ਅੰਮ੍ਰਿਤਸਰ ਦੇ ਸਿਆਸੀ ਮੈਦਾਨ ''ਤੇ ਹਰਭਜਨ ਤੋਂ ਬਾਲਿੰਗ ਕਰਵਾਉਣ ਦੀ ਤਿਆਰੀ ''ਚ ਭਾਜਪਾ
Friday, Mar 15, 2019 - 06:21 PM (IST)

ਚੰਡੀਗੜ੍ਹ - 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਵਲੋਂ ਆਪਣੀ ਕਮਰ ਕੱਸ ਲਈ ਗਈ ਹੈ। ਭਾਰਤੀ ਜਨਤਾ ਪਾਰਟੀ ਕ੍ਰਿਕਟਰ ਹਰਭਜਨ ਸਿੰਘ ਨੂੰ ਲੋਕ ਸਭਾ ਹਲਕੇ ਅੰਮ੍ਰਿਤਸਰ ਤੋਂ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ ਕਰ ਰਹੀ ਹੈ, ਕਿਉਂਕਿ ਇਸ ਸੀਟ ਲਈ ਇਕ ਮਸ਼ਹੂਰ ਚਿਹਰੇ ਦੀ ਲੋੜ ਹੈ। ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਹਰਭਜਨ ਸਿੰਘ ਨਾਲ ਸੰਪਰਕ 'ਚ ਹਨ, ਜੋ ਕਿ ਇਸ ਸਮੇਂ ਫਿਲਹਾਲ ਕਿਸੇ ਕੰਮ 'ਚ ਰੁੱਝੇ ਹੋਏ ਹਨ। ਉਧਰ ਇਸ ਸਬੰਧੀ ਜਦੋਂ ਹਰਭਜਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਭਾਜਪਾ ਨੇ ਹਾਲ ਹੀ 'ਚ ਉਨ੍ਹਾਂ ਨਾਲ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਸੰਪਰਕ ਕੀਤਾ ਸੀ, ਜਿਸ ਦਾ ਉਨ੍ਹਾਂ ਨੇ ਅਜੇ ਤੱਕ ਕੋਈ ਠੋਸ ਜਵਾਬ ਨਹੀਂ ਦਿੱਤਾ ਹੈ। ਸਿਆਸੀ ਮਾਹਿਰਾਂ ਮੁਤਾਬਕ ਹਰਭਜਨ ਸਿੰਘ ਭਾਜਪਾ ਵਲੋਂ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਚੋਣ ਲੜ ਸਕਦੇ ਹਨ।
ਦੱਸ ਦੇਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਨਵਜੋਤ ਸਿੰਘ ਸਿੱਧੂ ਨੇ 3 ਵਾਰ ਇਸ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ। ਜਦਕਿ 2014 'ਚ ਅੰਮ੍ਰਿਤਸਰ ਸੀਟ ਤੋਂ ਭਾਜਪਾ ਵਲੋਂ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ ਪਰ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ। ਫਿਲਹਾਲ ਭਾਜਪਾ ਅਤੇ ਕਾਂਗਰਸ ਵਲੋਂ ਅਜੇ ਤਕ ਇਸ ਸੀਟ 'ਤੇ ਆਪਣੇ ਉਮੀਦਵਾਰ ਦਾ ਨਾਂ ਫਾਈਨਲ ਨਹੀਂ ਕੀਤਾ ਗਿਆ ਹੈ ਜਦਕਿ ਆਮ ਆਦਮੀ ਪਾਰਟੀ ਵਲੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਮੈਦਾਨ 'ਚ ਉਤਾਰਿਆ ਹੈ।