ਨਸ਼ੇ ਦੀ ਪੂਰਤੀ ਲਈ ਨਸ਼ੇੜੀ ਪਤੀ ਨੇ ਪਹਿਲਾਂ ਉਸ ਦੀ 6 ਸਾਲਾਂ ਧੀ ਨੂੰ ਵੇਚ 'ਤਾ,ਹੁਣ ਮੈਨੂੰ ਦੇਹ ਵਪਾਰ ਲਈ ਕਰ ਰਿਹਾ ਮਜਬੂਰ
Wednesday, Dec 13, 2017 - 07:53 AM (IST)

ਫਿਲੌਰ(ਭਾਖੜੀ)-ਇਕ ਪੀੜਤ ਪਤਨੀ ਵੱਲੋਂ ਉਸ ਦੀ 6 ਸਾਲਾ ਬੇਟੀ ਨੂੰ ਵੇਚਣ ਅਤੇ ਉਸ ਕੋਲੋਂ ਦੇਹ ਵਪਾਰ ਦਾ ਧੰਦਾ ਕਰਵਾਉਣ ਦਾ ਦੋਸ਼ ਲਾ ਕੇ ਡੀ. ਸੀ. ਪੀ. ਸਾਹਮਣੇ ਪੇਸ਼ ਹੋ ਕੇ ਪਤੀ ਅਤੇ ਸੱਸ ਵਿਰੁੱਧ ਸ਼ਿਕਾਇਤ ਦਿੱਤੀ ਗਈ ਹੈ। ਪ੍ਰੈੱਸਕਾਨਫਰੰਸ ਕਰ ਕੇ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਔਰਤ ਜਸਬੀਰ ਕੌਰ (27) ਨੇ ਦੱਸਿਆ ਕਿ ਪਹਿਲੇ ਪਤੀ ਦੀ ਮੌਤ ਹੋਣ ਕਾਰਨ ਦੋ ਸਾਲ ਪਹਿਲਾਂ ਉਸ ਦਾ ਦੂਜਾ ਵਿਆਹ ਹੋ ਗਿਆ। ਪਹਿਲੇ ਪਤੀ ਤੋਂ ਉਸ ਦੀ 6 ਸਾਲ ਦੀ ਬੇਟੀ ਹੈ। ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਨਸ਼ੇੜੀ ਹੈ ਅਤੇ ਰੋਜ਼ਾਨਾ ਨਸ਼ੇ ਦੇ ਟੀਕੇ ਲਾਉਂਦਾ ਹੈ। ਉਸ ਨੇ ਉਸ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਉਸ ਦੀ ਬੇਟੀ ਨੂੰ ਚੰਗੇ ਲੋੜਵੰਦ ਲੋਕਾਂ ਨੂੰ ਦੇ ਦੇਵੇਗਾ, ਜੋ ਉਸ ਦੇ ਮਾਂ-ਪਿਉ ਬਣ ਕੇ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕਰਨਗੇ। ਉਸ ਦਾ ਜਦੋਂ ਦਿਲ ਕਰੇ ਉਹ ਜਾ ਕੇ ਆਪਣੀ ਬੇਟੀ ਨੂੰ ਮਿਲ ਸਕਦੀ ਹੈ। ਬੱਚੀ ਦੇ ਚੰਗੇ ਭਵਿੱਖ ਅਤੇ ਮਜਬੂਰੀ ਕਾਰਨ ਉਸ ਨੇ ਆਪਣੀ ਬੇਟੀ ਪਤੀ ਦੇ ਕਹਿਣ 'ਤੇ ਦੇ ਦਿੱਤੀ। ਅੱਜ ਦੋ ਸਾਲ ਬੀਤ ਜਾਣ 'ਤੇ ਇਕ ਵਾਰ ਵੀ ਉਸ ਦੇ ਪਤੀ ਨੇ ਉਸ ਨੂੰ ਉਸ ਦੀ ਬੇਟੀ ਨਾਲ ਨਹੀਂ ਮਿਲਵਾਇਆ। ਉਸ ਨੂੰ ਨਹੀਂ ਪਤਾ ਕਿ ਉਸ ਦੀ ਬੇਟੀ ਕਿੱਥੇ ਅਤੇ ਕਿਸ ਹਾਲਤ ਵਿਚ ਹੈ। ਵਿਆਹ ਤੋਂ ਬਾਅਦ ਰੋਜ਼ਾਨਾ ਉਸ ਦਾ ਪਤੀ ਨਸ਼ੇ ਦੇ ਟੀਕੇ ਲਾ ਕੇ ਰੋਜ਼ਾਨਾ ਘਰ 'ਚ ਪਿਆ ਰਹਿੰਦਾ ਹੈ ਅਤੇ ਉਸ ਨੂੰ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਲਈ ਭੇਜ ਦਿੰਦਾ ਹੈ। ਪੂਰਾ ਦਿਨ ਸਖ਼ਤ ਮਿਹਨਤ ਕਰ ਕੇ ਜੋ ਕੁਝ ਉਹ ਕਮਾ ਕੇ ਲਿਆਉਂਦੀ ਹੈ, ਉਸ ਦਾ ਪਤੀ ਪੈਸੇ ਖੋਹ ਕੇ ਆਪਣੇ ਨਸ਼ੇ ਦੀ ਪੂਰਤੀ ਲਈ ਟੀਕੇ ਲੈ ਆਉਂਦਾ ਹੈ। ਵਿਆਹ ਤੋਂ 14 ਮਹੀਨਿਆਂ ਬਾਅਦ ਉਸ ਦੇ ਘਰ ਲੜਕਾ ਹੋਇਆ। ਲੜਕੇ ਦੇ ਜਨਮ ਤੋਂ ਬਾਅਦ ਉਸ ਦੇ ਨਸ਼ੇੜੀ ਪਤੀ ਨੂੰ ਟੀ. ਬੀ. ਹੋ ਗਈ ਅਤੇ ਬਾਅਦ ਵਿਚ ਪੀਲੀਆ ਹੋ ਗਿਆ। ਉਹ ਕੁਝ ਸਮਾਂ ਪਹਿਲਾਂ ਪਤੀ ਨੂੰ ਲੈ ਕੇ ਸਰਕਾਰੀ ਹਸਪਤਾਲ ਵਿਚ ਚੈੱਕਅਪ ਕਰਵਾਉਣ ਗਈ ਤਾਂ ਉਹ ਡਾਕਟਰਾਂ ਦੀ ਗੱਲ ਸੁਣ ਕੇ ਦੰਗ ਰਹਿ ਗਈ, ਜਦੋਂ ਡਾਕਟਰਾਂ ਨੇ ਉਸ ਨੂੰ ਹਦਾਇਤ ਜਾਰੀ ਕਰ ਦਿੱਤੀ ਕਿ ਉਹ ਆਪਣੇ ਪਤੀ ਨਾਲ ਬਿਲਕੁਲ ਵੀ ਸਰੀਰਕ ਸਬੰਧ ਨਾ ਬਣਾਵੇ। ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਐੱਚ. ਆਈ. ਵੀ. ਪਾਜ਼ੇਟਿਵ ਹੋ ਚੁੱਕਾ ਹੈ, ਜਿਸ ਤੋਂ ਬਾਅਦ ਉਸ ਨੇ ਵੀ ਸਰਕਾਰੀ ਹਸਪਤਾਲ ਵਿਚ ਆਪਣਾ ਐੱਚ. ਆਈ. ਵੀ. ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।
