ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਭਵਨ ਗਾਜ਼ੀਗੁੱਲਾ ਵਿਖੇ ਹੋਇਆ ਝਗੜਾ
Thursday, Feb 01, 2018 - 06:58 AM (IST)

ਜਲੰਧਰ(ਚਾਵਲਾ)-ਅੱਜ ਗਾਜ਼ੀਗੁੱਲਾ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਧਰਮਸ਼ਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਲੰਗਰ ਲਗਾਉਣ ਨੂੰ ਲੈ ਕੇ 2 ਧਿਰਾਂ ਵਿਚਾਲੇ ਝਗੜਾ ਹੋ ਗਿਆ। ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕੀਤੀ। ਇਸ ਦੌਰਾਨ ਪੁਲਸ ਡਵੀਜ਼ਨ ਨੰਬਰ 1 ਦੇ ਇੰਸਪੈਕਟਰ ਰਸ਼ਮਿੰਦਰ ਸਿੰਘ ਵੀ ਸੁਰੱਖਿਆ ਬਲ ਨਾਲ ਪੁੱਜੇ। ਉਨ੍ਹਾਂ ਕਿਹਾ ਕਿ ਗਲਤਫਹਿਮੀ ਹੋਣ ਕਰਕੇ ਦੋਵਾਂ ਧਿਰਾਂ 'ਚ ਬਹਿਸਬਾਜ਼ੀ ਹੋਈ। ਮਾਮਲਾ ਜਲਦੀ ਸ਼ਾਂਤ ਕਰ ਦਿੱਤਾ ਜਾਵੇਗਾ।
ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਦੀ ਫਿਰਾਕ 'ਚ : ਪੁਸ਼ਪਾ ਹੀਰ
ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਪੁਸ਼ਪਾ ਹੀਰ ਨੇ ਦੋਸ਼ ਲਾਇਆ ਕਿ ਉਹ ਪਿਛਲੇ ਕਈ ਸਾਲਾਂ ਸ੍ਰੀ ਗੁਰੂ ਰਵਿਦਾਸ ਦਾਸ ਭਵਨ ਦੀ ਸਾਂਭ-ਸੰਭਾਲ ਕਰ ਰਹੀ ਹੈ ਪਰ ਕੁਝ ਸ਼ਰਾਰਤੀ ਲੋਕ ਇਸ ਅਸਥਾਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ ਤੇ ਕੁੱਝ ਸਮੇਂ ਤੋਂ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ਵਿਚ ਹਨ।
ਲੰਗਰ ਲਾਉਣ ਲਈ ਹਾਲ ਦੀ ਚਾਬੀ ਨਹੀਂ ਦਿੱਤੀ ਪੁਸ਼ਪਾ ਹੀਰ ਨੇ, ਸੰਗਤਾਂ 'ਚ ਰੋਸ : ਜੱਸੀ ਤੱਲ੍ਹਣ
ਦੂਜੀ ਧਿਰ ਦੇ ਜੱਸੀ ਤੱਲ੍ਹਣ ਨੇ ਸ੍ਰੀ ਗੁਰੂ ਰਵਿਦਾਸ ਭਵਨ ਗਾਜੀਗੁੱਲਾ ਦਾ ਚੇਅਰਮੈਨ ਹੋਣ ਦਾ ਦਾਅਵਾ ਕਰਦਿਆਂ ਪੁਸ਼ਪਾ ਹੀਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਲੰਗਰ ਲਗਾਉਣਾ ਸੀ। ਇਸ ਸੰਬੰਧੀ ਪੁਸ਼ਪਾ ਹੀਰ ਕੋਲੋਂ ਭਵਨ ਦੀ ਚਾਬੀ ਮੰਗੀ ਸੀ ਪਰ ਉਹ ਇਨਕਾਰ ਕਰ ਰਹੇ ਸਨ। ਇਸ ਕਾਰਨ ਸੰਗਤਾਂ ਵਿਚ ਰੋਸ ਸੀ ਅਤੇ ਚੌਕ ਵਿਚ ਧਰਨਾ ਵੀ ਦਿੱਤਾ ਗਿਆ।