ਪੰਜਾਬ ਦਾ ਪਹਿਲਾ ਅਜਿਹਾ ਪਿੰਡ, ਜਿੱਥੇ ਮੀਂਹ ’ਚ ਵੀ ਬਿਨਾਂ ਸ਼ੈੱਡ ਵਾਲੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਂਦੈ ਅੰਤਿਮ ਸੰਸਕਾਰ!

Monday, Sep 26, 2022 - 04:08 PM (IST)

ਲੁਧਿਆਣਾ (ਅਨਿਲ) : ਕਿਹਾ ਜਾਂਦਾ ਹੈ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਭੋਗ ਕੇ ਅਖ਼ੀਰ ’ਚ ਇਸ ਦੁਨੀਆਂ ਨੂੰ ਛੱਡ ਕੇ ਪਰਲੋਕ ਸਿਧਾਰਨਾ ਹੁੰਦਾ ਹੈ, ਜਿਸ ਦੇ ਲਈ ਹਰ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਇਸ ਦੇ ਲਈ ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰਾਂ ’ਚ ਸ਼ਮਸ਼ਾਨਘਾਟ ਬਣਾਏ ਹੋਏ ਹਨ ਪਰ ਲਾਡੋਵਾਲ ਇਕ ਅਜਿਹਾ ਪਿੰਡ ਹੈ, ਜਿੱਥੇ ਸ਼ਮਸ਼ਾਨਘਾਟ ’ਚ ਕੋਈ ਵੀ ਛੱਤ ਅਤੇ ਸ਼ੈੱਡ ਨਾ ਹੋਣ ਕਾਰਨ ਲੋਕਾਂ ਨੂੰ ਬਾਰਸ਼ 'ਚ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨਾ ਪੈ ਰਿਹਾ ਹੈ ਅਤੇ ਇਸ ਦੌਰਾਨ ਭਾਰੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ 12 ਸਾਲ ਪਹਿਲਾਂ ਲਾਡੋਵਾਲ ’ਚ ਸ਼ਮਸ਼ਾਨਘਾਟ ਬਣਾਇਆ ਗਿਆ ਸੀ। ਇੱਥੇ ਉਸ ਸਮੇਂ ਇਕ ਆਰਜ਼ੀ ਤੌਰ ’ਤੇ ਸ਼ੈੱਡ ਤਿਆਰ ਕੀਤਾ ਗਿਆ ਸੀ, ਜੋ ਸ਼ੈੱਡ ਕੁੱਝ ਸਮੇਂ ਬਾਅਦ ਟੁੱਟ ਗਿਆ ਅਤੇ ਪਿਛਲੇ ਕਈ ਸਾਲਾਂ ਤੋਂ ਪਿੰਡ ਵਾਸੀ ਬਾਰਸ਼ ਦੇ ਮੌਸਮ ’ਚ ਹੀ ਮ੍ਰਿਤਕਾਂ ਦਾ ਦਾਹ ਸੰਸਕਾਰ ਕਰ ਰਹੇ ਹਨ। ਬਾਰਸ਼ 'ਚ ਮ੍ਰਿਤਕਾਂ ਦਾ ਸਹੀ ਢੰਗ ਨਾਲ ਅੰਤਿਮ ਸੰਸਕਾਰ ਨਾ ਹੋ ਸਕਣ ਕਾਰਨ ਪਿੰਡ ਵਾਸੀਆਂ 'ਚ ਭਾਰੀ ਨਿਰਾਸ਼ਾ ਦੇਖੀ ਜਾ ਰਹੀ ਹੈ ਪਰ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨਾ ਕਿਸੇ ਵੀ ਸਰਕਾਰ ਅਤੇ ਵਿਭਾਗ ਨੇ ਮੁਨਾਸਿਬ ਨਹੀਂ ਸਮਝਿਆ, ਜਿਸ ਕਾਰਨ ਲੋਕਾਂ ਨੂੰ ਮਜਬੂਰੀ ਵੱਸ ਵਰ੍ਹਦੇ ਮੀਂਹ ’ਚ ਅੰਤਿਮ ਸੰਸਕਾਰ ਕਰਨਾ ਪੈ ਰਿਹਾ ਹੈ। ਕੀ ਲੋਕਾਂ ਦੀ ਇਸ ਸਮੱਸਿਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੱਲ ਕਰਵਾ ਸਕੇਗੀ?

