ਡੀ. ਸੀ. ਦਫਤਰ ਕਰਮਚਾਰੀਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

02/03/2018 7:32:25 AM

ਅੰਮ੍ਰਿਤਸਰ, (ਨੀਰਜ)- ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਖਿਲਾਫ ਕਲਮ-ਛੋੜ ਹੜਤਾਲ ਕਰਨ ਤੋਂ ਬਾਅਦ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਦੇ ਨਾਲ-ਨਾਲ ਕਲਮ-ਛੋੜ ਹੜਤਾਲ ਨੂੰ ਵੀ ਜਾਰੀ ਰੱਖਿਆ ਗਿਆ, ਜਿਸ ਕਾਰਨ ਡੀ. ਸੀ. ਦਫਤਰ ਦਾ ਸਾਰਾ ਕੰਮ ਠੱਪ ਰਿਹਾ। ਯੂਨੀਅਨ ਦੇ ਜ਼ਿਲਾ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਡੀ. ਸੀ. ਦਫਤਰਾਂ ਨਾਲ ਸਬੰਧਤ ਐੱਸ. ਡੀ. ਐੱਮ. ਅਤੇ ਤਹਿਸੀਲਦਾਰਾਂ ਦੇ ਦਫਤਰਾਂ ਵਿਚ ਇਸ ਸਮੇਂ 2 ਹਜ਼ਾਰ ਤੋਂ ਵੱਧ ਖਾਲੀ ਅਹੁਦੇ ਹਨ, ਜਿਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਭਰਿਆ ਨਹੀਂ ਜਾ ਰਿਹਾ।
ਸਰਕਾਰ ਨੇ ਜਨਤਾ ਨੂੰ ਲੁਭਾਉਣ ਲਈ ਕਈ ਜ਼ਿਲਿਆਂ ਵਿਚ ਨਵੀਂ ਤਹਿਸੀਲ ਤੇ ਸਬ-ਤਹਿਸੀਲ ਦਾ ਵੀ ਗਠਨ ਕੀਤਾ ਪਰ ਉਥੇ ਕਰਮਚਾਰੀਆਂ ਨੂੰ ਤਾਇਨਾਤ ਨਹੀਂ ਕੀਤਾ ਗਿਆ, ਜਿਸ ਕਰ ਕੇ ਮੌਜੂਦਾ ਸਟਾਫ ਨੂੰ ਹੀ ਵੱਖ-ਵੱਖ ਸੀਟਾਂ 'ਤੇ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੂੰ ਆ ਰਹੀਆਂ ਸਮੱਸਿਆ ਦਾ ਯੂਨੀਅਨ ਨੂੰ ਦੁੱਖ ਹੈ ਪਰ ਕਰਮਚਾਰੀ ਸੰਘਰਸ਼ ਕਰਨ ਲਈ ਮਜਬੂਰ ਹਨ। ਸਰਕਾਰ ਖਿਲਾਫ ਅਗਲੇ ਸੰਘਰਸ਼ ਦੀ ਰਣਨੀਤੀ ਦਾ ਸ਼ਨੀਵਾਰ ਨੂੰ ਰਾਜਟਰੀ ਕਾਰਜਕਾਰਨੀ ਵੱਲੋਂ ਐਲਾਨ ਕੀਤਾ ਜਾਵੇਗਾ।
