ਆਰਕੀਟੈਕਟ ਦੇ ਘਰੋਂ ਚੋਰ 3 ਲੱਖ ਭਾਰਤੀ ਕਰੰਸੀ, 4 ਹਜ਼ਾਰ ਕੈਨੇਡੀਅਨ ਤੇ 1 ਹਜ਼ਾਰ ਅਮਰੀਕੀ ਡਾਲਰ ਲੈ ਗਏ
Tuesday, Mar 06, 2018 - 05:29 AM (IST)

ਲੁਧਿਆਣਾ(ਰਿਸ਼ੀ)-ਫਿਰੋਜ਼ਪੁਰ ਰੋਡ 'ਤੇ ਸੁਖਦੇਵ ਨਗਰ 'ਚ ਆਰਕੀਟੈਕਟ ਦੇ ਘਰ ਕੰਧ ਟੱਪ ਕੇ ਦਾਖਲ ਹੋਏ ਚੋਰ ਲੱਖਾਂ ਦੀ ਕੀਮਤ ਦੇ ਸਾਮਾਨ 'ਤੇ ਹੱਥ ਸਾਫ ਕਰ ਗਏ। ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪਹੁੰਚੀ ਥਾਣਾ ਪੀ. ਏ. ਯੂ. ਦੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਏ. ਐੱਸ. ਆਈ. ਅਜੀਤ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਆਰਕੀਟੈਕਟ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਲਗਭਗ 6.30 ਵਜੇ ਘਰ ਨੂੰ ਤਾਲਾ ਲਾ ਕੇ ਪਰਿਵਾਰ ਸਮੇਤ ਰਿਸ਼ਤੇਦਾਰਾਂ ਦੇ ਘਰ ਦੋਰਾਹੇ ਗਿਆ ਸੀ। ਉਨ੍ਹਾਂ ਦੇ ਵਿਦੇਸ਼ ਤੋਂ ਰਿਸ਼ਤੇਦਾਰ ਵੀ ਆਏ ਹੋਏ ਹਨ, ਉਹ ਵੀ ਉਨ੍ਹਾਂ ਦੇ ਨਾਲ ਗਏ ਸਨ। ਐਤਵਾਰ ਸਵੇਰੇ 11 ਵਜੇ ਗੁਆਂਢੀਆਂ ਨੇ ਫੋਨ ਕਰ ਕੇ ਘਰ ਦੀ ਗਰਿੱਲ ਟੁੱਟੀ ਹੋਣ ਦੀ ਸੂਚਨਾ ਦਿੱਤੀ। ਵਾਪਸ ਆ ਕੇ ਜਦ ਮੇਨ ਗੇਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਅਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਘਰ 'ਚ ਪਈ 3 ਲੱਖ ਦੀ ਨਕਦੀ, 1 ਲੱਖ 50 ਹਜ਼ਾਰ ਦੀ ਕੀਮਤ ਦੇ ਸੋਨੇ ਦੇ ਗਹਿਣੇ, ਰਿਸ਼ਤੇਦਾਰਾਂ ਦੇ ਪਏ 4 ਹਜ਼ਾਰ ਕੈਨੇਡੀਅਨ ਅਤੇ 1 ਹਜ਼ਾਰ ਅਮਰੀਕੀ ਡਾਲਰ, ਇਕ ਲੈਪਟਾਪ, ਇਕ ਆਈ. ਫੋਨ ਅਤੇ ਹੋਰ ਕੀਮਤੀ ਸਾਮਾਨ ਲੈ ਗਏ। ਜਿਸ ਦੇ ਬਾਅਦ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ।
ਕੈਮਰੇ 'ਚ ਕੈਦ ਹੋਈ ਵਾਰਦਾਤ
ਸਾਹਮਣੇ ਘਰ 'ਚ ਲੱਗੇ ਕੈਮਰਿਆਂ 'ਚ ਚੋਰੀ ਦੀ ਹਰਕਤ ਕੈਦ ਹੋ ਗਈ। ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਰਾਤ 10.15 ਵਜੇ ਦੋ ਚੋਰ ਪੈਦਲ ਘਰ ਵੱਲ ਆਉਂਦੇ ਹਨ ਅਤੇ ਮੇਨਗੇਟ ਦੇ ਨਾਲ ਦੀ ਕੰਧ ਟੱਪ ਕੇ ਦਾਖਲ ਹੋ ਜਾਂਦੇ ਹਨ। ਲਗਭਗ 2 ਘੰਟੇ ਬਾਅਦ ਰਾਤ 12.30 ਵਜੇ ਉਸੇ ਰਸਤੇ ਤੋਂ ਫਰਾਰ ਹੋ ਜਾਂਦੇ ਹਨ। ਪੁਲਸ ਅਨੁਸਾਰ ਘਰ 'ਚ ਵੀ ਮੇਨਗੇਟ ਦੇ ਨਾਲ ਕੈਮਰਾ ਲੱਗਿਆ ਹੋਇਆ ਹੈ ਪਰ ਚੋਰਾਂ ਨੇ ਦਾਖਲ ਹੋਣ ਤੋਂ ਪਹਿਲਾਂ ਕੈਮਰੇ ਨੂੰ ਕੰਧ ਵੱਲ ਘੁੰਮਾ ਦਿੱਤਾ ਤਾਂ ਕਿ ਉਨ੍ਹਾਂ ਦਾ ਚਿਹਰਾ ਨਜ਼ਰ ਨਾ ਆਵੇ। ਚੋਰ ਕੈਮਰੇ ਦਾ ਡੀ. ਵੀ. ਆਰ. ਵੀ ਨਾਲ ਲੈ ਗਏ।