ਮਾਮਲਾ ਆਪਸੀ ਰੰਜਸ਼ ਦਾ : ਦਿਨ-ਦਿਹਾਡ਼ੇ ਦੁਕਾਨਦਾਰ ਨੂੰ ਗੋਲੀ ਮਾਰੀ
Tuesday, Aug 07, 2018 - 01:52 AM (IST)

ਨਾਭਾ(ਜੈਨ, ਭੂਪਾ)-ਅੱਜ ਸਰਕੂਲਰ ਰੋਡ ਬੌਡ਼ਾਂ ਗੇਟ ਲਾਗੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕਬਾਡ਼ ਦੀ ਇਕ ਦੁਕਾਨ ’ਤੇ ਬੈਠੇ ਦੁਕਾਨਦਾਰ ਵਲੈਤੀ ਰਾਮ ਉਰਫ ਬਿੱਲਾ ਰਾਮ (40) ਨੂੰ ਇਕ ਵਿਅਕਤੀ ਨੇ ਗੋਲੀ ਮਾਰ ਦਿੱਤੀ। ਹਮਲਾਵਰ ਨੇ ਭੱਜਣ ਦਾ ਯਤਨ ਕੀਤਾ ਪਰ ਦੁਕਾਨਦਾਰ ਦੇ ਨੌਕਰ ਤੇ ਹੋਰਨਾਂ ਨੇ ਹਿੰਮਤ ਦਿਖਾਈ ਤੇ ਉਸ ਨੂੰ ਫਡ਼ ਲਿਆ ਗਿਆ। ਮੁਲਜ਼ਮ ਦੀ ਪਛਾਣ ਸੰਤਾ ਰਾਮ ਵਾਸੀ ਛੱਜੂਭੱਟ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਹਮਲਾਵਰ ਦੀ ਬੇਟੀ ਦਾ ਵਿਆਹ ਬਿੱਲਾ ਰਾਮ ਨਾਲ ਹੋਇਆ ਸੀ, ਜਿਸ ਦੀ ਸ਼ੱਕੀ ਹਾਲਤ ਵਿਚ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਤੋਂ ਬਾਅਦ ਬਿੱਲਾ ਰਾਮ ਨੇ ਦੂਜਾ ਵਿਆਹ ਪਿੰਡ ਨੂਰਪੁਰਾ ਵਿਖੇ ਕਰਵਾ ਲਿਆ ਸੀ। ਆਪਣੀ ਬੇਟੀ ਦੀ ਮੌਤ ਤੋਂ ਪਰੇਸ਼ਾਨ ਹਮਲਾਵਰ ਨੇ ਫਾਇਰਿੰਗ ਕੀਤੀ। ਐੈੱਸ. ਐੈੱਚ. ਓ. ਕੋਤਵਾਲੀ ਸੁਖਰਾਜ ਸਿੰਘ ਘੁੰਮਣ ਨੇ ਵਾਰਦਾਤ ਵਾਲੀ ਥਾਂ ਦਾ ਨਿਰੀਖਣ ਕਰਨ ਤੋਂ ਬਾਅਦ ਹਸਪਤਾਲ ਵਿਚ ਫੱਟਡ਼ ਬਿੱਲਾ ਰਾਮ ਦੇ ਬਿਆਨ ਦਰਜ ਕੀਤੇ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਕਾਬੂ ਕਰ ਕੇ ਧਾਰਾ 307 ਆਈ. ਪੀ. ਸੀ. ਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਹਮਲਾਵਰ ਨੇ 12 ਬੋਰ ਬੰਦੂਕ ਨਾਲ ਫਾਇਰ ਕੀਤੇ ਪਰ ਵੱਡਾ ਦੁਖਾਂਤ ਹੋਣੋ ਟਲ ਗਿਆ। ਮੁਲਜ਼ਮ ਦਾ ਪੁਲਸ ਰਿਮਾਂਡ ਲੈ ਕੇ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਫੱਟਡ਼ ਬਿੱਲਾ ਰਾਮ ਸਿਵਲ ਹਸਪਤਾਲ ਐਮਰਜੈਂਸੀ ਵਿਚ ਦਾਖਲ ਹੈ।