ਬਸਪਾ ਪੰਜਾਬ ਦੇ ਜਨਰਲ ਸਕੱਤਰ ''ਤੇ ਕਾਤਲਾਨਾ ਹਮਲਾ

Saturday, Sep 02, 2017 - 03:28 AM (IST)

ਬੋਹਾ(ਬਾਂਸਲ)-ਲੋਕ ਸਭਾ ਹਲਕਾ ਬਠਿੰਡਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪੰਜਾਬ ਬਸਪਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ 'ਤੇ ਬੀਤੀ ਰਾਤ ਤਿੰਨ ਗੱਡੀਆਂ 'ਚ ਸਵਾਰ ਇਕ ਦਰਜਨ ਦੇ ਲਗਭਗ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕਰਨ ਦਾ ਸਮਾਚਾਰ ਮਿਲਿਆ ਹੈ। ਬੋਹਾ ਪੁਲਸ ਨੇ ਕੁਲਦੀਪ ਸਿੰਘ ਦੇ ਬਿਆਨ 'ਤੇ ਧਾਰਾ ਇਰਾਦਾ ਕਤਲ 307, 341, 427, 148, 149 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਉਹ ਬੁਢਲਾਡਾ ਤੋਂ ਆਪਣੇ ਰਿਸ਼ਤੇਦਾਰ ਦੇ ਘਰੋਂ ਆਪਣੇ ਘਰ ਸਰਦੂਲਗੜ੍ਹ ਜਾ ਰਿਹਾ ਸੀ ਕਿ ਬੋਹਾ ਤੋਂ ਥੋੜ੍ਹੀ ਦੂਰ ਪਿੰਡ ਉੱਡਤ ਸੈਦੇਵਾਲਾਂ ਵਿਖੇ ਸਾਹਮਣੇ ਗੱਡੀ ਟੇਢੀ ਲਾ ਕੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਅਣਪਛਾਤੇ ਵਿਅਕਤੀਆਂ ਨੇ ਲੋਹੇ ਦੀਆਂ ਰਾਡਾਂ ਅਤੇ ਕਿਰਪਾਨਾਂ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਮੇਰੀ ਗੱਡੀ ਦੀ ਭੰਨਤੋੜ ਕਰ ਦਿੱਤੀ, ਜਿੱਥੋਂ ਮੈਂ ਅਤੇ ਮੇਰੇ ਡਰਾਈਵਰ ਨੇ ਆਪਣੀ ਜਾਨ ਬਚਾਉਣ ਲਈ ਗੱਡੀ ਬੋਹਾ ਵੱਲ ਮੋੜ ਲਈ ਜਿੱਥੇ ਦੋ ਹੋਰ ਗੱਡੀਆਂ ਨੇ ਮੇਰੀ ਗੱਡੀ ਦਾ ਪਿੱਛਾ ਕੀਤਾ ਤਾਂ ਉਹ ਬੁਢਲਾਡਾ ਪਹੁੰਚ ਗਿਆ, ਜਿੱਥੇ ਪੁਲਸ ਨੂੰ ਸੂਚਿਤ ਕਰਦਿਆਂ ਹੀ ਮੌਕੇ 'ਤੇ ਪੁਲਸ ਪਹੁੰਚ ਗਈ ਅਤੇ ਵਿਅਕਤੀ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਹਮਲਾ ਸਿਆਸੀ ਰੰਜਿਸ਼ ਤਹਿਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਜੁਗਰਾਜ ਸਿੰਘ, ਰਾਜਬੀਰ ਸਿੰਘ, ਲੱਖਾ ਕੁਸ਼ਲਾ, ਜ਼ਸਬੀਰ ਜੱਸੀ, ਭੋਲਾ ਸਰਦੂਲਗੜ੍ਹ, ਮਾਣਕ ਚੋਟੀਆ ਹਾਜ਼ਰ ਸਨ। 
ਕੀ ਕਹਿਣਾ ਹੈ ਪੁਲਸ ਦਾ
ਐੱਸ. ਐੱਚ. ਓ. ਬੋਹਾ ਗੁਰਵੀਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਦੀ ਜਾਂਚ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਕਰ ਰਹੇ ਹਨ।


Related News