ਅੰਮ੍ਰਿਤਸਰ ਜ਼ਿਲੇ 'ਚ 500 ਤੋਂ ਵੱਧ ਰਜਿਸਟਰੀਆਂ ਰੁਕੀਆਂ : ਡੀ. ਸੀ. ਦਫਤਰ ਕਰਮਚਾਰੀਆਂ ਵੱਲੋਂ ਲਗਾਤਾਰ 2 ਦਿਨ ਤੋਂ ਕੀਤੀ ਜਾ ਰਹੀ ਕਲਮ-ਛੋੜ ਹੜਤਾਲ ਕਾਰਨ ਜ਼ਿਲੇ ਦੀ ਤਹਿਸੀਲ ਅਤੇ ਸਬ-ਤਹਿਸੀਲ 'ਚ 500 ਤੋਂ ਵੱਧ ਰਜਿਸਟਰੀਆਂ ਰੁਕ ਗਈਆਂ ਹਨ, ਜਿਸ ਨਾਲ ਸਰਕਾਰ ਨੂੰ ਵੀ ਰੈਵੇਨਿਊ ਦੇ ਰੂਪ 'ਚ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ। ਪੂਰੇ ਰਾਜ ਦੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ਦੀ ਗੱਲ ਕਰੀਏ ਤਾਂ ਇਹ ਨੁਕਸਾਨ ਹੋਰ ਜ਼ਿਆਦਾ ਵੱਧ ਜਾਂਦਾ ਹੈ। ਸਰਕਾਰ ਨੇ ਜੇਕਰ ਇਸੇ ਤਰ੍ਹਾਂ ਕਰਮਚਾਰੀਆਂ ਪ੍ਰਤੀ ਬੇਰੁਖੀ ਅਪਣਾਈ ਰੱਖੀ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਤੇ ਕਰਮਚਾਰੀਆਂ 'ਚ ਤਿੱਖਾ ਸੰਘਰਸ਼ ਛਿੜ ਸਕਦਾ ਹੈ।
ਮਜੀਠਾ, (ਸਰਬਜੀਤ)– ਪਿਛਲੇ 2 ਦਿਨਾਂ ਤੋਂ ਕੀਤੀ ਜਾ ਰਹੀ ਕਲਮ-ਛੋੜ ਹੜਤਾਲ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਾ ਮਿਲਣ ਦੇ ਰੋਸ ਵਜੋਂ ਅੱਜ ਸਬ-ਡਵੀਜ਼ਨ ਮਜੀਠਾ ਤੇ ਤਹਿਸੀਲ ਮਜੀਠਾ ਦੇ ਸਮੂਹ ਕਰਮਚਾਰੀਆਂ ਨੇ ਸਬ-ਡਵੀਜ਼ਨ ਮਜੀਠਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰ ਕੇ ਨਾਅਰੇਬਾਜ਼ੀ ਕੀਤੀ।  ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ. ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਵੱਲੋਂ ਦਿੱਤੇ ਗਏ ਸੱਦੇ 'ਤੇ ਕੀਤੀ ਗਈ ਕਲਮ-ਛੋੜ ਹੜਤਾਲ ਰਾਜ ਦੇ ਸਮੂਹ ਜ਼ਿਲਿਆਂ ਵਿਚ ਆਪਣੀ ਸੀਟ ਤੋਂ ਇਲਾਵਾ ਵਾਧੂ ਸੀਟਾਂ ਦਾ ਕੰਮ ਕਰਨ ਦੇ ਵਿਰੋਧ ਅਤੇ ਕਾਫੀ ਸਮੇਂ ਤੋਂ ਲੰਬਿਤ ਚੱਲ ਰਹੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਕੀਤੀ ਗਈ ਹੈ।  ਇਸ ਮੌਕੇ ਅਰਦੀਪਕ ਸਿੰਘ ਰੱਖ ਨਾਗ ਸੀਨੀਅਰ ਮੀਤ ਪ੍ਰਧਾਨ, ਪਵਨ ਸ਼ਰਮਾ ਮੀਤ ਸਕੱਤਰ, ਹਰਜਿੰਦਰ ਸਿੰਘ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਸਕੱਤਰ, ਸਾਹਿਬ ਸਿੰਘ ਖਜ਼ਾਨਚੀ ਆਦਿ ਹਾਜ਼ਰ ਸਨ।
