ਆਨਲਾਈਨ ਈ-ਪਾਸ ਬਣਾਉਣ ਦੇ ਨਾਂ ''ਤੇ ਠੱਗਣ ਵਾਲਾ ਸਾਈਬਰ ਗਿਰੋਹ ਸਰਗਰਮ

Thursday, Apr 23, 2020 - 06:09 PM (IST)

ਮੋਹਾਲੀ (ਰਾਣਾ) : ਕੋਰੋਨਾ ਮਹਾਮਾਰੀ ਦੇ ਚਲਦੇ ਜਿੱਥੇ ਇਕ ਪਾਸੇ ਲੋਕ ਆਪਣੇ ਘਰਾਂ 'ਚ ਹਨ, ਉੱਥੇ ਹੀ ਦੂਜੇ ਪਾਸੇ ਇਸ ਦਾ ਪੂਰਾ ਫਾਇਦਾ ਚੁੱਕਣ ਲਈ ਸਾਈਬਰ ਠੱਗ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕਰਫਿਊ ਦੌਰਾਨ ਜ਼ਰੂਰੀ ਕੰਮ ਦੇ ਚਲਦੇ ਆਉਣ ਜਾਣ ਲਈ ਆਨਲਾਈਨ ਈ-ਪਾਸ ਰਾਹੀਂ ਜੋ ਛੂਟ ਦਿੱਤੀ ਗਈ ਹੈ, ਹੁਣ ਸਾਈਬਰ ਠੱਗ ਆਨਲਾਈਨ ਈ-ਪਾਸ ਬਣਾ ਕੇ ਲੋਕਾਂ ਨੂੰ ਠੱਗਣ ਦੀ ਪਲਾਨਿੰਗ ਬਣਾ ਰਹੇ ਹਨ, ਜਿਸ ਦੇ ਚਲਦੇ ਈ-ਪਾਸ ਬਣਾਉਣ ਲਈ ਫਰਜ਼ੀ ਈ-ਮੇਲ ਅਕਾਊਂਟ ਬਣਾ ਕੇ ਮੈਸੇਜ ਭੇਜ ਰਹੇ ਹਨ। ਜਿਨ੍ਹਾਂ 'ਤੇ ਹੁਣ ਸਾਈਬਰ ਕ੍ਰਾਈਮ ਵੀ ਨਜ਼ਰ ਵੀ ਰੱਖ ਰਿਹਾ ਹੈ।

ਇਹ ਵੀ ਪੜ੍ਹੋ ► ਹੁਸ਼ਿਆਰਪੁਰ ਦੇ ਵਿਅਕਤੀ ਦੀ ਪੈਰਿਸ 'ਚ 'ਕੋਰੋਨਾ' ਕਾਰਨ ਹੋਈ ਮੌਤ 

ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਨਹੀਂ ਦਿੱਤਾ ਈ-ਪਾਸ ਬਣਾਉਣ ਦਾ ਕਾਂਟ੍ਰੈਕਟ
ਜਾਣਕਾਰੀ ਮੁਤਾਬਕ ਮੋਹਾਲੀ ਜਾਂ ਟ੍ਰਾਈਸਿਟੀ 'ਚ ਕਿਤੇ ਵੀ ਪ੍ਰਸ਼ਾਸਨ ਵਲੋਂ ਈ-ਪਾਸ ਜਾਰੀ ਕਰਨ ਦੀ ਸਹੂਲਤ ਕਿਸੇ ਪ੍ਰਾਈਵੇਟ ਕੰਪਨੀ ਨੂੰ ਨਹੀਂ ਦਿੱਤੀ ਹੋਈ। ਈ-ਪਾਸ ਪੁਲਸ ਜਾਂ ਪ੍ਰਸ਼ਾਸਨ ਵਲੋਂ ਬਣਾਉਣ ਲਈ ਲੋਕਾਂ ਵਲੋਂ ਖੁਦ ਅਪਲਾਈ ਕਰਨਾ ਹੁੰਦਾ ਹੈ। ਉਸ ਵਿਚ ਇਕ ਪਾਸੇ ਜਿੱਥੇ ਤੁਹਾਡੀ ਫੋਟੋ, ਦਸਤਾਵੇਜ਼ ਅਤੇ ਕਰਫਿਊ ਪਾਸ ਕਿਸ ਲਈ ਚਾਹੀਦਾ ਹੈ, ਉਸ ਸਬੰਧੀ ਕਾਰਣ ਦੱਸਣਾ ਹੁੰਦਾ ਹੈ। ਇਸ ਦੇ ਨਾਲ ਹੀ ਜੋ ਕਾਰਨ ਦਿੱਤਾ ਹੁੰਦਾ ਹੈ, ਉਸ ਸਬੰਧੀ ਦਸਤਾਵੇਜ਼ ਵੀ ਵਿਚ ਹੀ ਲਗਾਉਣੇ ਹੁੰਦੇ ਹਨ। ਇਸ ਤੋਂ ਬਾਅਦ ਇਹ ਦਸਤਾਵੇਜ਼ ਸਬੰਧਤ ਅਥਾਰਿਟੀ ਦੇ ਕੋਲ ਪਹੁੰਚ ਜਾਂਦੇ ਹਨ, ਜਿਸ ਤੋਂ ਬਾਅਦ ਅਥਾਰਿਟੀ ਵਲੋਂ ਸਾਰੇ ਦਸਤਾਵੇਜ਼ਾਂ ਦੀ ਆਪਣੇ ਪੱਧਰ 'ਤੇ ਪੜਤਾਲ ਕੀਤੀ ਜਾਂਦੀ ਹੈ । ਜਿਸ ਤੋਂ ਬਾਅਦ ਪਾਸ ਨੂੰ ਜਾਰੀ ਕਰਨ ਸਬੰਧੀ ਫੈਸਲਾ ਲਿਆ ਜਾਂਦਾ ਹੈ । ਇਸ ਲਈ ਤੁਹਾਡੇ ਫੋਨ ਜਾਂ ਈ-ਮੇਲ ਉੱਤੇ ਮੈਸੇਜ ਆਉਂਦਾ ਹੈ। ਇਸੇ ਅਧੀਨ ਸਾਈਬਰ ਠੱਗ ਲੋਕਾਂ ਨੂੰ ਮੇਲ ਕਰਕੇ ਪਾਸ ਬਣਾਉਣ ਦਾ ਝਾਂਸਾ ਦੇ ਰਹੇ ਹਨ ।

