PU ਚੋਣਾਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਨਿਵਾਸ ਪਹੁੰਚੀ CYSS ਦੀ ਟੀਮ, ਮਾਨ ਨੇ ਦਿੱਤੀ ਇਹ ਸਲਾਹ
Wednesday, Oct 19, 2022 - 05:15 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਯੂਨੀਵਰਸਿਟੀ ਚੋਣਾਂ 'ਚ ਹੋਈ ਜਿੱਤ ਤੋਂ ਬਾਅਦ ਪ੍ਰਧਾਨ ਆਯੂਸ਼ ਖਟਕੜ ਦੀ ਅਗਵਾਈ ਵਾਲੀ ਛਾਤਰ ਯੁਵਾ ਸੰਘਰਸ਼ ਸਮਿਤੀ ਦੀ ਟੀਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਲਈ ਉਨ੍ਹਾਂ ਦੀ ਨਿਵਾਸ ਸਥਾਨ 'ਤੇ ਪੁੱਜੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ 'ਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀ. ਵਾਈ. ਐੱਸ. ਐੱਸ. ਦੀ ਜਿੱਤ ਮੇਕ ਇੰਡੀਆ ਨੰਬਰ 1 ਮੁਹਿੰਮ ਦੇ ਹੱਕ 'ਚ ਫਤਵਾ ਹੈ।
ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਲਈ ਕੇਂਦਰ ਬਿੰਦੂ ਹੈ। ਚੋਣਾਂ ਦੇ ਫਤਵੇ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਅਰਵਿੰਦ ਕੇਜਰੀਵਾਲ ਦੀਆਂ ਦੂਰਅੰਦੇਸ਼ ਅਤੇ ਫੈਸਲਾਕੁੰਨ ਨੀਤੀਆਂ ਦੇ ਹੱਕ 'ਚ ਭੁਗਤਣ ਲਈ ਤਿਆਰ ਬੈਠੇ ਹਨ। ਇਹ ਨਤੀਜਾ ਦੇਸ਼ ਦੀ ਰਾਜਨੀਤੀ 'ਚ ਲੋੜੀਂਦੀ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਨਤੀਜਾ ਉਨ੍ਹਾਂ ਫੁੱਟ ਪਾਊ ਤਾਕਤਾਂ ਦੇ ਮੂੰਹ 'ਤੇ ਚਪੇੜ ਹੈ, ਜੋ ਦੇਸ਼ 'ਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਆਈ. ਪੀ. ਐੱਸ. ਪ੍ਰੋਬੇਸ਼ਨਰੀ ਅਫ਼ਸਰਾਂ ਨੇ ਮੁੱਖ ਮੰਤਰੀ ਮਾਨ ਨਾਲ ਕੀਤੀ ਮੁਲਾਕਾਤ
ਮਾਨ ਨੇ ਆਯੂਸ਼ ਖਟਕੜ ਦੀ ਅਗਵਾਈ ਵਾਲੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਦਿਨ-ਰਾਤ ਇਕ ਕਰ ਕੇ ਕੰਮ ਕਰਨ ਲਈ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਟੀਮ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਲੋੜੀਂਦੀਆਂ ਸਕਾਰਾਤਮਕ ਤਬਦੀਲੀਆਂ ਲਿਆਉਣ ਲਈ ਸਮਰਪਿਤ ਹੋਣਾ ਚਾਹੀਦਾ ਹੈ। ਇਸ ਵੱਡੀ ਜਿੱਤ ਨੇ ਵਿਦਿਆਰਥੀਆਂ ਦੀ ਸੇਵਾ ਕਰਨ ਲਈ ਸਾਡੇ 'ਤੇ ਇਕ ਹੋਰ ਜ਼ਿੰਮੇਵਾਰੀ ਪਾ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਨਵੀਂ ਚੁਣੀ ਟੀਮ ਯੂਨੀਵਰਸਿਟੀ ਕੈਂਪਸ ਦੇ ਵਿਆਪਕ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਯਕੀਨੀ ਬਣਾਉਣ ਲਈ ਦਿਨ-ਰਾਤ ਇਕਜੁੱਟ ਹੋ ਕੇ ਕੰਮ ਕਰੇ। ਉਨ੍ਹਾਂ ਇਸ ਨੇਕ ਕਾਰਜ ਲਈ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।