ਹੁਣ ਉਸ ਦੀ ਸੱਸ ਅਤੇ ਪਤੀ ਦੋਵੇਂ ਮਿਲ ਕੇ ਉਸ ਨੂੰ ਦੇਹ ਵਪਾਰ ਦਾ ਧੰਦਾ ਕਰਨ ਲਈ ਮਜਬੂਰ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਚੰਗੇ ਰੁਪਏ ਮਿਲ ਸਕਣ। ਉਸ ਦੇ ਪਤੀ ਨੇ ਉਸ ਨੂੰ ਸਾਫ ਕਿਹਾ ਕਿ ਇਸ ਧੰਦੇ ਵਿਚ ਉਸ ਨੂੰ ਜੋ ਕਮਾਈ ਹੋਵੇਗੀ, ਉਸ ਨਾਲ ਉਸ ਦੇ ਨਸ਼ੇ ਦੀ ਪੂਰਤੀ ਦੇ ਨਾਲ-ਨਾਲ ਘਰ ਦਾ ਗੁਜ਼ਾਰਾ ਅਤੇ ਇਲਾਜ ਕਰਵਾਉਣਾ ਸੰਭਵ ਹੋ ਸਕੇਗਾ। ਉਸ ਦੇ ਮਨ੍ਹਾ ਕਰਨ 'ਤੇ ਰੋਜ਼ਾਨਾ ਉਸ ਨਾਲ ਉਸ ਦਾ ਪਤੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ। ਬੀਤੇ ਦਿਨ ਉਸ ਨੂੰ ਇਕ ਵਿਅਕਤੀ ਕੋਲ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਤਾਂ ਅੱਜ ਸਵੇਰੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਦਾ 6 ਮਹੀਨਿਆਂ ਦਾ ਬੱਚਾ ਉਸ ਦੇ ਪਤੀ ਨੇ ਆਪਣੇ ਕੋਲ ਇਹ ਕਹਿ ਕੇ ਰੱਖ ਲਿਆ ਕਿ ਜਦੋਂ ਉਹ ਦੇਹ ਵਪਾਰ ਦਾ ਧੰਦਾ ਕਰਨ ਲਈ ਰਾਜ਼ੀ ਹੋ ਜਾਵੇਗੀ ਤਾਂ ਉਹ ਉਸ ਦੇ ਘਰ ਆ ਕੇ ਰਹਿ ਸਕਦੀ ਹੈ, ਨਹੀਂ ਤਾਂ ਉਹ ਉਸ ਨੂੰ ਉਸ ਦੇ ਬੱਚੇ ਨੂੰ ਵੀ ਨਹੀਂ ਮਿਲਣ ਦੇਵੇਗਾ। ਜਸਬੀਰ ਕੌਰ ਨੇ ਕਿਹਾ ਕਿ ਉਸ ਦਾ ਬੱਚਾ ਛੋਟਾ ਹੋਣ ਕਰਕੇ ਉਸ ਦੇ ਦੁੱਧ 'ਤੇ ਨਿਰਭਰ ਹੈ।
ਆਖਿਰਕਾਰ ਮਜਬੂਰ ਹੋ ਕੇ ਜਸਬੀਰ ਕੌਰ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਸ਼ਿਕਾਇਤ ਡੀ. ਐੱਸ. ਪੀ. ਦੇ ਸਾਹਮਣੇ ਪੇਸ਼ ਹੋ ਕੇ ਕੀਤੀ, ਜਿਸ 'ਤੇ ਡੀ. ਐੱਸ. ਪੀ. ਨੇ ਮਹਿਲਾ ਪੁਲਸ ਇੰਸਪੈਕਟਰ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ। ਦੇਰ ਸ਼ਾਮ ਪੁਲਸ ਨੇ ਜਸਬੀਰ ਕੌਰ ਨੂੰ ਉਸ ਦੇ ਘਰ ਅੰਦਰ ਦਾਖਲ ਕਰਵਾਇਆ, ਜਿਸ ਤੋਂ ਬਾਅਦ ਜਾ ਕੇ ਉਹ ਆਪਣੇ ਮਾਸੂਮ ਬੱਚੇ ਨੂੰ ਮਿਲ ਸਕੀ ਅਤੇ ਉਸ ਨੂੰ ਦੁੱਧ ਪਿਆ ਸਕੀ।