ਮਾਣ ਦੀ ਗੱਲ: ਦੇਸ਼ ਦੀ ਧੀ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਅ ਰਹੀ CRPF ਕਮਾਂਡੈਂਟ ਕਮਲ ਸਿਸੋਦੀਆ

Saturday, Mar 09, 2024 - 01:13 PM (IST)

ਮਾਣ ਦੀ ਗੱਲ: ਦੇਸ਼ ਦੀ ਧੀ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਅ ਰਹੀ CRPF ਕਮਾਂਡੈਂਟ ਕਮਲ ਸਿਸੋਦੀਆ

ਜਲੰਧਰ (ਪੁਨੀਤ)–ਭਾਰਤ ਆਪਣੇ ਇਤਿਹਾਸ ਅਤੇ ਸੱਭਿਆਚਾਰ ਕਾਰਨ ਪੂਰੀ ਦੁਨੀਆ ਵਿਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਥੇ ਅੱਧੀ ਆਬਾਦੀ ਔਰਤਾਂ ਦੀ ਹੈ ਪਰ ਸ਼ੁਰੂਆਤ ਵਿਚ ਔਰਤਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਨਹੀਂ ਮਿਲ ਸਕੇ ਸਨ। ਔਰਤਾਂ ਦੇ ਸਸ਼ਕਤੀਕਰਨ ਲਈ ਲੰਬਾ ਸੰਘਰਸ਼ ਕਰਨਾ ਪਿਆ ਅਤੇ ਇਸ ਸੰਘਰਸ਼ ਵਿਚ ਔਰਤਾਂ ਨੇ ਖੁਦ ਨੂੰ ਸਾਬਿਤ ਕੀਤਾ ਅਤੇ ਵੱਡੇ ਮੁਕਾਮ ਹਾਸਲ ਕੀਤੇ।

ਸਮਾਜ ਵਿਚ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣ ਵਾਲੀਆਂ ਕੁਝ ਫ਼ੀਸਦੀ ਔਰਤਾਂ ਵਿਚ ਕਮਾਂਡੈਂਟ ਕਮਲ ਸਿਸੋਦੀਆ ਨੌਜਵਾਨ ਲੜਕੀਆਂ ਲਈ ਆਦਰਸ਼ ਹਨ। ਸੀ. ਆਰ. ਪੀ. ਐੱਫ਼. 13ਵੀਂ ਬਟਾਲੀਅਨ ਦੀ ਕਮਾਂਡੈਂਟ ਕਮਲ ਸਿਸੋਦੀਆ ਮੌਜੂਦਾ ਸਮੇਂ ਪੰਜਾਬ ਦੇ ਮੁੱਖ ਮੰਤਰੀ, ਜ਼ੈੱਡ ਸ਼੍ਰੇਣੀ, ਜ਼ੈੱਡ ਪਲੱਸ ਸ਼੍ਰੇਣੀ ਸਮੇਤ ਵੀ. ਵੀ. ਆਈ. ਪੀ. ਦੀ ਸੁਰੱਖਿਆ ਦੀ ਅਹਿਮ ਜ਼ਿੰਮੇਵਾਰੀ ਨਿਭਾਅ ਰਹੇ ਹਨ। ਕਮਾਂਡੈਂਟ ਸਿਸੋਦੀਆ ਨੂੰ ਦੇਸ਼ ਦੀ ਬੇਟੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਅ ਰਹੇ ਹਨ। ਮਹਿਲਾ ਸਸ਼ਕਤੀਕਰਨ ਦੀ ਮਿਸਾਲ ਕਮਲ ਸਿਸੋਦੀਆ ਸੀ. ਆਰ. ਪੀ. ਐੱਫ਼. 13ਵੀਂ ਬਟਾਲੀਅਨ ਦੀ ਕਮਾਂਡੈਂਟ ਹੋਣ ਦੇ ਨਾਲ-ਨਾਲ ਜ਼ਿੰਮੇਵਾਰ ਪਾਠਕ, ਵਿਦਵਾਨ ਲੇਖਿਕਾ ਅਤੇ ਉੱਘੀ ਸਮਾਜਕ ਵਰਕਰ ਵਜੋਂ ਉਭਰ ਕੇ ਸਾਹਮਣੇ ਆਏ ਹਨ। ਉਨ੍ਹਾਂ ‘ਸਕਿੱਲ ਇੰਡੀਆ ਮਿਸ਼ਨ’ ਨਾਂ ਦੀ ਕਿਤਾਬ ਲਿਖੀ ਹੈ, ਜਿਸ ਨਾਲ ਅਣਗਿਣਤ ਲੋਕਾਂ ਨੂੰ ਲਾਭ ਹੋਇਆ। ਦੁਨੀਆ ਦੀ ਸਭ ਤੋਂ ਵੱਡੀ ਪੈਰਾ-ਮਿਲਟਰੀ ਫੋਰਸ ਸੀ. ਆਰ. ਪੀ. ਐੱਫ਼. ਵਿਚ 23 ਸਾਲ ਤੋਂ ਵੱਧ ਦੀ ਸਰਵਿਸ ਦੌਰਾਨ ਉਹ ਜੰਮੂ-ਕਸ਼ਮੀਰ ਤੋਂ ਲੈ ਕੇ ਉੱਤਰ ਪੂਰਬ ਤਕ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ : ਮਾਲਵਾ, ਦੋਆਬਾ 'ਚ 2-2 ਤਾਂ ਮਾਝਾ ਜ਼ੋਨ ’ਚ ਨਹੀਂ ਹੈ ਇਕ ਵੀ ਰਾਖਵੀਂ ਸੀਟ!

