ਮੌਜੂਦਾ ਬਿਜਲੀ ਸੰਕਟ ਕਾਂਗਰਸ ਸਰਕਾਰ ਦੀ ਦੇਣ : ਸੁਖਬੀਰ ਬਾਦਲ

Tuesday, Oct 12, 2021 - 12:02 AM (IST)

ਮੌਜੂਦਾ ਬਿਜਲੀ ਸੰਕਟ ਕਾਂਗਰਸ ਸਰਕਾਰ ਦੀ ਦੇਣ : ਸੁਖਬੀਰ ਬਾਦਲ

ਅੰਮ੍ਰਿਤਸਰ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ 2022 ’ਚ ਸੱਤਾ ’ਚ ਆਉਣ ਤੋਂ ਬਾਅਦ ਅਕਾਲੀ ਦਲ ਅਤੇ ਬਸਪਾ ਗਠਜੋੜ ਸਰਕਾਰ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰੀ ਇਲਾਕੇ ਨੂੰ ਵਿਰਾਸਤੀ ਮਾਰਗ ਦੀ ਤਰਜ਼ ’ਤੇ ਵਿਕਸਤ ਕਰੇਗੀ ਤਾਂ ਜੋ ਇਥੇ ਵਣਜ ਅਤੇ ਸੈਰ ਸਪਾਟੇ ਨੂੰ ਉਤਸਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨਾ ਸਾਡੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ ਸ਼ਹਿਰ ਦੇ ਪੁਰਾਣੇ ਹਿੱਸੇ ਦਾ ਸੁੰਦਰੀਕਰਨ ਕਰਾਂਗੇ ਸਗੋਂ ਇਸਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਵਾਂਗੇ ਅਤੇ ਨਾਲ ਹੀ ਉਹ ਸਾਰੇ ਬੁਨਿਆਦੀ ਢਾਂਚਾ ਪ੍ਰਾਜੈਕਟ ਸੁਰਜੀਤ ਕਰਾਂਗੇ ਜੋ ਕਾਂਗਰਸ ਸਰਕਾਰ ਵੇਲੇ ਅਧੂਰੇ ਪਏ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਇਥੇ ਸ੍ਰੀ ਹਰਿਮੰਦਿਰ ਸਾਹਿਬ, ਪ੍ਰਾਚੀਨ ਸ਼ਿਵਾਲਿਆ ਮੰਦਿਰ ਅਤੇ ਗੁਰਦੁਆਰਾ ਅਟਾਰੀ ਸਾਹਿਬ (ਸੁਲਤਾਨਵਿੰਡ) ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਮੈਡੀਕਲ ਐਸੋਸੀਏਸ਼ਨਾਂ ਅਤੇ ਸੁਨਿਆਰਿਆਂ ਦੀ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਵੀ ਕੀਤੀ। ਟਾਹਲੀ ਵਾਲਾ ਬਜ਼ਾਰ ਪਹੁੰਚਣ ’ਤੇ ਸੁਨਿਆਰਾ ਐਸੋਸੀਏਸ਼ਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।  ਬਾਦਲ ਨੇ ਅੰਮ੍ਰਿਤਸਰ ਦੱਖਣੀ ਅਤੇ ਉੱਤਰੀ ਵਿਧਾਨ ਸਭਾ ਹਲਕਿਆਂ ਵਿਚ ਵੱਖ-ਵੱਖ ਜਨਤਕ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਅਨਿਲ ਜੋਸ਼ੀ, ਗੁਰਪ੍ਰਤਾਪ ਸਿੰਘ ਟਿੱਕਾ ਤੇ ਤਲਬੀਰ ਸਿੰਘ ਗਿੱਲ ਸਮੇਤ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੇ ਬੇਟੇ ਦੇ ਵਿਆਹ ’ਚ ਸਾਦਗੀ ਵੇਖ ਫਿਦਾ ਹੋਏ ਰਾਵਤ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਵਿਰਾਸਤੀ ਮਾਰਗ ਦੇ ਨਾਲ ਨਾਲ ਆਪਣਾ ਪਿੰਡ ਤੇ ਦੇਸ਼ ਦੀ ਵੰਡ ਸਬੰਧੀ ਮਿਊਜ਼ੀਅਮ ਸਮੇਤ ਹੋਰ ਸੈਰ ਸਪਾਟਾਂ ਪ੍ਰਾਜੈਕਟਾਂ ਰਾਹੀਂ ਅੰਮ੍ਰਿਤਸਰ ਨੂੰ ਵੱਡਾ ਸੈਰ ਸਪਾਟਾ ਕੇਂਦਰ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੈਨੁੰ ਬਹੁਤ ਦੁੱਖ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਹੁਣ ਮੌਜੂਦਾ ਸਰਕਾਰ ਵੇਲੇ ਉਹ ਖਿਆਲ ਨਹੀਂ ਰੱਖਿਆ ਜਾ ਰਿਹਾ ਜੋ ਰੱਖਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਵੇਖ ਕੇ ਮੈਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਵਿਰਾਸਤੀ ਮਾਰਗ ਨੂੰ ਤਬਾਹੀ ਦੇ ਰਾਹ ਤੋਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਕਾਂਗਰਸ ਪਾਰਟੀ ਦੀਆਂ ਅੰਦਰੂਨੀ ਸੱਤਾ ਖੇਡਾਂ ਦਾ ਸ਼ਿਕਾਰ ਹੋ ਗਈ ਹੈ ਅਤੇ ਪਿਛਲੇ ਤਕਰੀਬਨ ਪੰਜ ਸਾਲਾਂ ਦੌਰਾਨ ਅੰਮ੍ਰਿਤਸਰ ਵਿਚ ਵਿਕਾਸ ਦਾ ਕੋਈ ਵੀ ਵੱਡਾ ਪ੍ਰਾਜੈਕਟ ਸਿਰੇ ਨਹੀਂ ਚੜ੍ਹਾਇਆ ਗਿਆ। ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਮੌਜੂਦਾ ਬਿਜਲੀ ਸੰਕਟ ਮਨੁੱਖ ਵੱਲੋਂ ਸਿਰਜਿਆ ਸੰਕਟ ਹੈ ਅਤੇ ਇਸ ਲਈ ਕਾਂਗਰਸ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਮੁੱਖ ਮੰਤੀ ਅਤੇ ਨਾ ਹੀ ਬਿਜਲੀ ਮੰਤਰੀ ਨੇ ਕੋਲੇ ਦੀ ਸਪਲਾਈ ਵਿਚ ਤੇਜ਼ੀ ਲਿਆਉਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਪਲਾਂਟਾਂ ਨੂੰ ਵੀ ਹਰ ਵੇਲੇ ਉਨ੍ਹਾਂ ਕੋਲ ਤੀਹ ਦਿਨ ਦਾ ਸਰਪਲੱਸ ਕੋਲਾ ਹੋਣਾ ਯਕੀਨੀ ਬਣਾਉਣ ਲਈ ਜਵਾਬਦੇਹ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਸਰਕਾਰ ਦੀ ਇਸ ਅਣਗਹਿਲੀ ਦਾ ਨਤੀਜਾ ਭੁਗਤ ਰਹੇ ਹਨ ਅਤੇ ਬਿਜਲੀ ਉਤਪਾਦਨ ਘੱਟ ਕੇ 50 ਫੀਸਦੀ ਰਹਿ ਗਿਆ ਹੈ ਅਤੇ ਸੂਬੇ ਦਾ ਵੱਡਾ ਹਿੱਸਾ ਹਨ੍ਹੇਰੇ ਵਿਚ ਡੁੱਬ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਇਸ ਕਰ ਕੇ ਵੀ ਭਾਰੀ ਵਿੱਤੀ ਕੀਮਤ ਅਦਾ ਕਰਨਗੇ ਕਿਉਂਕਿ ਸੂਬਾ ਇਸ ਵੇਲੇ 11.60 ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਖਰੀਦ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹਨਾਂ ਨੇ ਪਿਛਲੀ ਅਕਾਲੀ ਸਰਕਾਰ ਵੇਲੇ ਕੀਤੇ ਬਿਜਲੀ ਖਰੀਦ ਸਮਝੌਦਿਆਂ ’ਤੇ ਸਵਾਲ ਚੁੱਕੇ ਸਨ, ਉਹ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਅਸਫਲਤਾ ਪਿਛਲਾ ਕਾਰਨ ਵੀ ਦੱਸਣ। ਉਨ੍ਹਾਂ ਕਿਹਾ ਕਿ ਇੰਡਸਟਰੀ ਸਮੇਤ ਹਰ ਵਰਗੇ ਦੇ ਪੰਜਾਬੀ ਇਸ ਵੇਲੇ 6 ਤੋਂ ਜ਼ਿਆਦਾ ਸਮੇਂ ਦੇ ਬਿਜਲੀ ਕੱਟ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਨਾਲ ਸੂਬੇ ਦੀ ਵਿਵਸਥਾ ਲੜਖੜਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼ਹਿਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਲੋਕਾਂ ਦੀ ਹਰ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਵਿਕਾਸ ਕਾਰਜ ਬਹਾਲ ਹੋਣਗੇ ਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਹੋਵੇਗੀ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਲੋਕਰਾਜੀ ਨੇਤਾ, ਠਰ੍ਹੰਮੇ ਨਾਲ ਸੁਣਦੇ ਹਨ : ਸ਼ਾਹ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News