ਮੋਹਾਲੀ 'ਚ 'ਬਰਡ ਫਲੂ' ਦੀ ਦਹਿਸ਼ਤ, ਮਰੇ ਹੋਏ ਮਿਲੇ ਅੱਧੀ ਦਰਜਨ ਤੋਂ ਵੱਧ 'ਕਾਂ'

1/15/2021 11:34:52 AM

ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਸ਼ਮਸ਼ਾਨਘਾਟ 'ਚ ਬੀਤੇ ਦਿਨ ਵੱਖ-ਵੱਖ ਥਾਵਾਂ ’ਤੇ ਅੱਧੀ ਦਰਜਨ ਤੋਂ ਵੱਧ ਕਾਂ ਮਰੇ ਹੋਏ ਮਿਲੇ ਹਨ। ਇਨ੍ਹਾਂ 'ਚੋਂ ਚਾਰ ਕਾਂ ਅਜਿਹੇ ਸਨ, ਜਿਹੜੇ ਸ਼ਮਸ਼ਾਨਘਾਟ ਦੇ ਮੁਲਾਜ਼ਮਾਂ ਵੱਲੋਂ ਵੇਖੇ ਜਾਣ ਤੋਂ ਪਹਿਲਾਂ ਹੀ ਮਰੇ ਹੋਏ ਸੀ, ਜਦੋਂ ਕਿ ਤਿੰਨ ਅਜਿਹੇ ਸਨ ਜਿਹੜੇ ਪਹਿਲਾਂ ਜ਼ਿੰਦਾ ਸਨ ਅਤੇ ਬਾਅਦ 'ਚ ਆਖ਼ਰੀ ਸਾਹ ਲੈ ਰਹੇ ਸਨ। ਇਨ੍ਹਾਂ ਮਰੇ ਹੋਏ ਕਾਵਾਂ ਨੂੰ ਬਾਅਦ 'ਚ ਜੰਗਲੀ ਜੀਵ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਚੁਕਵਾ ਕੇ ਪਸ਼ੂ ਪਾਲਣ ਮਹਿਕਮੇ ਦੀ ਬਲੌਂਗੀ ਸਥਿਤ ਡਿਸਪੈਂਸਰੀ ਪਹੁੰਚਾਇਆ ਗਿਆ, ਜਿੱਥੋਂ ਬਾਅਦ 'ਚ ਇਨ੍ਹਾਂ ਦੇ ਨਮੂਨਿਆਂ ਨੂੰ ਅਗਲੇਰੀ ਜਾਂਚ ਲਈ ਜਲੰਧਰ ਦੀ ਲੈਬਾਰਟਰੀ 'ਚ ਭੇਜਿਆ ਜਾਣਾ ਸੀ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਦਿੱਲੀ ਅੰਦੋਲਨ ਤੋਂ ਬੀਮਾਰ ਪਰਤੇ ਕਿਸਾਨ ਆਗੂ ਦੀ ਮੌਤ

ਸ਼ਮਸ਼ਾਨਘਾਟ ਦੇ ਪੰਡਿਤ ਨਰਿੰਦਰ ਪਾਂਡੇ ਨੇ ਦੱਸਿਆ ਕਿ ਇਹ ਕਾਂ ਸ਼ਮਸ਼ਾਨਘਾਟ 'ਚ ਲੱਗੇ ਦਰੱਖਤਾਂ ਦੇ ਹੇਠਾਂ ਡਿੱਗੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਕਾਂ ਮਰੇ ਹੋਏ ਵੇਖੇ ਅਤੇ ਇਸ ਸਬੰਧੀ 100 ਨੰਬਰ ’ਤੇ ਫੋਨ ਕਰ ਕੇ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਆਈ ਅਤੇ ਇਸ ਸਬੰਧੀ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੀ ਗੱਲ ਕੀਤੀ। ਇਸ ਸਬੰਧੀ ਪਸ਼ੂ ਪਾਲਣ ਮਹਿਕਮੇ ਦੇ ਸਬੰਧਿਤ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਤਾਂ ਸਿਰਫ ਮੁਰਗੀਆਂ ਦੇ ਹੀ ਨਮੂਨੇ ਇਕੱਠੇ ਕਰ ਰਹੇ ਹਨ ਅਤੇ ਇਨ੍ਹਾਂ ਕਾਂਵਾਂ ਦੀ ਜਾਂਚ ਦਾ ਕੰਮ ਜੰਗਲੀ ਜੀਵ ਮਹਿਕਮੇ ਦਾ ਹੈ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੇ ਨਵੇਂ ਟਵੀਟ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਗੁੱਸਾ ਕੱਢ ਰਹੀ ਜਨਤਾ ਨੇ ਦਿੱਤੇ ਅਜਿਹੇ ਜਵਾਬ

