵਾ ਗੱਡੀਆਂ ਅਤੇ ਡਰਾਈਵਰਾਂ ਨੂੰ ਵੀ ਵਾਪਸ ਬੁਲਾ ਲਿਆ ਗਿਆ। ਨੋਟੀਫਿਕੇਸ਼ਨ ਜਾਰੀ ਹੋਣ ਦੀ ਖਬਰ ਮਿਲਦੇ ਹੀ ਸ਼ੁੱਕਰਵਾਰ ਸਵੇਰੇ ਲਗਭਗ ਪੂਰੇ ਸੂਬੇ ਵਿਚ ਹੀ ਡੀ. ਟੀ. ਓ. ਦਫਤਰ ਦਾ ਸਾਰਾ ਕੰਮਕਾਜ ਠੱਪ ਹੋ ਗਿਆ। ਸਰਕਾਰ ਦੁਆਰਾ ਬਣਾਏ ਗਏ ਆਧੁਨਿਕ ਡਰਾਈਵਿੰਗ ਟੈਸਟ ਟ੍ਰੈਕ 'ਤੇ ਵੀ ਕੰਮਕਾਜ ਲਗਭਗ ਬੰਦ ਹੋ ਗਿਆ, ਕਿਉਂਕਿ ਤਕਨੀਕੀ ਤੌਰ 'ਤੇ ਡੀ. ਟੀ. ਓ. ਦੀ ਪੋਸਟ ਖਤਮ ਹੋਣ ਕਾਰਨ ਕਰਮਚਾਰੀਆਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਹੈਰਾਨੀ ਦੀ ਸਥਿਤੀ ਬਣੀ ਹੋਈ ਸੀ ਕਿ ਦਸਤਾਵੇਜ਼ਾਂ 'ਤੇ ਸਾਈਨ ਕੌਣ ਕਰੇਗਾ ਅਤੇ ਕਿਸਦੇ ਹੁਕਮਾਂ ਨਾਲ ਸਾਰਾ ਕੰਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਵੇਂ ਫੈਸਲੇ ਮੁਤਾਬਕ ਹਰ ਸਭ ਡਵੀਜ਼ਨ ਪੱਧਰ 'ਤੇ ਟਰਾਂਸਪੋਰਟ ਵਿਭਾਗ ਦਾ ਕੰਮਕਾਜ ਸੰਬੰਧਤ ਐੱਸ. ਡੀ. ਐੱਮ. ਦੇ ਅਧੀਨ ਹੋਵੇਗਾ। 
ਸਰਕਾਰ ਦੇ ਇਸ ਫੈਸਲੇ ਨਾਲ ਭਵਿੱਖ ਵਿਚ ਕਈ ਬਦਲਾਅ ਦੇਖਣ ਨੂੰ ਮਿਲਣਗੇ ਪਰ ਇਸ ਨਾਲ ਜਨਤਾ ਨੂੰ ਕਿੰਨਾ ਲਾਭ ਸਿੱਧੇ ਤੌਰ 'ਤੇ ਪਹੁੰਚਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਬਿਹਤਰ ਦੱਸ ਸਕੇਗਾ। ਪਿਛਲੇ ਕਈ ਸਾਲਾਂ ਤੋਂ ਡੀ. ਟੀ. ਓ. ਦਫਤਰਾਂ ਦੇ ਅੰਦਰ ਭ੍ਰਿਸ਼ਟਾਚਾਰ ਦਾ ਗ੍ਰਾਫ ਕਾਫੀ ਵਧ ਰਿਹਾ ਸੀ ਅਤੇ ਥੱਲੇ ਤੋਂ ਲੈ ਕੇ ਉਪਰਲੇ ਪੱਧਰ ਤਕ ਹਰ ਕੋਈ ਇਸਦੀ ਲਪੇਟ ਵਿਚ ਆ ਗਿਆ ਸੀ। 
ਆਮ ਜਨਤਾ ਦੇ ਵਿਚਕਾਰ ਡੀ. ਟੀ. ਓ. ਦਫਤਰ ਅਤੇ ਟਰਾਂਸਪੋਰਟ ਵਿਭਾਗ ਦੀ ਸਾਖ ਕਾਫੀ ਡਿੱਗਣ ਲੱਗੀ ਸੀ ਅਤੇ ਹਰ ਕਿਸੇ ਦਾ ਇਹੀ ਮੰਨਣਾ ਸੀ ਕਿ ਡੀ. ਟੀ. ਓ. ਦਫਤਰ ਵਿਚ ਬਿਨਾਂ ਪੈਸੇ ਖਰਚ ਕੀਤੇ ਕੋਈ ਵੀ ਕੰਮ ਕਰਵਾਉਣਾ ਲਗਭਗ ਅਸੰਭਵ ਹੀ ਹੈ। ਸ਼ਾਇਦ ਇਸੇ ਲਈ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਸਰਕਾਰ ਦੁਆਰਾ ਅਜਿਹਾ ਸਖ਼ਤ ਕਦਮ ਉਠਾਇਆ ਗਿਆ ਸੀ। 


Related News