ਉੱਤਰ-ਪੂਰਬ ਦੀਆਂ ਆਦਿਵਾਸੀ, ਗਰੀਬੀ ਰੇਖਾ ਤੋਂ ਹੇਠਲੀਆਂ ਔਰਤਾਂ, ਲੜਕੀਆਂ ਵਿਸ਼ੇਸ਼ ਰੂਪ ਨਾਲ ਜਬਰ-ਜ਼ਿਨਾਹ ਅਤੇ ਤੇਜ਼ਾਬ ਹਮਲੇ ਦੀਆਂ ਸ਼ਿਕਾਰ ਲੜਕੀਆਂ, ਲੋੜਵੰਦ ਔਰਤਾਂ ਨੂੰ ਹੁਨਰ ਵਿਕਾਸ ਜ਼ਰੀਏ ਮਜ਼ਬੂਤ ਬਣਾਉਣ ਵਿਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਯਤਨਾਂ ਦੀ ਬਦੌਲਤ ਅਣਗਿਣਤ ਔਰਤਾਂ ਅਤੇ ਲੜਕੀਆਂ ਆਰਥਕ ਰੂਪ ਨਾਲ ਆਜ਼ਾਦ ਬਣਨ ਵਿਚ ਕਾਮਯਾਬ ਹੋਈਆਂ ਅਤੇ ਅੱਜ ਆਤਮਨਿਰਭਰ ਹੋ ਕੇ ਜੀਵਨ ਬਿਤਾ ਰਹੀਆਂ ਹਨ। ਸਕੂਲਾਂ-ਕਾਲਜਾਂ ਦੀਆਂ ਵਿਦਿਆਰਥਣਾਂ, ਨੌਜਵਾਨਾਂ, ਪਿੰਡਾਂ ਵਿਚ ਗੈਰ-ਸਰਕਾਰੀ ਸੰਗਠਨਾਂ ਤਕ ਪਹੁੰਚ ਕਰਦੇ ਹੋਏ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਵੀਂ ਦਿਸ਼ਾ ਦਿੱਤੀ। ਸਮਾਜ ਦੇ ਲੋੜਵੰਦ ਵਰਗਾਂ ਨੂੰ ਮਹਿਲਾ ਸਸ਼ਕਤੀਕਰਨ, ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹਮੇਸ਼ਾ ਉਨ੍ਹਾਂ ਦੀ ਰੁਟੀਨ ਵਿਚ ਸ਼ਾਮਲ ਰਿਹਾ। ਜਾਗਰੂਕਤਾ ਫੈਲਾਉਣ ਲਈ ਉਹ ਸਮੇਂ-ਸਮੇਂ ’ਤੇ ਵਰਕਸ਼ਾਪਾਂ, ਸੈਮੀਨਾਰ ਆਦਿ ਆਯੋਜਿਤ ਕਰਦੇ ਰਹੇ ਹਨ।

ਗਵਾਲੀਅਰ ’ਚ ਉਨ੍ਹਾਂ ਨੂੰ ਮਹਾਰਾਣੀ ਲਕਸ਼ਮੀ ਬਾਈ ਦੀ ਜਯੰਤੀ ’ਤੇ ‘ਵੀਰਾਂਗਨਾ ਸਨਮਾਨ’ ਦਿੱਤਾ ਗਿਆ। ਉਥੇ ਹੀ, ਮਹਿਲਾ ਸਸ਼ਕਤੀਕਰਨ ਤੇ ਦੇਸ਼ ਪ੍ਰੇਮ ਲਈ ਕੀਤੇ ਯਤਨ ਕਾਰਨ ਉਨ੍ਹਾਂ ਨੂੰ ਦੇਸ਼ ਭਰ ਵਿਚ ਵੱਖ-ਵੱਖ ਮੰਚਾਂ ’ਤੇ ਸਨਮਾਨਿਤ ਕੀਤਾ ਗਿਆ। ਦੇਸ਼ ਦੀ ਇਸ ਬਹਾਦਰ ਬੇਟੀ ਦਾ ਨਾਂ ਲੈ ਕੇ ਆਦਰਸ਼ ਦੇ ਤੌਰ ’ਤੇ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਅਤੇ ਨੌਜਵਾਨ ਲੜਕੀਆਂ ਨੂੰ ਉਨ੍ਹਾਂ ਤੋਂ ਸਿੱਖਿਆ ਲੈਂਦੇ ਹੋਏ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦੀ ਮਿਹਨਤ ਹਮੇਸ਼ਾ ਸ਼ਲਾਘਾਯੋਗ ਰਹੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਦਸੂਹਾ ਦੇ ਇਕੋ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ 'ਚ ਦਰਦਨਾਕ ਮੌਤ, ਇਕ ਸੀ 3 ਭੈਣਾਂ ਦਾ ਇਕਲੌਤਾ ਭਰਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News