ਬਜਰੀ ਨਾਲ ਭਰਿਆ ਟਿੱਪਰ ਡਿਫੈਂਸ ਡਰੇਨ ''ਤੇ ਬਣੇ ਪੁਲ ਸਮੇਤ ਡਿੱਗਾ

Monday, Mar 05, 2018 - 11:35 AM (IST)

ਬਜਰੀ ਨਾਲ ਭਰਿਆ ਟਿੱਪਰ ਡਿਫੈਂਸ ਡਰੇਨ ''ਤੇ ਬਣੇ ਪੁਲ ਸਮੇਤ ਡਿੱਗਾ

ਵਲਟੋਹਾ (ਗੁਰਮੀਤ ਸਿੰਘ) - ਹਿੰਦ-ਪਾਕਿ ਸਰਹੱਦ 'ਤੇ ਬਣੇ ਡਿਫੈਂਸ ਡਰੇਨ ਦੇ ਪੁਲ ਸਮੇਤ ਬਜਰੀ ਨਾਲ ਭਰੇ ਇਕ ਟਿੱਪਰ ਦੇ ਡਿੱਗਣ ਦਾ ਸਮਾਚਾਰ  ਹੈ। 
ਜਾਣਕਾਰੀ ਅਨੁਸਾਰ ਕਸਬਾ ਖੇਮਕਰਨ ਦੇ ਬਾਰਡਰ ਨੇੜੇ ਕੇ. ਕੇ. ਬੈਰੀਅਰ ਤੋਂ ਕੰਡਿਆਲੀ ਤਾਰ ਨੇੜੇ ਐੱਲ. ਈ. ਡੀ. ਲਾਈਟਾਂ ਲਾਉਣ ਦਾ ਕੰਮ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਹੈ। ਸਵੇਰ ਸਮੇਂ ਬਜਰੀ ਨਾਲ ਲੱਦਿਆ ਟਿੱਪਰ ਜਿਸ ਨੂੰ ਡਰਾਈਵਰ ਲਖਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਮੱਲ੍ਹੀਆਂ ਜ਼ਿਲਾ ਤਰਨਤਾਰਨ ਜਦੋਂ ਡਿਫੈਂਸ ਡਰੇਨ ਦੇ ਬਣੇ ਪੁਲ ਤੋਂ ਲੰਘਾਉਣ ਲੱਗਾ ਤਾਂ ਅਚਾਨਕ ਡਰੇਨ 'ਤੇ ਬਣਿਆ ਪੁਲ ਭਾਰ ਨਾ ਸਹਿੰਦਾ ਹੋਣ ਕਰ ਕੇ ਢਹਿ-ਢੇਰੀ ਹੋ ਗਿਆ ਅਤੇ ਟਿੱਪਰ ਵੀ ਡਰੇਨ ਵਿਚ ਜਾ ਡਿੱਗਾ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਥਾਣਾ ