ਕਰਫਿਊ ''ਚ ਹੋ ਰਹੇ ਵਿਆਹ ਬਣੇ ਮਿਸਾਲ, ਬਾਰਾਤੀ ਵਜੋਂ ਸ਼ਾਮਲ ਹੋਇਆ ਸਿਰਫ ਲਾੜੇ ਦਾ ਪਿਤਾ
Wednesday, May 13, 2020 - 06:55 PM (IST)

ਡੇਹਲੋਂ (ਡਾ. ਪ੍ਰਦੀਪ) : ਲਾਕਡਾਊਨ ਕਾਰਣ ਹੋਣ ਵਾਲੇ ਸਾਦੇ ਵਿਆਹ ਮਿਸਾਲ ਬਣਦੇ ਜਾ ਰਹੇ ਹਨ। ਬੀਤੇ ਦਿਨੀਂ ਕਸਬਾ ਡੇਹਲੋਂ ਵਿਖੇ ਹੀ ਅਜਿਹੀ ਹੀ ਇਕ ਮਿਸਾਲ ਦੇਖਣ ਨੂੰ ਮਿਲੀ। ਡੇਹਲੋਂ ਦੇ ਰਛਪਾਲ ਸਿੰਘ ਦੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ ਪਿੰਡ ਗੁੱਜਰਵਾਲ ਬੇਟ ਦੇ ਗੁਰਸਿੱਖ ਨੌਜਵਾਨ ਅਮਨਦੀਪ ਸਿੰਘ ਪੁੱਤਰ ਹਰਦੀਪ ਸਿੰਘ ਨਾਲ ਹੋਇਆ। ਦਿਲਚਸਪ ਗੱਲ ਇਹ ਰਹੀ ਕਿ ਬਾਰਾਤੀ ਵਜੋਂ ਲਾੜੇ ਦੇ ਨਾਲ ਸਿਰਫ ਉਸ ਦਾ ਪਿਤਾ ਹੀ ਸ਼ਾਮਲ ਸੀ। ਬਾਰਾਤ ਸਵੱਖਤੇ ਸਾਢੇ ਪੰਜ ਵਜੇ ਹੀ ਕਸਬਾ ਡੇਹਲੋਂ ਪਹੁੰਚ ਗਈ ਸੀ ਅਤੇ ਉੱਥੇ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਸੰਪੰਨ ਹੋਇਆ।
ਇਹ ਵੀ ਪੜ੍ਹੋ ► ਟਰੈਕਟਰ 'ਤੇ ਵਿਆਹ ਕੇ ਲਿਆਇਆ ਲਾੜੀ, ਨਜ਼ਾਰਾ ਦੇਖ ਪੁਲਸ ਨੇ ਵੀ ਇੰਝ ਕੀਤਾ ਸੁਆਗਤ (ਤਸਵੀਰਾਂ)
ਇਸ ਤਰ੍ਹਾਂ ਦਾ ਹੀ ਇਕ ਹੋਰ ਵਿਆਹ ਫਰੀਦਕੋਟ ਦੇ ਕੋਟਕਪੁਰਾ ਇਲਾਕੇ 'ਚ ਵੀ ਹੋਇਆ ਹੈ, ਜਿੱਥੇ ਨੌਜਵਾਨ ਮਨਜਿੰਦਰ ਸਿੰਘ ਨੇ ਸਾਦਾ ਵਿਆਹ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ। ਮਨਜਿੰਦਰ ਸਿੰਘ ਆਪਣੀ ਲਾੜੀ ਨੂੰ ਲੈਣ ਲਈ ਟਰੈਕਟਰ 'ਤੇ ਗਿਆ। ਮਨਜਿੰਦਰ ਸਿੰਘ ਨੇ ਦੱਸਿਆ ਕਿ ਲਾਕ ਡਾਊਨ ਤੋਂ ਪਹਿਲਾਂ ਹੀ ਉਸ ਦਾ ਵਿਆਹ ਤੈਅ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹੁਣ ਲਾਕ ਡਾਊਨ 'ਚ ਸਾਦਾ ਵਿਆਹ ਕਰਵਾ ਕੇ ਬੇਹੱਦ ਵਧੀਆ ਲੱਗ ਰਿਹਾ ਹੈ।
ਰਸਤੇ 'ਚ ਜੋ ਪੁਲਸ ਨਾਕੇ 'ਤੇ ਪੁਲਸ ਨੇ ਰੋਕ ਕੇ ਸਾਡਾ ਦਾ ਫੁੱਲਾਂ ਨਾਲ ਸੁਆਗਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ਗਿਆ, ਉਹ ਕਦੇ ਵੀ ਨਹੀਂ ਭੁੱਲਾਂਗੇ। ਲਾੜਾ ਮਨਜਿੰਦਰ ਸਿੰਘ ਅਤੇ ਲਾੜੀ ਨਵਨੀਤ ਕੌਰ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਲਾਕ ਡਾਊਨ ਤੋਂ ਬਾਅਦ ਵੀ ਲੋਕ ਵਿਆਹਾਂ 'ਚ ਫਜ਼ੂਲ ਖਰਚ ਨਾ ਕਰਨ ਅਤੇ ਸਾਦੇ ਢੰਗ ਨਾਲ ਵੀ ਵਿਆਹ ਕਰਵਾਉਣ ਨੂੰ ਤਰਜੀਹ ਦੇਣ।
ਇਹ ਵੀ ਪੜ੍ਹੋ ► ਪਾਵਰਕਾਮ ਵਲੋਂ ਆਮ ਲੋਕਾਂ ਨੂੰ ਦਿੱਤਾ 440 ਵਾਟ ਦਾ ਝਟਕਾ