ਗੈਸ ਕਟਰ ਨਾਲ ਸੇਫ ਕੱਟ ਕੇ ਲੱਖਾਂ ਦੇ ਗਹਿਣੇ ਤੇ ਕੈਸ਼ ਉਡਾਇਆ

Saturday, Feb 03, 2018 - 06:26 AM (IST)

ਗੈਸ ਕਟਰ ਨਾਲ ਸੇਫ ਕੱਟ ਕੇ ਲੱਖਾਂ ਦੇ ਗਹਿਣੇ ਤੇ ਕੈਸ਼ ਉਡਾਇਆ

ਲੁਧਿਆਣਾ(ਰਿਸ਼ੀ)-ਭਾਮੀਆਂ ਰੋਡ 'ਤੇ ਜੋਤੀ ਜਿਊਲਰ 'ਚ ਵੀਰਵਾਰ ਰਾਤ ਰੌਸ਼ਨਦਾਨ ਕੱਟ ਕੇ ਦਾਖਲ ਹੋਏ ਚੋਰ ਗੈਸ ਕਟਰ ਨਾਲ ਸੇਫ ਕੱਟ ਕੇ 20 ਲੱਖਾਂ ਦੀ ਕੀਮਤ ਦੇ 300 ਗ੍ਰਾਮ ਸੋਨੇ ਦੇ ਗਹਿਣੇ, 25 ਕਿਲੋ ਚਾਂਦੀ ਅਤੇ 25 ਹਜ਼ਾਰ ਕੈਸ਼ ਲੈ ਗਏ। ਜਾਂਦੇ ਸਮੇਂ ਚੋਰ ਕੈਮਰਿਆਂ ਦੀਆਂ ਤਾਰਾਂ ਕੱਟਣ ਦੇ ਨਾਲ-ਨਾਲ ਡੀ. ਵੀ. ਆਰ. ਵੀ ਨਾਲ ਲੈ ਗਏ। ਚੋਰੀ ਸਬੰਧੀ ਸ਼ਾਪ ਮਾਲਕ ਸੁਖਦੇਵ ਨਗਰ ਦੇ ਰਹਿਣ ਵਾਲੇ ਪਵਨ ਕੁਮਾਰ ਨੂੰ ਸ਼ੁੱਕਰਵਾਰ ਸਵੇਰ 11 ਵਜੇ ਉਸ ਸਮੇਂ ਪਤਾ ਲੱਗਾ, ਜਦੋਂ ਉਹ ਹਰ ਰੋਜ਼ ਵਾਂਗ ਸ਼ਾਪ 'ਤੇ ਪੁੱਜੇ ਅਤੇ ਸ਼ਟਰ ਚੁੱਕਣ 'ਤੇ ਅੰਦਰ ਸੇਫ ਖੁੱਲ੍ਹੀ ਦੇਖ ਅਤੇ ਸਾਮਾਨ ਖਿੱਲਰਿਆ ਦੇਖ ਦੰਗ ਰਹਿ ਗਏ। ਪਤਾ ਲੱਗਦੇ ਹੀ ਏ. ਸੀ. ਪੀ. ਪਵਨਜੀਤ, ਐੱਸ. ਆਈ. ਪ੍ਰਵੀਨ ਰਣਦੇਵ, ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਮਾਹਿਰ ਘਟਨਾ ਵਾਲੀ ਜਗ੍ਹਾ 'ਤੇ ਪੁੱਜ ਕੇ ਜਾਂਚ 'ਚ ਜੁਟ ਗਏ। ਏ. ਸੀ. ਪੀ. ਪਵਨਜੀਤ ਮੁਤਾਬਕ ਇਸ ਕੇਸ ਵਿਚ ਪੁਲਸ ਨੇ ਜਿਊਲਰੀ ਸ਼ਾਪ ਦੇ ਮਾਲਕ ਦੇ ਬਿਆਨ 'ਤੇ ਥਾਣਾ ਡਵੀਜ਼ਨ ਨੰ.7 ਵਿਚ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਦੀ ਜਾਂਚ ਵਿਚ ਦੇਖਿਆ ਗਿਆ ਹੈ ਕਿ ਜੋਤੀ ਜਿਊਲਰ ਲਗਭਗ 4 ਸਾਲ ਪੁਰਾਣੀ ਦੁਕਾਨ ਹੈ। ਇਸ ਸ਼ਾਪ ਵਿਚ ਇਕ ਕਾਰੀਗਰ ਵੀ ਨਾਲ ਕੰਮ ਕਰਦਾ ਹੈ, ਜੋ ਅੰਦਰ ਹੀ ਸੋਨੇ, ਚਾਂਦੀ ਦੇ ਗਹਿਣੇ ਤਿਆਰ ਕਰਦਾ ਹੈ। ਚੋਰ ਵੀਰਵਾਰ ਰਾਤ ਨੂੰ ਦੁਕਾਨ ਦੇ ਨਾਲ ਸਥਿਤ ਨੇਪਾਲੀ ਦੇ ਵਿਹੜੇ ਤੋਂ ਇੱਟਾਂ ਦੀਆਂ ਪੌੜੀਆਂ ਬਣਾ ਕੇ ਛੱਤ 'ਤੇ ਚੜ੍ਹੇ। ਚੋਰ ਆਪਣੇ ਨਾਲ ਗੈਸ ਸਿਲੰਡਰ ਵੀ ਲੈ ਕੇ ਆਏ। ਉਨ੍ਹਾਂ ਨੂੰ ਪਤਾ ਸੀ ਕਿ ਉੱਪਰੋਂ ਥੱਲੇ ਜਾਣ ਲਈ ਪਹਿਲਾਂ ਲੋਹੇ ਦੇ ਰੌਸ਼ਨਦਾਨ ਨੂੰ ਕੱਟਣਾ ਪਵੇਗਾ, ਜਿਸ ਤੋਂ ਬਾਅਦ ਉਹ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਉੱਥੇ ਪਏ ਗੈਸ ਸਿਲੰਡਰ ਦੀ ਵਰਤੋਂ ਵੀ ਸੇਫ ਕੱਟਣ ਲਈ ਕੀਤੀ। ਦੁਕਾਨ ਵਿਚ ਹੱਥ ਸਾਫ ਕਰ ਕੇ ਉਸੇ ਰਸਤਿਓਂ ਫਰਾਰ ਹੋ ਗਏ। ਚੋਰਾਂ ਵਲੋਂ ਚਿਹਰਾ ਢਕਣ ਲਈ ਵਰਤਿਆ ਗਿਆ ਕੱਪੜਾ, ਚਾਦਰ ਅਤੇ ਗੈਸ ਪਾਈਪਾਂ ਪੁਲਸ ਨੂੰ ਬਰਾਮਦ ਹੋਈਆਂ ਹਨ। ਪੁਲਸ ਤੋਂ ਬਚਣ ਲਈ ਚੋਰਾਂ ਨੇ ਪਹਿਲਾਂ ਦੁਕਾਨ 'ਚ ਲੱਗੇ ਕੈਮਰਿਆਂ ਦੀਆਂ ਤਾਰਾਂ ਕੱਟੀਆਂ, ਫਿਰ ਜਾਂਦੇ ਸਮੇਂ ਡੀ. ਵੀ. ਆਰ. ਵੀ ਨਾਲ ਲੈ ਗਏ। ਹੈਰਾਨੀ ਦੀ ਗੱਲ ਹੈ ਕਿ ਜਿਸ ਦੁਕਾਨ ਵਿਚ ਹੱਥ ਸਾਫ ਕੀਤਾ ਗਿਆ ਹੈ, ਉਥੋਂ ਸਿਰਫ 500 ਮੀਟਰ ਦੂਰ ਸਥਿਤ ਤ੍ਰਿਕੋਣੀ ਪਾਰਕ ਵਿਚ ਰਾਤ ਨੂੰ ਪੁਲਸ ਦਾ ਨਾਕਾ ਲੱਗਾ ਹੋਇਆ ਸੀ।
ਸਾਹਮਣੇ ਜਿਊਲਰੀ ਦੀ ਦੁਕਾਨ ਦੇ ਕੈਮਰੇ 'ਚ ਕੈਦ ਚੋਰ
ਚੋਰ ਜੋਤੀ ਜਿਊਲਰੀ ਦੇ ਬਿਲਕੁਲ ਸਾਹਮਣੇ ਸਥਿਤ ਜਿਊਲਰੀ ਦੀ ਇਕ ਹੋਰ ਦੁਕਾਨ ਦੇ ਬਾਹਰ ਲੱਗੇ ਕੈਮਰਿਆਂ ਵਿਚ ਕੈਦ ਹੋ ਗਏ। ਉੱਥੇ ਲੱਗੀ ਫੁਟੇਜ ਵਿਚ ਦਿਖਾਈ ਦੇ ਰਿਹਾ ਹੈ ਕਿ ਰਾਤ 11 ਵੱਜ ਕੇ 14 ਮਿੰਟ 'ਤੇ 3 ਚੋਰ ਦੁਕਾਨ 'ਤੇ ਆਉਂਦੇ ਹਨ। ਇਕ ਚੋਰ ਨੇ ਚਿਹਰੇ 'ਤੇ ਕੱਪੜਾ ਬੰਨ੍ਹਿਆ ਹੋਇਆ ਹੈ, ਜੋ ਪੁਲਸ ਨੂੰ ਬਰਾਮਦ ਹੋਇਆ ਹੈ। ਉਸੇ ਸਮੇਂ ਨਾਲ ਦੀ ਦੁਕਾਨ ਤੋਂ ਇਕ ਵਿਅਕਤੀ ਦੇ ਇਕਦਮ ਥੱਲੇ ਆਉਣ 'ਤੇ ਉਹ ਘਬਰਾ ਕੇ ਅੱਗੇ ਚਲੇ ਜਾਂਦੇ ਹਨ ਅਤੇ ਨਾਲ ਦੀ ਗਲੀ ਤੋਂ ਘੁੰਮ ਜਾਂਦੇ ਹਨ, ਉੱਥੇ ਹੀ ਨੇਪਾਲੀ ਦਾ ਵਿਹੜਾ ਹੈ, ਜਿੱਥੋਂ ਉਹ ਦੁਕਾਨ ਵਿਚ ਦਾਖਲ ਹੋਏ।
ਦੋ ਚੋਰ ਅੰਦਰ ਦਾਖਲ ਹੋਏ ਇਕ ਰਿਹਾ ਬਾਹਰ
ਪੁਲਸ ਸੂਤਰਾਂ ਮੁਤਾਬਕ ਸ਼ਾਪ ਦੇ ਅੰਦਰ ਦੋ ਚੋਰ ਦਾਖਲ ਹੋਏ, ਜਿਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਵੀ ਪੁਲਸ ਨੂੰ ਮਿਲੇ ਹਨ। ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ ਬਾਹਰ ਖੜ੍ਹਾ ਧਿਆਨ ਰੱਖ ਰਿਹਾ ਸੀ।
ਅਸਲੀ ਤੇ ਨਕਲੀ ਸੋਨੇ ਦੀ ਪਛਾਣ ਸੀ ਚੋਰਾਂ ਨੂੰ
ਚੋਰਾਂ ਨੂੰ ਜਿੱਥੇ ਇਹ ਪਤਾ ਸੀ ਕਿ ਦੁਕਾਨ ਵਿਚ ਦਾਖਲ ਹੋਣ ਲਈ ਉਨ੍ਹਾਂ ਨੂੰ ਲੋਹੇ ਦਾ ਰੌਸ਼ਨਦਾਨ ਕੱਟਣਾ ਪਵੇਗਾ, ਉੱਥੇ ਉਨ੍ਹਾਂ ਨੂੰ ਅਸਲੀ ਅਤੇ ਨਕਲੀ ਸੋਨੇ ਦੀ ਵੀ ਪਛਾਣ ਸੀ। ਉਨ੍ਹਾਂ ਸੇਫ ਵਿਚ ਪਿਆ ਅਸਲੀ ਸੋਨਾ ਚੋਰੀ ਕਰਦੇ ਸਮੇਂ ਪਹਿਲਾਂ ਜਾਂਚ ਕੀਤੀ। ਇੰਨਾ ਹੀ ਨਹੀਂ, ਜਾਂਚ ਵਿਚ ਨਕਲੀ ਜਿਊਲਰੀ ਆਉਣ 'ਤੇ ਉੱਥੇ ਛੱਡ ਗਏ।
ਪੁਲਸ ਲੱਗੀ ਇਲਾਕੇ 'ਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲਣ
ਐੱਸ. ਆਈ. ਪ੍ਰਵੀਨ ਰਣਦੇਵ ਦਾ ਅੰਦਾਜ਼ਾ ਹੈ ਕਿ ਚੋਰਾਂ ਨੂੰ ਦੁਕਾਨ ਦੀ ਭੂਗੋਲਿਕ ਸਥਿਤੀ ਬਾਰੇ ਕਾਫੀ ਜਾਣਕਾਰੀ ਸੀ ਜਾਂ ਤਾਂ ਉਹ ਕਾਫੀ ਵਾਰ ਦੁਕਾਨ 'ਤੇ ਆ ਚੁੱਕੇ ਹਨ ਜਾਂ ਫਿਰ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਹੈ। ਪੁਲਸ ਵਲੋਂ ਇਲਾਕੇ ਵਿਚ ਕਈ ਕਿਲੋਮੀਟਰ ਤੱਕ ਲੱਗੇ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਜੋ ਪੁਲਸ ਦੇ ਲਈ ਕਾਫੀ ਮਦਦਗਾਰ ਸਾਬਤ ਹੋਵੇਗੀ।


Related News