ਸਕੂਲ ਗੇਟ ਦੇ ਬਾਹਰ ਬਿਨਾਂ ਕਾਰਨ ਖੜ੍ਹੇ ਨੌਜਵਾਨ ਆਪਸ ''ਚ ਭਿੜੇ
Friday, Apr 06, 2018 - 01:26 AM (IST)

ਜਲਾਲਾਬਾਦ(ਟੀਨੂੰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਪੁਲਸ ਅਧਿਕਾਰੀ ਜਾਂ ਫਿਰ ਕਰਮਚਾਰੀ ਮੌਜੂਦ ਨਾ ਹੋਣ ਕਰਕੇ ਸਕੂਲ ਦੇ ਗੇਟ ਸਾਹਮਣੇ ਅਕਸਰ ਹੀ ਨੌਜਵਾਨ ਲੜਕੇ ਝੁੰਡ ਬਣਾ ਕੇ ਖੜ੍ਹੇ ਅਤੇ ਬੈਠੇ ਦੇਖੇ ਜਾ ਸਕਦੇ ਹਨ। ਜਿਸ ਕਰਕੇ ਸਵੇਰੇ ਸਕੂਲ ਲੱਗਣ ਸਮੇਂ ਅਤੇ ਦੁਪਹਿਰੇ ਛੁੱਟੀ ਸਮੇਂ ਆਉਣ-ਜਾਣ ਵਾਲੀਆਂ ਲੜਕੀਆਂ ਨੂੰ ਇਨ੍ਹਾਂ ਨੌਜਵਾਨ ਭੂੰਡ ਆਸ਼ਕਾਂ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰੇ 11 ਵਜੇ ਦੇ ਕਰੀਬ ਸਕੂਲ ਦੇ ਬਾਹਰ ਬਿਨਾਂ ਕਿਸੇ ਕਾਰਨ ਬੈਠੇ ਨੌਜਵਾਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਉਕਤ ਨੌਜਵਾਨ ਆਪਸ ਵਿਚ ਭਿੜ ਪਏ ਅਤੇ ਉਨ੍ਹਾਂ ਨੇ ਇਕ ਦੂਸਰੇ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਠੀਕ ਉਸੇ ਸਮੇਂ ਹੀ ਸਕੂਲ ਦੀਆਂ ਲੜਕੀਆਂ ਨੂੰ ਛੁੱਟੀ ਹੋਈ ਸੀ, ਨੌਜਵਾਨਾਂ ਦੀ ਲੜਾਈ ਹੋਣ ਕਰਕੇ ਲੜਕੀਆਂ ਨੂੰ ਕੁਝ ਸਮਾਂ ਸਕੂਲ ਗੇਟ ਦੇ ਅੰਦਰ ਰੁਕਣਾ ਪਿਆ ਅਤੇ ਦੇਖਦੇ ਹੀ ਦੇਖਦੇ ਰੋਡ 'ਤੇ ਵੀ ਲੋਕ ਤਮਾਸ਼ਾ ਦੇਖਣ ਲਈ ਇੱਕਠੇ ਹੋ ਗਏ। ਭੂੰਡ ਆਸ਼ਕਾਂ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਕੀਤੀ ਗਈ ਇਸ ਗੁੰਡਾਗਰਦੀ ਕਾਰਨ ਸਕੂਲ ਦੀਆਂ ਲੜਕੀਆਂ ਵਿਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਲੜਕੀਆਂ ਆਪਣੇ-ਆਪ ਨੂੰ ਅਸੁੱਰਖਿਅਤ ਮਹਿਸੂਸ ਕਰਨ ਲੱਗੀਆਂ। ਇੱਥੇ ਦੱਸਣਯੋਗ ਹੈ ਕਿ ਇਹ ਘਟਨਾ ਪਹਿਲੀ ਵਾਰ ਦੀ ਨਹੀਂ ਹੈ, ਬਲਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਕੂਲ ਸਾਹਮਣੇ ਬਿਨਾਂ ਕਿਸੇ ਕਾਰਨ ਬੈਠਦੇ ਭੂੰਡ ਆਸ਼ਕ ਆਪਸ 'ਚ ਉਲਝਦੇ ਦਿਖਾਈ ਦਿੱਤੇ ਹਨ ਪਰ ਇਨ੍ਹਾਂ ਭੂੰਡ ਆਸ਼ਕਾਂ ਨੂੰ ਸੁਧਾਰਨ ਦੇ ਲਈ ਸਕੂਲ ਦੇ ਬਾਹਰ ਨਾ ਤਾਂ ਕੋਈ ਪੁਲਸ ਅਧਿਕਾਰੀ ਨਜ਼ਰ ਆਉਂਦਾ ਹੈ ਅਤੇ ਨਾ ਹੀ ਕਰਮਚਾਰੀ। ਇਸ ਤੋਂ ਇਲਾਵਾ ਭੂੰਡ ਆਸ਼ਕ ਸਰਕਾਰੀ ਸਕੂਲ ਦੇ ਨਾਲ ਵਾਲੀ ਗਲੀ ਜੋ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਵੱਲ ਨੂੰ ਜਾਂਦੀ ਹੈ, ਉਸ ਗਲੀ ਵਿਚ ਖੜ੍ਹ ਕੇ ਲੜਕੀਆਂ ਨੂੰ ਕੁਮੈਂਟਸ ਕਰਦੇ ਅਕਸਰ ਹੀ ਨਜ਼ਰ ਆਉਂਦੇ ਹਨ। ਜਿਸ ਕਰਕੇ ਲੜਕੀਆਂ ਨੂੰ ਸਕੂਲ ਆਉਣ-ਜਾਣ ਸਮੇਂ ਇਨ੍ਹਾਂ ਭੂੰਡ ਆਸ਼ਕਾਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਲਾਲਾਬਾਦ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਟ੍ਰੈਫਿਕ ਇੰਚਾਰਜ ਏ.ਅੱੈਸ.ਆਈ ਨਰਿੰਦਰ ਸਿੰਘ ਸਵੇਰੇ ਸਕੂਲ ਲੱਗਣ ਸਮੇਂ ਅਤੇ ਦੁਪਹਿਰ ਛੁੱਟੀ ਸਮੇਂ ਆਪਣੀ ਟੀਮ ਨਾਲ ਸਰਕਾਰੀ ਸਕੂਲ ਦੇ ਬਾਹਰ ਮੌਜੂਦ ਰਹਿੰਦੇ ਸਨ। ਇਸ ਤੋਂ ਇਲਾਵਾ ਪੀ.ਸੀ.ਆਰ ਦੇ ਨੌਜਵਾਨਾਂ ਵੱਲੋਂ ਵੀ ਸਕੂਲਾਂ- ਕਾਲਜਾਂ ਨਜ਼ਦੀਕ ਗਸ਼ਤ ਕੀਤੀ ਜਾਂਦੀ ਸੀ। ਜਿਸ ਕਰਕੇ ਭੂੰਡ ਆਸ਼ਕ ਸਰਕਾਰੀ ਸਕੂਲ ਤੋਂ ਇਲਾਵਾ ਹੋਰ ਸਕੂਲਾਂ- ਕਾਲਜਾਂ ਦੇ ਨਜ਼ਦੀਕ ਲੜਕੀਆਂ ਪਿੱਛੇ ਗੇੜੇ ਮਾਰਨ ਤੋਂ ਡਰਦੇ ਸਨ ਪਰ ਪੁਲਸ ਪ੍ਰਸ਼ਾਸਨ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਏ.ਐੱਸ.ਆਈ ਨਰਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਥਾਨਕ ਸ਼ਹਿਰ, ਸਰਕਾਰੀ ਸਕੂਲ ਅਤੇ ਕਾਲਜਾਂ ਦੇ ਬਾਹਰ ਪੁਲਸ ਕਰਮਚਾਰੀ ਨਜ਼ਰ ਨਾ ਆਉਣ ਕਰਕੇ ਭੂੰਡ ਆਸ਼ਕ ਬਿਨਾਂ ਕਿਸੇ ਡਰ ਤੋਂ ਖੜ੍ਹੇ ਦਿਖਾਈ ਦਿੰਦੇ ਹਨ ਅਤੇ ਲੜਕੀਆਂ ਪਿੱਛੇ ਗੇੜੇ ਮਾਰਦੇ ਦਿਸਦੇ ਹਨ। ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਥਾਨਕ ਸ਼ਹਿਰ ਅੰਦਰ ਸਥਿਤ ਵੱਖ- ਵੱਖ ਸਕੂਲਾਂ-ਕਾਲਜਾਂ ਦੇ ਬਾਹਰ ਪੁਲਸ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਜਾਣ ਤਾਂ ਜੋ ਸਕੂਲਾਂ-ਕਾਲਜਾਂ ਵਿਚ ਆਉਣ-ਜਾਣ ਸਮੇਂ ਲੜਕੀਆਂ ਨੂੰ ਭੂੰਡ ਆਸ਼ਕਾਂ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕੀ ਕਹਿਣਾ ਹੈ ਡੀ. ਐਸ. ਪੀ ਅਮਰਜੀਤ ਸਿੰਘ ਸਿੱਧੂ ਦਾ
ਉਧਰ ਦੂਸਰੇ ਪਾਸੇ ਜਦੋਂ ਇਸ ਸਬੰਧੀ ਡੀ.ਐੱਸ.ਪੀ ਅਮਰਜੀਤ ਸਿੰਘ ਸਿੱਧੂ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲ ਦੇ ਬਾਹਰ ਪੰਜਾਬ ਪੁਲਸ ਦੇ ਜਵਾਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਹਨ। ਜੇਕਰ ਫਿਰ ਵੀ ਸਰਕਾਰੀ ਸਕੂਲ ਦੇ ਬਾਹਰ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਕਮੀ ਹੈ ਤਾਂ ਉਹ ਖੁਦ ਜਾ ਕੇ ਜਲਦ ਹੀ ਪੂਰੀ ਕਰਵਾ ਦੇਣਗੇ।