ਗੋਬਿੰਦ ਸਾਗਰ ਝੀਲ ’ਚ ਡੁੱਬੇ ਕ੍ਰਿਕਟਰ ਸੁਮਿਤ ਕਾਲੀਆ ਦੀ ਲਾਸ਼ ਜਲੰਧਰ ਪਹੁੰਚੀ

Tuesday, Jul 10, 2018 - 07:02 AM (IST)

ਗੋਬਿੰਦ ਸਾਗਰ ਝੀਲ ’ਚ ਡੁੱਬੇ ਕ੍ਰਿਕਟਰ ਸੁਮਿਤ ਕਾਲੀਆ ਦੀ ਲਾਸ਼ ਜਲੰਧਰ ਪਹੁੰਚੀ

ਜਲੰਧਰ,  (ਮਹੇਸ਼)— ਗੋਬਿੰਦ ਸਾਗਰ ਝੀਲ ਵਿਚ ਡੁੱਬੇ ਜਲੰਧਰ ਦੇ ਕਮਲ ਵਿਹਾਰ  (ਬਸ਼ੀਰਪੁਰਾ)  ਵਾਸੀ ਕ੍ਰਿਕਟਰ ਸੁਮਿਤ ਕਾਲੀਆ ਦੀ ਲਾਸ਼ ਸੋਮਵਾਰ ਦੁਪਹਿਰ ਨੂੰ ਹਿਮਾਚਲ ਪ੍ਰਦੇਸ਼ ਤੋਂ  ਜਲੰਧਰ ਪਹੁੰਚੀ। ਨਾਲ ਗਏ ਦੋਸਤ ਮਨਜੀਤ ਦੇ ਮਨ੍ਹਾ ਕਰਨ ਦੇ ਬਾਵਜੂਦ  ਵੀ ਐਤਵਾਰ ਨੂੰ  ਉਸਦੀ ਝੀਲ ਵਿਚ ਨਹਾਉਣ ਦੀ ਜ਼ਿੱਦ ਉਸਨੂੰ ਮੌਤ ਦੇ ਮੂੰਹ ਵਿਚ ਖਿੱਚ ਕੇ ਲੈ ਗਈ। 
ਲਾਸ਼ ਲੈਣ  ਲਈ ਮ੍ਰਿਤਕ ਆਈ. ਸੀ. ਐੱਲ. ਖਿਡਾਰੀ ਸੁਮਿਤ ਕਾਲੀਆ ਦਾ ਛੋਟਾ ਭਰਾ ਤੈਰਾਕੀ ਖਿਡਾਰੀ  ਮਾਤੁਲ ਕਾਲੀਆ ਆਪਣੇ ਤਾਏ ਅਤੇ ਉਸਦੇ ਬੇਟੇ ਨਾਲ ਕੱਲ ਹੀ ਘਟਨਾ ਸਥਾਨ ’ਤੇ ਚਲਾ ਗਿਆ ਸੀ।  ਅੱਜ ਪੁਲਸ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸੁਮਿਤ ਕਾਲੀਆ ਦਾ ਪੋਸਟਮਾਰਟਮ ਹੋਇਆ ਅਤੇ  ਬਾਅਦ ਵਿਚ ਲਾਸ਼ ਪਰਿਵਾਰ ਵਾਲਿਅਾਂ  ਹਵਾਲੇ ਕਰ ਦਿੱਤੀ ਗਈ।
 ਜਿਵੇਂ ਹੀ ਭਰਾ ਮਾਤੁਲ ਕਾਲੀਆ ਸੁਮਿਤ ਦੀ  ਲਾਸ਼ ਲੈ ਕੇ ਘਰ ਪਹੁੰਚਿਆ ਤਾਂ ਪਿੰਕੀ ਕਾਲੀਆ ਤੇ ਅਸ਼ੋਕ ਕਾਲੀਆ ਬੇਸੁੱਧ ਹੋ ਗਏ। ਜੋ ਬੇਟਾ  2 ਦਿਨ ਪਹਿਲਾਂ ਉਨ੍ਹਾਂ ਨਾਲ ਬੈਠ ਕੇ ਖਾਣਾ ਖਾ ਰਿਹਾ ਸੀ ਅਤੇ ਘਟਨਾ ਤੋਂ ਦੋ ਘੰਟੇ  ਪਹਿਲਾਂ ਫੋਨ ’ਤੇ ਕਹਿ ਰਿਹਾ ਸੀ ਕਿ ਕੁਝ ਸਮੇਂ ਵਿਚ ਹੀ ਉਨ੍ਹਾਂ ਕੋਲ ਪਹੁੰਚ ਰਿਹਾ ਹਾਂ,  ਉਹ ਹਮੇਸ਼ਾ ਲਈ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਹੈ। 