PunjabKesari
12 ਸਾਲ ਪਹਿਲਾਂ ਲਾਡੋਵਾਲ ਦੇ ਮ੍ਰਿਤਕਾਂ ਦਾ ਸਤਲੁਜ ਦਰਿਆ ਕੰਢੇ ਕੀਤਾ ਜਾਂਦਾ ਸੀ ਅੰਤਿਮ ਸੰਸਕਾਰ
ਦੇਸ਼ ਨੂੰ ਆਜ਼ਾਦ ਹੋਏ 75 ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਲਾਡੋਵਾਲ ਦੇ ਰਹਿਣ ਵਾਲਿਆਂ ਦੀ ਬਦਕਿਸਮਤੀ ਇਹ ਹੈ ਕਿ ਉਨ੍ਹਾਂ ਦੀ ਸਮੱਸਿਆ ਜਿਓਂ ਦੀ ਤਿਓਂ ਬਣੀ ਰਹਿੰਦੀ ਹੈ। ਜਿਸ ਦਿਨ ਤੋਂ ਦੇਸ਼ ਆਜ਼ਾਦ ਹੋਇਆ ਹੈ, ਉਸ ਤੋਂ ਬਾਅਦ ਤੋਂ ਲਾਡੋਵਾਲ ਦੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਸਕੇ-ਸਬੰਧੀਆਂ ਦਾ ਅੰਤਿਮ ਸਸਕਾਰ ਕਰਨ ਲਈ ਪਿੰਡੋਂ ਬਾਹਰ ਕਰੀਬ 4 ਕਿਲੋਮੀਟਰ ਦੂਰ ਸਤਲੁਜ ਦਰਿਆ ਕੰਢੇ ਜਾਣਾ ਪੈਂਦਾ ਸੀ ਕਿਉਂਕਿ ਕੁੱਝ ਲੋਕਾਂ ਵੱਲੋਂ ਲਾਡੋਵਾਲ 'ਚ ਸ਼ਮਸ਼ਾਨਘਾਟ ਬਣਾਏ ਜਾਣ ਦਾ ਵਿਰੋਧ ਕੀਤਾ ਜਾਂਦਾ ਸੀ। ਇਸੇ ਕਾਰਨ ਲੋਕ 4 ਕਿਲੋਮੀਟਰ ਤੱਕ ਲਾਸ਼ ਮੋਢੇ ’ਤੇ ਚੁੱਕ ਕੇ ਸਤਲੁਜ ਦਰਿਆ ਕੰਢੇ ਲੈ ਕੇ ਜਾਂਦੇ ਸਨ, ਜਿਸ ਤੋਂ ਬਾਅਦ 2010 'ਚ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਸਾਬਕਾ ਪੰਚਾਇਤ ਅਤੇ ਸਰਪੰਚ ਨੇ ਲਾਡੋਵਾਲ 'ਚ ਪੰਚਾਇਤੀ ਜਮੀਨ ’ਤੇ ਸ਼ਮਸ਼ਾਨਘਾਟ ਬਣਵਾਇਆ, ਜਿੱਥੇ 2010 ਤੋਂ ਬਾਅਦ ਤੋਂ ਲੋਕਾਂ ਦੇ ਅੰਤਿਮ ਸਸਕਾਰ ਹੋ ਰਹੇ ਹਨ।
ਲੋਕਾਂ ਨੇ ਕੀਤੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ
ਲਾਡੋਵਾਲ ਵਿਚ ਭਾਰੀ ਬਾਰਸ਼ ਦੌਰਾਨ ਲਾਡੋਵਾਲ ਦੀ ਔਰਤ ਸੁਰਿੰਦਰ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਥੇ ਮੌਜੂਦ ਮ੍ਰਿਤਕ ਔਰਤ ਦੇ ਪਤੀ ਸਾਬਕਾ ਰੇਲਵੇ ਮੁਲਾਜ਼ਮ ਮੋਹਨ ਲਾਲ, ਲਾਡੋਵਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਵਰਿੰਦਰ ਲਾਡੋਵਾਲ, ਸਾਬਕਾ ਪੰਚਾਇਤ ਮੈਂਬਰ ਇਸ਼ਰ ਦਾਸ ਫੌਜੀ, ਪ੍ਰਧਾਨ ਸੋਹਣ ਲਾਲ, ਅਮਰਜੀਤ ਚੋਪੜਾ, ਗੁਲਸ਼ਨ ਮਹਿਰਾ, ਗੋਸ਼ਾ ਲਾਡੋਵਾਲ, ਅਸ਼ੋਕ ਕੁਮਾਰ, ਬੂਟਾ ਰਾਮ, ਪਿੰਟੂ ਕੁਮਾਰ ਆਦਿ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸ਼ਮਸ਼ਾਨਘਾਟ 'ਚ ਛੱਤ ਜਾਂ ਸ਼ੈੱਡ ਪਵਾਏ ਜਾਣ।


Babita

Content Editor

Related News