ਪੰਜਾਬ ''ਚ ''ਤਾਲਾਬੰਦੀ'' ਦੌਰਾਨ ਵਧਿਆ ਸਾਈਬਰ ਕ੍ਰਾਈਮ, 400 ਤੋਂ ਵੱਧ ਸ਼ਿਕਾਇਤਾਂ ਮਿਲੀਆਂ

Tuesday, Sep 01, 2020 - 02:39 PM (IST)

ਪੰਜਾਬ ''ਚ ''ਤਾਲਾਬੰਦੀ'' ਦੌਰਾਨ ਵਧਿਆ ਸਾਈਬਰ ਕ੍ਰਾਈਮ, 400 ਤੋਂ ਵੱਧ ਸ਼ਿਕਾਇਤਾਂ ਮਿਲੀਆਂ

ਲੁਧਿਆਣਾ (ਨਰਿੰਦਰ) : ਕੋਰੋਨਾ ਮਹਾਮਾਰੀ ਦੇ ਦੌਰਾਨ ਲਗਾਤਾਰ ਸਾਈਬਰ ਕ੍ਰਾਈਮ ਵੱਧਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਨੌਜਵਾਨਾਂ ਵੱਲੋਂ ਇਸ ਦੌਰਾਨ ਜ਼ਿਆਦਾਤਰ ਮੋਬਾਇਲ ਦੀ ਵਰਤੋਂ ਕੀਤੀ ਗਈ ਹੈ। ਸਾਈਬਰ ਸੈੱਲ 'ਚ 8-9 ਰੋਜ਼ਾਨਾ ਧੋਖਾਧੜੀ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ। ਲੁਧਿਆਣਾ ਦੇ ਏ. ਡੀ. ਸੀ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਕਿਵੇਂ ਸਾਈਬਰ ਕ੍ਰਾਈਮ ਦਾ ਪੂਰਾ ਜਾਲ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਉਨ੍ਹਾਂ ਦੇ ਆਨਲਾਈਨ ਟਰਾਂਜੈਕਸ਼ਨ ਕਰਵਾ ਕੇ ਠੱਗੀਆਂ ਮਾਰਦਾ ਹੈ।

ਉਨ੍ਹਾਂ ਦੱਸਿਆ ਕਿ ਅਕਸਰ ਘੱਟ ਜਾਣਕਾਰੀ, ਘੱਟ ਉਮਰ ਵਾਲੇ ਅਤੇ ਗਲਤ ਸਾਈਟਾਂ ਦੇ ਲਿੰਕ ਖੋਲ੍ਹਣ ਵਾਲੇ ਲੋਕ ਇਨ੍ਹਾਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ। ਉਧਰ ਜਦੋਂ ਲੁਧਿਆਣਾ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਰਫਿਊ ਦੌਰਾਨ ਉਹ ਅਕਸਰ ਆਪਣਾ ਸਮਾਂ ਮੋਬਾਇਲਾਂ 'ਤੇ ਗੇਮ ਖੇਡ ਕੇ ਜਾਂ ਫਿਰ ਸੋਸ਼ਲ ਮੀਡੀਆ ਵਰਤ ਕੇ ਬਿਤਾਉਂਦੇ ਸਨ। ਦੀਪਕ ਪਾਰਿਕ ਨੇ 'ਜਗਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਈਬਰ ਕ੍ਰਾਈਮ ਕਿਵੇਂ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਨੌਜਵਾਨ ਡੇਟਿੰਗ ਸਾਈਟ, ਆਨਲਾਈਨ ਗੇਮਸ ਆਦਿ 'ਤੇ ਆਪਣੇ ਪੈਸੇ ਉਡਾਉਂਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਕ੍ਰਾਈਮ ਇੰਨਾ ਗੰਭੀਰ ਹੋ ਜਾਂਦਾ ਹੈ ਕਿ ਕਤਲ ਦੇ ਮਾਮਲੇ ਉਨ੍ਹਾਂ ਦੇ ਸਾਹਮਣੇ ਆਉਂਦੇ ਹਨ। ਦੀਪਕ ਪਾਰਿਕ ਨੇ ਨਾ ਸਿਰਫ ਸਾਈਬਰ ਕ੍ਰਾਈਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ, ਸਗੋਂ ਉਸ ਤੋਂ ਬਚਣ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਆਨਲਾਈਨ ਮਿਲਣ ਵਾਲੇ ਕਿਸੇ ਵੀ ਲਿੰਕ ਨੂੰ ਬਿਨਾਂ ਜਾਂਚ ਤੋਂ ਨਾ ਖੋਲ੍ਹਿਆ ਜਾਵੇ ਅਤੇ ਏ. ਟੀ. ਐਮ., ਕ੍ਰੈਡਿਟ ਕਾਰਡ ਆਦਿ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।

ਜਦੋਂ ਇਸ ਬਾਰੇ ਕੁੱਝ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਕਰਫਿਊ ਦੌਰਾਨ ਉਹ ਮੋਬਾਇਲ ਦੀ ਵਧੇਰੇ ਵਰਤੋਂ ਕਰਦੇ ਸਨ ਅਤੇ ਸੋਸ਼ਲ ਮੀਡੀਆ 'ਤੇ ਗੇਮਾਂ ਖੇਡਦੇ ਸਨ। ਇੱਥੋਂ ਤੱਕ ਕਿ ਕੁੱਝ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਨਲਾਈਨ ਟਰਾਂਜ਼ੈਕਸ਼ਨ ਦੇ ਅਕਸਰ ਲਿੰਕ ਵੀ ਆਉਂਦੇ ਰਹਿੰਦੇ ਸਨ, ਜਿਨ੍ਹਾਂ ਰਾਹੀਂ ਉਨ੍ਹਾਂ ਦੇ ਕੁਝ ਦੋਸਤਾਂ ਨਾਲ ਠੱਗੀ ਵੀ ਹੋਈ ਹੈ।


author

Babita

Content Editor

Related News