ਪੰਜਾਬ ਪੁਲਸ ਵਿਚ ਕਾਂਸਟੇਬਲ ਭਰਤੀ ਮਾਤੁਲ ਨੇ ਦੱਸਿਆ ਕਿ ਉਸਦਾ ਭਰਾ ਸੁਮਿਤ ਇਸ ਤਰ੍ਹਾਂ  ਪਰਿਵਾਰ ਨੂੰ ਛੱਡ ਕੇ ਚਲਾ ਜਾਵੇਗਾ, ਉਨ੍ਹਾਂ ਕਦੀ ਨਹੀਂ ਸੋਚਿਆ। ਉਨ੍ਹਾਂ ਦੱਸਿਆ ਕਿ  ਸੁਮਿਤ ਕ੍ਰਿਕਟ ਦਾ ਬਿਹਤਰੀਨ ਖਿਡਾਰੀ ਸੀ, ਜਿਸ ਨੂੰ ਵੱਡੇ-ਵੱਡੇ ਮੈਚਾਂ ਵਿਚ ਆਪਣਾ ਫਨ  ਵਿਖਾਉਣ ਦਾ ਮੌਕਾ ਮਿਲਿਆ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਸੁਮਿਤ  ਨੂੰ ਪੂਰਾ ਆਸ਼ੀਰਵਾਦ ਸੀ। ਉਹ ਹੀ ਉਸਨੂੰ ਆਈ. ਸੀ. ਐੱਲ. ਵਿਚ ਲੈ ਕੇ ਗਏ ਸਨ।
ਅੰਤਿਮ ਸੰਸਕਾਰ ’ਚ ਨਹੀਂ ਪਹੁੰਚਿਆ ਕੋਈ ਵੱਡਾ ਕ੍ਰਿਕਟਰ : ਸੁਮਿਤ  ਕਾਲੀਆ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਬਸ਼ੀਰਪੁਰਾ ਵਿਚ ਕਰ ਦਿੱਤਾ ਗਿਆ, ਜਿਥੇ ਸੁਮਿਤ ਦੇ  ਜਲੰਧਰ ਰਹਿੰਦੇ ਕ੍ਰਿਕਟਰ ਦੋਸਤ ਤਾਂ ਪਹੁੰਚੇ ਪਰ ਕੋਈ ਵੀ ਵੱਡਾ ਕ੍ਰਿਕਟਰ ਇਸ ਦੁਖ ਦੀ  ਘੜੀ ਵਿਚ ਪਰਿਵਾਰ ਨਾਲ ਦੁਖ ਵੰਡਾਉਣ ਨਹੀਂ ਆਇਆ। ਛੋਟੇ ਭਰਾ ਮਾਤੁਲ ਦੇ ਸਾਥੀ ਪੰਜਾਬ  ਪੁਲਸ ਦੇ ਜਵਾਨ ਜ਼ਰੂਰ ਮੌਜੂਦ ਰਹੇ। 
ਇਸ ਤੋਂ ਇਲਾਵਾ ਵਿਧਾਇਕ ਰਾਜਿੰਦਰ ਬੇਰੀ, ਸਾਬਕਾ  ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਕਾਂਗਰਸੀ ਆਗੂ ਦਿਨੇਸ਼ ਢਲ,  ਕੌਂਸਲਰ ਸ਼ੈਲੀ ਖੰਨਾ, ਵਿਵੇਕ ਖੰਨਾ ਤੋਂ ਇਲਾਵਾ ਗੁਰੂ ਨਾਨਕਪੁਰਾ ਵੈੱਲਫੇਅਰ ਸੋਸਾਇਟੀ  ਤੋਂ ਲਲਿਤ ਮਹਿਤਾ, ਅਸ਼ਵਨੀ ਬਾਵਾ, ਪ੍ਰਤੀਕ ਮਹਿੰਦਰੂ ਵੀ ਸ਼ਾਮਲ ਹੋਏ।


Related News