ਅਜਨਾਲਾ, (ਜ. ਬ.)- ਤਹਿਸੀਲ ਅਜਨਾਲਾ ਦੇ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਕਾਰਕੁੰਨਾਂ ਨੇ ਪੰਜਾਬ ਸਰਕਾਰ 'ਤੇ ਮੰਗਾਂ ਪ੍ਰਤੀ ਬੇਰੁਖੀ ਵਾਲੀ ਨੀਤੀ ਅਪਣਾਏ ਜਾਣ ਦੇ ਦੋਸ਼ਾਂ ਦੀ ਝੜੀ ਲਾਉਂਦਿਆਂ ਅੱਜ ਐੱਸ. ਡੀ. ਐੱਮ. ਤੇ ਤਹਿਸੀਲ ਕੰਪਲੈਕਸ ਵਿਖੇ ਰੋਸ ਮੁਜ਼ਾਹਰਾ ਕਰ ਕੇ ਚਿਤਾਵਨੀ ਦਿੱਤੀ ਕਿ ਜੇਕਰ ਕੈਪਟਨ ਸਰਕਾਰ ਨੇ ਅਜੇ ਵੀ ਮੁਲਾਜ਼ਮਾਂ ਦੀ ਹੜਤਾਲ ਤੋਂ ਸਬਕ ਲੈਂਦਿਆਂ ਮੰਗਾਂ ਨੂੰ ਫੌਰੀ ਪ੍ਰਵਾਨ ਨਾ ਕੀਤਾ ਤਾਂ 3 ਫਰਵਰੀ ਨੂੰ ਹੋਣ ਵਾਲੀ ਸੂਬਾ ਪੱਧਰੀ ਮੀਟਿੰਗ 'ਚ ਸੰਘਰਸ਼ ਦਾ ਤਿੱਖਾ ਰਸਤਾ ਅਪਣਾਉਣ ਲਈ ਮਜਬੂਰ ਹੋਵਾਂਗੇ।  ਇਸ ਤੋਂ ਪਹਿਲਾਂ ਯੂਨੀਅਨ ਦੀ ਹੋਈ ਤਹਿਸੀਲ ਪੱਧਰੀ ਰੋਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ ਜਗਦੇਵ ਕਲਾਂ, ਸੁਪਰਡੈਂਟ ਸਰਬਜੀਤ ਕੌਰ, ਜੋਗਿੰਦਰ ਕੌਰ, ਨਰਿੰਦਰ ਕੌਰ, ਗੁਰਮੀਤ ਕੌਰ ਬਰਲਾਸ, ਹਰਪਾਲ ਸਿੰਘ ਰਾਣੇਵਾਲੀ, ਹਰਦੇਵ ਸਿੰਘ ਗਿੱਲ, ਹਰਪ੍ਰੀਤ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ ਭਲਾ ਪਿੰਡ, ਜਸਪਾਲ ਸਿੰਘ ਖਤਰਾਏ, ਰਕੇਸ਼ ਮਹਿਤਾ, ਹਰਜਿੰਦਰ ਸਿੰਘ ਡਿਆਲ ਭੱਟੀ, ਮੋਤੀ ਰਾਮ, ਰਾਜ ਕੁਮਾਰ, ਧਿਆਨ ਚੰਦ ਆਦਿ ਆਗੂਆਂ ਨੇ ਪੁਰਾਣੀ ਪੈਨਸ਼ਨ ਨੀਤੀ ਬਹਾਲ ਕਰਨ, 1995 'ਚ ਨਿਰਧਾਰਤ ਨਿਯਮਾਂ ਮੁਤਾਬਕ ਨਵੀਆਂ ਅਸਾਮੀਆਂ ਦੀ ਰਚਨਾ ਕਰਨ, ਕਲਰਕਾਂ ਦੀਆਂ ਖਾਲੀ ਅਸਾਮੀਆਂ ਭਰਨ ਆਦਿ ਮੰਗਾਂ ਪ੍ਰਵਾਨ ਕਰਨ 'ਤੇ ਜ਼ੋਰ ਦਿੱਤਾ।


Related News