ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਮਿਲੇ 1 ਕਰੋੜ ਦੀ ਸਨਮਾਨ ਰਾਸ਼ੀ : ਹਰਪਾਲ ਚੀਮਾ
Monday, May 11, 2020 - 08:16 PM (IST)
ਮਾਨਸਾ, (ਮਿੱਤਲ)— ਦੇਸ਼ ਅਤੇ ਦੇਸ਼ ਵਾਸੀਆਂ ਦੀ ਰੱਖਿਆ ਲਈ ਸਰਹੱਦਾਂ 'ਤੇ ਜਾਨਾਂ ਕੁਰਬਾਨ ਕਰਨ ਵਾਲੇ ਹਰ ਸ਼ਹੀਦ ਦੇ ਸਨਮਾਨ ਹਿੱਤ ਉਸ ਦੇ ਪਰਿਵਾਰ ਨੂੰ ਘੱਟੋ-ਘੱਟ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਸ਼ਹੀਦ ਦੀ ਅੰਤਿਮ ਅਰਦਾਸ ਤੋਂ ਪਹਿਲਾਂ-ਪਹਿਲਾਂ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਪਰਿਵਾਰ ਦੀ ਮੰਗ ਦੇ ਇਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਬਾਕੀ ਲਾਭ-ਭੱਤੇ ਬਿਨਾਂ ਦੇਰੀ ਮਿਲਣੇ ਚਾਹੀਦੇ ਹਨ। ਇਹ ਸ਼ਬਦ ਅੱਜ ਜ਼ਿਲ੍ਹੇ ਦੇ ਪਿੰਡ ਰਾਜਰਾਣਾ ਵਿਖੇ ਸ਼ਹੀਦ ਹੋਏ ਨਾਇਕ ਰਾਜੇਸ਼ ਕੁਮਾਰ ਗੋਦਾਰਾ ਦੇ ਸ਼ਰਧਾਂਜਲੀ ਸਮਾਰੋਹ 'ਚ ਪੁੱਜੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਐਲਾਨੀ ਗਈ ਮਹਿਜ਼ 10 ਲੱਖ ਰੁਪਏ ਦੀ ਰਾਸ਼ੀ ਬੇਹੱਦ ਨਿਗੂਣੀ ਰਕਮ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰ ਕੇ ਸ਼ਹੀਦ ਰਾਜੇਸ਼ ਕੁਮਾਰ ਗੋਦਾਰਾ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਤੁਰੰਤ ਦੇਣ ਲਈ ਕਹਿਣਗੇ। ਚੀਮਾ ਨੇ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਰਾਹੀਂ ਦੇਸ਼ ਦੀ ਪਾਰਲੀਮੈਂਟ 'ਚ ਹਰ ਸ਼ਹੀਦ ਲਈ ਘੱਟੋ-ਘੱਟ ਇਕ ਕਰੋੜ ਰੁਪਏ ਦੀ ਇਕਸਾਰ ਸਨਮਾਨ ਰਾਸ਼ੀ ਦੀ ਕੌਮੀ ਨੀਤੀ ਬਣਾਉਣ ਦੀ ਮੰਗ ਕਰਨਗੇ।
ਇਸ ਸਮੇਂ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਰਦੂਲਗੜ੍ਹ ਦਾ ਸਰਹੱਦੀ ਇਲਾਕਾ ਸਿਹਤ ਅਤੇ ਸਿੱਖਿਆ ਪੱਖੋਂ ਬੇਹੱਦ ਅਣਗੌਲਿਆ ਖੇਤਰ ਹੈ। ਇਸ ਲਈ ਸਰਕਾਰ ਸ਼ਹੀਦ ਰਾਜੇਸ਼ ਕੁਮਾਰ ਗੋਦਾਰਾ ਦੇ ਨਾਂ 'ਤੇ ਇਸ ਖੇਤਰ 'ਚ ਇਕ ਆਧੁਨਿਕ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਨ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ, ਨੇਮ ਚੰਦ ਚੌਧਰੀ, ਗੁਰਪ੍ਰੀਤ ਸਿੰਘ, ਅਭੈ ਰਾਮ ਗੋਦਾਰਾ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਮੌਜੂਦ ਸਨ।