ਲੋਕਾਂ ਨੂੰ ਦਿੱਤੀ ਹਿਦਾਇਤ
ਨਿਯਮਾਂ ਮੁਤਾਬਕ ਇਹ ਬਿਲਕੁੱਲ ਗਲਤ ਹੈ। ਪੁਲਸ ਦੀ ਸਾਈਬਰ ਟੀਮ ਵੀ ਅਜਿਹੇ ਈ-ਮੇਲ ਅਤੇ ਹੋਰ ਚੀਜ਼ਾਂ 'ਤੇ ਨਜ਼ਰ ਰੱਖ ਰਹੀ ਹੈ । ਨਾਲ ਹੀ ਲੋਕਾਂ ਨੂੰ ਵੀ ਹਿਦਾਇਤ ਦਿੱਤੀ ਹੈ ਕਿ ਅਜਿਹੀਆਂ ਈ-ਮੇਲ ਤੋਂ ਬਚੋ। ਪ੍ਰਸ਼ਾਸਨ ਵਲੋਂ ਕਰਫਿਊ ਪਾਸ ਜਾਰੀ ਕਰਵਾਉਣ ਵਾਲਿਆਂ 'ਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ।

ਇਹ ਵੀ ਪੜ੍ਹੋ ► ਪਠਾਨਕੋਟ ਲਈ ਚੰਗੀ ਖਬਰ, ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੀ 'ਕੋਰੋਨਾ' ਰਿਪੋਰਟ ਨੈਗੇਟਿਵ 

ਧਾਰਾ-188 ਦੇ ਅਧੀਨ ਹੋਵੇਗਾ ਕੇਸ ਦਰਜ
ਜਾਣਕਾਰੀ ਮੁਤਾਬਕ ਪ੍ਰਸ਼ਾਸਨ ਜਾਂ ਪੁਲਸ ਵਲੋਂ ਜੋ ਕਰਫਿਊ ਪਾਸ ਲੋਕਾਂ ਨੂੰ ਜਾਰੀ ਕੀਤੇ ਜਾ ਰਹੇ ਹਨ । ਉਸ ਵਿਚ ਜੇਕਰ ਕੋਈ ਵਿਅਕਤੀ ਗਲਤ ਜਾਣਕਾਰੀ ਦੇ ਕੇ ਕਰਫਿਊ ਪਾਸ ਬਣਾਉਣ ਵਿਚ ਕਾਮਯਾਬ ਹੋ ਜਾਂਦਾ ਹੈ । ਨਾਲ ਹੀ ਬਾਅਦ ਵਿਚ ਕਿਤੇ ਫੜਿਆ ਜਾਂਦਾ ਹੈ ਤਾਂ ਅਜਿਹੇ ਲੋਕਾਂ ਉੱਤੇ ਪ੍ਰਸ਼ਾਸਨ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਅਧੀਨ ਆਈ. ਪੀ. ਸੀ. ਦੀ ਧਾਰਾ -188 ਦੇ ਤਹਿਤ ਕੇਸ ਦਰਜ ਹੋਵੇਗਾ । ਇਸ ਤੋਂ ਇਲਾਵਾ ਕੇਸ ਦਰਜ ਹੋਣ 'ਤੇ ਵਿਦੇਸ਼ ਯਾਤਰਾ ਅਤੇ ਸਰਕਾਰੀ ਨੌਕਰੀ ਵੀ ਖਤਰੇ ਵਿਚ ਪੈ ਸਕਦੀ ਹੈ।

ਅਜੇ ਤਕ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਉਨ੍ਹਾਂ ਦੇ ਕੋਲ ਨਹੀਂ ਆਈ ਹੈ ਜੇਕਰ ਆਉਂਦੀ ਹੈ ਤਾਂ ਅਜਿਹੇ ਠੱਗਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਨਾਲ ਹੀ ਸਾਈਬਰ ਠੱਗਾਂ ਉੱਤੇ ਉਨ੍ਹਾਂ ਵਲੋਂ ਵੀ ਨਜ਼ਰ ਰੱਖੀ ਜਾ ਰਹੀ ਹੈ, ਜੋ ਸਿੱਧੇ ਸਾਧੇ ਲੋਕਾਂ ਨੂੰ ਆਪਣੀਆਂ ਗੱਲਾਂ ਵਿਚ ਫਸਾ ਉਨ੍ਹਾਂ ਤੋਂ ਪੈਸੇ ਠੱਗ ਰਹੇ ਹਨ ।
- ਰੁਪਿੰਦਰਦੀਪ ਕੌਰ, ਡੀ. ਐੱਸ. ਪੀ., ਸਾਈਬਰ ਕਰਾਈਮ ਐਂਡ ਸਾਈਬਰ ਫਾਰੇਂਸਿਕ ਮੋਹਾਲੀ ।


Anuradha

Content Editor

Related News