ਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਪਿੜਾਈ ਸੀਜ਼ਨ ਦੀ ਸ਼ੁਰੂਆਤ, ਕਿਸਾਨਾਂ ਨੂੰ ਕੀਤੀ ਇਹ ਅਪੀਲ
Friday, Nov 25, 2022 - 07:48 PM (IST)
ਚੰਡੀਗੜ੍ਹ/ਬਟਾਲਾ (ਬੇਰੀ, ਸਾਹਿਲ) : ਪੰਜਾਬ ਦੇ ਪੇਂਡੂ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ 60ਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਕਰਦਿਆਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ ਕੀਤੀ। ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਹਿਕਾਰੀ ਖੰਡ ਮਿੱਲਾਂ ਨੂੰ ਚੱਲਦੇ ਰੱਖਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਰਕਬਾ ਗੰਨੇ, ਮੱਕੀ, ਦਾਲਾਂ, ਸਰ੍ਹੋਂ ਆਦਿ ਫਸਲਾਂ ਅਧੀਨ ਲਿਆਉਣ ਲਈ ਕਿਸਾਨਾਂ ਨੂੰ ਅਪੀਲ ਵੀ ਕੀਤੀ ਤੇ ਸਹਿਕਾਰੀ ਖੰਡ ਮਿੱਲਾਂ ਦੇ ਕਰਮਚਾਰੀਆਂ ਲਈ 6ਵਾਂ ਪੇ-ਸਕੇਲ ਲਾਗੂ ਕਰਨ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ : ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਅਨੁਸੂਚਿਤ ਜਾਤੀਆਂ 'ਤੇ ਹੋ ਰਹੇ ਅੱਤਿਆਚਾਰ ਗੰਭੀਰ ਚਿੰਤਾ ਦਾ ਵਿਸ਼ਾ
ਕੈਬਨਿਟ ਮੰਤਰੀ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਅਤਿ-ਆਧੁਨਿਕ ਤਕਨੀਕ ਅਪਣਾਈ ਗਈ ਹੈ ਤਾਂ ਜੋ ਇਕ ਨਵੇਂ ਪਲਾਂਟ ਜਿਸ ਵਿੱਚ 14 ਮੈਗਾਵਾਟ ਦਾ ਬਿਜਲੀ ਉਤਪਾਦਨ ਪਲਾਂਟ ਵੀ ਸ਼ਾਮਲ ਹੈ, ਜਿਸ ਨੂੰ ਬਾਅਦ ਵਿੱਚ 100 ਮੈਗਾਵਾਟ ਤੱਕ ਵਧਾਇਆ ਜਾ ਸਕਦਾ ਹੈ, ਦੇ ਨਿਰਮਾਣ ਨਾਲ ਮਿੱਲ ਦੀ ਸਮਰੱਥਾ ਨੂੰ 3500 ਟੀ.ਸੀ.ਡੀ. ਤੋਂ 5000 ਟੀ.ਸੀ.ਡੀ. ਤੱਕ ਵਧਾ ਦਿੱਤਾ ਜਾ ਸਕੇ। ਇਸ ਸਬੰਧੀ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਮਾਰਚ 2023 ਤੋਂ ਪਹਿਲਾਂ ਕਾਰਜਸ਼ੀਲ ਹੋਣ ਲਈ ਤੈਅ ਕੀਤਾ ਗਿਆ ਹੈ। ਇਹ ਪਲਾਂਟ ਰਿਫਾਈਨਡ ਸ਼ੂਗਰ ਦੇ ਨਾਲ ਹੀ ਪਾਵਰ ਦਾ ਉਤਪਾਦਨ ਕਰੇਗਾ, ਜੋ ਮਿੱਲ ਦੇ ਨਾਲ-ਨਾਲ ਕਿਸਾਨਾਂ ਲਈ ਵਿੱਤੀ ਤੌਰ 'ਤੇ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਬਾਇਓ-ਸੀਐੱਨਜੀ ਪਲਾਂਟ ਲਗਾਉਣ ਦਾ ਕੰਮ ਵੀ ਪ੍ਰਗਤੀ ਅਧੀਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਸੂਬੇ 'ਚ ਚੱਲ ਰਹੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਚਾਲੂ ਰੱਖਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਸਮੁੱਚੇ ਬੁਨਿਆਦੀ ਢਾਂਚੇ ਨੂੰ ਅਪਡੇਟ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਪ੍ਰਧਾਨ ਧਾਮੀ ਦੀ ਦੋ-ਟੁਕ, 'ਸ਼੍ਰੋਮਣੀ ਕਮੇਟੀ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣਾ ਕਿਸੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ'
ਇਸ ਮੌਕੇ ਮਿੱਲ ਦੇ ਬੋਰਡ ਆਫ਼ ਡਾਇਰੈਕਟਰਜ਼, ਜਨਰਲ ਮੈਨੇਜਰ ਅਤੇ ਸਮੂਹ ਕਿਸਾਨਾਂ ਨੇ ਕੈਬਨਿਟ ਮੰਤਰੀ ਅਤੇ ਚੇਅਰਮੈਨ ਸ਼ੂਗਰਫੈੱਡ ਪੰਜਾਬ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਹਿਕਾਰੀ ਖੰਡ ਮਿੱਲ ਬਟਾਲਾ ਦੀਆਂ ਵਰਕਰਜ਼ ਯੂਨੀਅਨਾਂ ਵੱਲੋਂ ਧਾਲੀਵਾਲ ਤੇ ਚੇਅਰਮੈਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ, ਚੇਅਰਮੈਨ ਸ਼ੂਗਰਫੈੱਡ ਨਵਦੀਪ ਸਿੰਘ ਸਿੱਧੂ ਅਤੇ ਚੇਅਰਮੈਨ ਪਨਸਪ ਬਲਬੀਰ ਸਿੰਘ ਪੰਨੂ ਨੇ 9 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਮਿੱਲ ਵਿੱਚ ਗੰਨੇ ਦੀਆਂ ਟਰਾਲੀਆਂ ਲੈ ਕੇ ਆਉਣ ਵਾਲੇ ਪਹਿਲੇ 11 ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।