ਅੱਪਰਾ ਇਲਾਕੇ ''ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ
Saturday, Feb 24, 2018 - 05:47 AM (IST)

ਅੱਪਰਾ(ਦੀਪਾ)-ਅੱਪਰਾ ਇਲਾਕੇ ਦੇ ਪਿੰਡਾਂ 'ਚ ਅਣਪਛਾਤੇ ਚੋਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ, ਜਦੋਂਕਿ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਬੀਤੀ ਰਾਤ ਵੀ ਕਰੀਬੀ ਪਿੰਡ ਛੋਕਰਾਂ ਤਹਿ. ਫਿਲੌਰ ਵਿਖੇ ਅਣਪਛਾਤੇ ਚੋਰ ਦੋ ਘਰਾਂ 'ਚ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਰਫ਼ੂ-ਚੱਕਰ ਹੋ ਗਏ, ਜਦੋਂਕਿ ਉਕਤ ਚੋਰਾਂ ਵਲੋਂ ਚਾਰ ਘਰਾਂ ਦੇ ਕਮਰਿਆਂ 'ਚ ਸੁੱਤੇ ਪਏ ਪਰਿਵਾਰਕ ਮੈਂਬਰਾਂ ਨੂੰ ਬਾਹਰੋਂ ਕੁੰਡੇ ਲਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਅਸਫਲ ਕੋਸ਼ਿਸ਼ ਵੀ ਕੀਤੀ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦਲਵੀਰ ਚੰਦ ਤੇ ਉਸ ਦੀ ਪਤਨੀ ਬਖ਼ਸ਼ੋ ਵਾਸੀ ਛੋਕਰਾਂ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਅਲਮਾਰੀ ਦਾ ਤਾਲਾ ਤੋੜ ਕੇ 8 ਹਜ਼ਾਰ ਰੁਪਏ ਦੀ ਨਕਦੀ, ਇਕ ਜੋੜਾ ਸੋਨੇ ਦੇ ਕਾਂਟੇ, ਇਕ ਸੋਨੇ ਦੀ ਮੁੰਦਰੀ, ਇਕ ਜੋੜਾ ਸੋਨੇ ਦੀਆਂ ਵਾਲੀਆਂ, ਇਕ ਜੋੜੀ ਚਾਂਦੀ ਦੀਆਂ ਝਾਂਜਰਾਂ ਤੇ ਦੋ ਮੋਬਾਇਲ ਫੋਨ ਚੋਰੀ ਕਰ ਕੇ ਲੈ ਗਏ। ਇਸੇ ਤਰ੍ਹਾਂ ਗੁਰਦਰਸ਼ਨ ਦਾਸ ਪੁੱਤਰ ਲਹਿੰਬਰ ਰਾਮ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਘਰ 'ਚ ਵਿਆਹ ਸਮਾਗਮ ਸੀ, ਜਿਸ ਕਾਰਨ ਉਹ ਥੱਕੇ ਹੋਣ ਕਾਰਨ ਸਂੌ ਗਏ, ਇਸ ਦੌਰਾਨ ਹੀ ਅਣਪਛਾਤੇ ਚੋਰ ਉਨ੍ਹਾਂ ਦੇ ਸਟੋਰ ਰੂਮ ਦੀ ਪੇਟੀ ਦਾ ਤਾਲਾ ਤੋੜ ਕੇ ਅੰਦਰ ਪਿਆ ਟਰੰਕ ਤੇ ਇਕ ਅਟੈਚੀ ਚੋਰੀ ਕਰ ਕੇ ਖੇਤਾਂ 'ਚ ਲੈ ਗਏ ਤੇ ਟਰੰਕ ਦੇ ਪਰਸ 'ਚ ਪਈ 8 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਟਰੰਕ ਤੇ ਅਟੈਚੀ ਖੇਤਾਂ 'ਚ ਸੁੱਟ ਕੇ ਰਫ਼ੂ-ਚੱਕਰ ਹੋ ਗਏ। ਇਸ ਦੌਰਾਨ ਹੀ ਦੇਵ ਰਾਜ ਪੁੱਤਰ ਬਿੱਕਰ ਰਾਮ, ਕਮਲਾ ਦੇਵੀ ਪਤਨੀ ਰਾਮ ਲੁਭਾਇਆ, ਕੰਬਾ ਤੇ ਸਰਬਜੀਤ ਜੀਤਾ ਸਾਰੇ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ ਬੀਤੀ ਰਾਤ ਹੀ ਅਣਪਛਾਤੇ ਚੋਰ ਉਨ੍ਹਾਂ ਦੇ ਘਰਾਂ 'ਚ ਦਾਖਲ ਹੋ ਗਏ ਤੇ ਅੰਦਰ ਸੁੱਤੇ ਪਏ ਪਰਿਵਾਰਕ ਮੈਂਬਰਾਂ ਨੂੰ ਬਾਹਰੋਂ ਕੁੰਡਾ ਲਾ ਦਿੱਤਾ ਪਰ ਉਨ੍ਹਾਂ ਵੱਲੋਂ ਰੌਲਾ ਪਾਉਣ ਕਾਰਨ ਅਣਪਛਾਤੇ ਚੋਰ ਫ਼ਰਾਰ ਹੋ ਗਏ। ਚੋਰੀ ਦੀਆਂ ਘਟਨਾਵਾਂ ਸਬੰਧੀ ਅੱਪਰਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਿੰਡਾਂ 'ਚ ਰਾਤ ਦੇ ਸਮੇਂ ਪੁਲਸ ਗਸ਼ਤ ਵਧਾਈ ਜਾਵੇ।