ਸਰਕਾਰੀ ਹਸਪਤਾਲ ਵਿਖੇ ਤਾਇਨਾਤ ਡਾਕਟਰ ਦੇ ਅਟੈਂਡੈਂਟ ਦੀ 2 ਮਹਿਲਾਵਾਂ ਵਲੋਂ ਛਿੱਤਰ ਪਰੇਡ
Tuesday, Jun 13, 2017 - 03:06 AM (IST)
ਖੰਨਾ (ਸੁਨੀਲ)—ਸ਼ਹਿਰ ਦੇ ਸੁਭਾਸ਼ ਬਾਜ਼ਾਰ ਵਿਖੇ ਅੱਜ ਅਚਾਨਕ 2 ਮਹਿਲਾਵਾਂ ਨੇ ਇਕ ਵਿਅਕਤੀ ਨੂੰ ਸ਼ਰੇਆਮ ਬਾਜ਼ਾਰ 'ਚ ਕੁੱਟਣਾ ਸ਼ੁਰੂ ਕਰ ਦਿੱਤਾ। ਬਾਜ਼ਾਰ 'ਚ ਆਣ-ਜਾਣ ਵਾਲੇ ਲੋਕਾਂ ਨੇ ਇਸ ਨਜ਼ਾਰੇ ਨੂੰ ਵੇਖਦੇ ਹੋਏ ਆਪਣੇ ਕੈਮਰੇ 'ਚ ਕੈਦ ਕਰ ਲਿਆ। ਬੇਬੱਸ ਡਾਕਟਰ ਦਾ ਅਟੈਂਡੈਂਟ ਕੁੱਟ ਖਾਣ ਮਗਰੋਂ ਜਿਵੇਂ ਹੀ ਮੌਕੇ ਤੋਂ ਭੱਜਣ ਲਗਿਆ ਤਾਂ ਮਹਿਲਾਵਾਂ ਨੇ ਉਸ ਨੂੰ ਗਲੇ ਤੋਂ ਫੜਦੇ ਹੋਏ ਸਥਾਨਕ ਸਿਵਲ ਹਸਪਤਾਲ ਵਿਖੇ ਲੈ ਗਈਆਂ। ਇਸ ਮੌਕੇ ਰਾਜਿੰਦਰ ਕੌਰ ਨਿਵਾਸੀ ਘੁੰਗਰਾਲੀ ਰਾਜਪੂਤਾਂ ਨੇ ਦੱਸਿਆ ਕਿ ਉਨ੍ਹਾਂ ਨੇ 2 ਸਾਲ ਪਹਿਲਾਂ ਆਪਣੀ ਮਾਤਾ ਦਾ ਆਪਰੇਸ਼ਨ ਕਰਵਾਉਣ ਦੇ ਬਦਲੇ ਡਾਕਟਰ ਨੂੰ 60,000 ਰੁਪਏ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਖੇ ਆਪਰੇਸ਼ਨ ਦੇ ਲਈ ਕੋਈ ਵੀ ਫੀਸ ਨਹੀਂ ਲਈ ਜਾਂਦੀ। ਇਸਦੇ ਬਾਵਜੂਦ ਡਾਕਟਰ ਦੇ ਅਟਂੈਡੈਂਟ ਨੇ ਉਨ੍ਹਾਂ ਨੂੰ ਗੁੰਮਰਾਹ ਕਰਦੇ ਹੋਏ ਇੰਨੀ ਵੱਡੀ ਰਕਮ ਉਨ੍ਹਾਂ ਤੋਂ ਲੈ ਲਈ। ਉਨ੍ਹਾਂ ਦੱਸਿਆ ਕਿ ਇਸਦੇ ਬਾਵਜੂਦ ਵੀ ਉਸਦੀ ਮਾਂ ਦੀ ਹਾਲਤ 'ਚ ਕੋਈ ਸੁਧਾਰ ਨਾ ਹੋਇਆ ਤਾਂ ਉਹ ਲਗਾਤਾਰ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਆਉਂਦੀਆਂ ਰਹੀਆਂ। ਮਹਿਲਾਵਾਂ ਨੇ ਦੱਸਿਆ ਕਿ ਉਸ ਵੇਲੇ ਡਾ. ਗੁਰਪ੍ਰੀਤ ਸਿੰਘ ਨੇ ਬੱਚੇਦਾਨੀ ਦਾ ਆਪਰੇਸ਼ਨ ਕੀਤਾ ਸੀ ਅਤੇ ਇਸ ਦੌਰਾਨ ਅਟੈਂਡੈਂਟ ਇੰਦਰਜੀਤ ਸਿੰਘ ਅਤੇ ਆਸ਼ਾ ਵਰਕਰ ਨੇ ਡਾਕਟਰ ਦੇ ਨਾਂ 'ਤੇ ਉਨ੍ਹਾਂ ਕੋਲੋਂ 20,000 ਰੁਪਏ ਲੈ ਲਏ। ਬਾਅਦ 'ਚ ਉਨ੍ਹਾਂ ਦੀ ਮਾਂ ਦੀ ਤਬੀਅਤ ਹੋਰ ਖਰਾਬ ਹੋ ਗਈ ਅਤੇ ਡਾਕਟਰ ਨੇ ਉਨ੍ਹਾਂ ਨੂੰ ਹਰਨੀਆਂ ਦਾ ਆਪਰੇਸ਼ਨ ਦੱਸਦੇ ਹੋਏ 20,000 ਰੁਪਏ ਹੋਰ ਲੈ ਲਏ। ਦੋਹਾਂ ਆਪਰੇਸ਼ਨਾਂ ਦੇ ਮਗਰੋਂ ਅਟੈਂਡੈਂਟ ਇੰਦਰਜੀਤ ਨੇ ਉਨ੍ਹਾਂ ਕੋਲੋਂ ਇਕ ਵਾਰ ਫਿਰ 20,000 ਰੁਪਏ ਲੈ ਲਏ। ਮਾਂ ਦੀ ਹਾਲਤ 'ਚ ਸੁਧਾਰ ਨਾ ਹੁੰਦਾ ਵੇਖ ਜਦੋਂ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਇੰਦਰਜੀਤ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਿਆ, ਜਿਸ ਦੀ ਸ਼ਿਕਾਇਤ ਪੁਲਸ ਨੂੰ ਵੀ ਦਿੱਤੀ ਗਈ ਸੀ ਪਰ ਇਸ ਦੌਰਾਨ ਇੰਦਰਜੀਤ ਉਨ੍ਹਾਂ ਨੂੰ ਨਹੀਂ ਮਿਲਿਆ। ਫੋਨ ਕਰਨ 'ਤੇ ਉਹ ਫੋਨ ਨਹੀਂ ਚੁੱਕਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਬਾਜ਼ਾਰ 'ਚ ਖ਼ਰੀਦਦਾਰੀ ਕਰ ਰਹੀਆਂ ਸਨ ਤਾਂ ਉਨ੍ਹਾਂ ਨੂੰ ਅਟੈਂਡੈਂਟ ਮਿਲ ਗਿਆ। ਇਸ ਦੌਰਾਨ ਪੈਸੇ ਮੰਗਣ 'ਤੇ ਉਹ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਿਆ। ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਉਹ ਜਦੋਂ ਉਸ ਨੂੰ ਖਿੱਚਦੇ ਹੋਏ ਸਿਵਲ ਹਸਪਤਾਲ ਵਿਖੇ ਲੈ ਆਏ ਤਾਂ ਇਹ ਨਜ਼ਾਰਾ ਵੇਖ ਕੇ ਸਬੰਧਿਤ ਡਾਕਟਰ ਓ. ਪੀ. ਡੀ. ਛੱਡ ਕੇ ਐਮਰਜੈਂਸੀ ਰੂਮ 'ਚ ਲੁੱਕ ਗਿਆ।
ਮੈਂ ਕੋਈ ਪੈਸਾ ਨਹੀਂ ਲਿਆ
ਇਸ ਸਬੰਧੀ ਇੰਦਰਜੀਤ ਨਾਲ ਗੱਲ ਕੀਤੀ ਗਈ ਤਾਂ ਉਸਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਕਿਹਾ ਕਿ ਉਸਨੇ ਕਦੇ ਵੀ ਕਿਸੇ ਤੋਂ ਇਕ ਰੁਪਿਆ ਨਹੀਂ ਲਿਆ। ਇਨ੍ਹਾਂ ਮਹਿਲਾਵਾਂ ਨੇ ਮੇਰੇ ਨਾਲ ਹੱਥੋ-ਪਾਈ ਕਰਦੇ ਹੋਏ ਉਸਦੀ ਬਦਨਾਮੀ ਕੀਤੀ ਹੈ। ਸ਼ਹਿਰ ਦੇ ਪਤਵੰਤੇ ਸਜਣਾਂ ਦੇ ਕਹਿਣ 'ਤੇ ਮੈਨੂੰ ਰਾਜ਼ੀਨਾਮਾ ਕਰਨਾ ਪਿਆ।
ਕੀ ਕਹਿਣਾ ਹੈ ਡਾ. ਗੁਰਪ੍ਰੀਤ ਦਾ?
ਇਸ ਸਬੰਧੀ ਡਾ. ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੰਦਰਜੀਤ ਉਨ੍ਹਾਂ ਦਾ ਅਟੈਂਡੈਂਟ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਤੋਂ ਇਲਾਜ ਦੇ ਨਾਂ 'ਤੇ ਕਦੇ ਕੋਈ ਪੈਸਾ ਲਿਆ ਹੈ, ਜੇਕਰ ਕਿਸੇ ਨੇ ਉਨ੍ਹਾਂ ਦੇ ਨਾਂ 'ਤੇ ਪੈਸਾ ਲਿਆ ਹੈ ਤਾਂ ਉਨ੍ਹਾਂ ਨੂੰ ਉਸ ਮੌਕੇ ਦੱਸਣਾ ਚਾਹੀਦਾ ਸੀ ਤਾਂ ਜੋ ਉਸਦੇ ਖਿਲਾਫ ਕਾਰਵਾਈ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਇਸ ਤਰ੍ਹਾਂ ਦਾ ਹੰਗਾਮਾ ਕਰਨਾ ਸਹੀ ਨਹੀਂ ਹੈ।
ਕੀ ਕਹਿਣਾ ਹੈ ਜਾਂਚ ਅਧਿਕਾਰੀ ਦਾ
ਇਸ ਸਬੰਧੀ ਜਾਂਚ ਅਧਿਕਾਰੀ ਸ਼ਾਮ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਹਸਪਤਾਲ ਵਿਖੇ ਕਿਸੇ ਵੀ ਅਣਸੁਖਾਵੀ ਘਟਨਾ ਨੂੰੂ ਰੋਕਣ ਦੇ ਲਈ ਗਈ ਸੀ ਅਤੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ, ਜਿਥੇ ਦੋਵੇਂ ਧਿਰਾਂ ਨੇ ਆਪਸ 'ਚ ਸਮਝੌਤਾ ਕਰ ਲਿਆ, ਜਿਸਦੇ ਕਾਰਨ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