ਦੂਜੇ ਪਾਸੇ ਜੰਗਲੀ ਜੀਵ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਾਂਚ ਤਾਂ ਪਸ਼ੂ ਪਾਲਣ ਮਹਿਕਮੇ ਵੱਲੋਂ ਹੀ ਕੀਤੀ ਜਾਣੀ ਹੈ ਅਤੇ ਉਹ ਇਸ ਸਬੰਧੀ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਡਿਵੀਜ਼ਨਲ ਫਾਰੈਸਟ ਅਫ਼ਸਰ ਮੋਨਿਕਾ ਯਾਦਵ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ 'ਚ ਹੈ ਅਤੇ ਉਨ੍ਹਾਂ ਦੀ ਇਸ ਸਬੰਧੀ ਪਸ਼ੂ-ਪਾਲਣ ਮਹਿਕਮੇ ਦੀ ਡਿਪਟੀ ਡਾਇਰੈਕਟਰ ਡਾ. ਸੰਗੀਤਾ ਨਾਲ ਗੱਲ ਹੋਈ ਹੈ।

ਇਹ ਵੀ ਪੜ੍ਹੋ : 'ਕੋਰੋਨਾ ਵੈਕਸੀਨ' ਦਾ ਮਹਾਂ ਅਭਿਆਨ 16 ਜਨਵਰੀ ਤੋਂ ਸ਼ੁਰੂ, ਪਹਿਲੇ ਦਿਨ 3 ਲੱਖ ਲੋਕਾਂ ਨੂੰ ਲੱਗੇਗਾ ਟੀਕਾ

ਉਨ੍ਹਾਂ ਦੱਸਿਆ ਕਿ ਇਕ ਦਿਨ ਪਹਿਲਾਂ ਸ਼ਹਿਰ 'ਚ ਜਿਹੜੇ ਪੰਜ ਮਰੇ ਹੋਏ ਕਾਂ ਬਰਾਮਦ ਹੋਏ ਸਨ, ਉਨ੍ਹਾਂ ਦੇ ਨਮੂਨੇ ਵੀ ਜਾਂਚ ਲਈ ਜਲੰਧਰ ਭੇਜੇ ਗਏ ਹਨ। ਦੂਜੇ ਪਾਸੇ ਪਸ਼ੂ ਪਾਲਣ ਮਹਿਕਮੇ ਦੀ ਡਿਪਟੀ ਡਾਇਰੈਕਟਰ ਡਾ. ਸੰਗੀਤਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਡੀ. ਐੱਫ. ਓ. ਮੋਨਿਕਾ ਯਾਦਵ ਨੇ ਇਸ ਸਬੰਧੀ ਦੱਸਿਆ ਹੈ ਅਤੇ ਉਹ ਇਸ ਸਬੰਧੀ ਲੋੜੀਂਦੀ ਕਾਰਵਾਈ ਕਰ ਰਹੇ ਹਨ।
ਨੋਟ : ਬਰਡ ਫਲੂ ਦੇ ਖ਼ਤਰੇ ਦਰਮਿਆਨ ਮੋਹਾਲੀ 'ਚ ਮਿਲੇ ਮ੍ਰਿਤਕ ਕਾਵਾਂ ਬਾਰੇ ਦਿਓ ਆਪਣੀ ਰਾਏ
 


Babita

Content Editor Babita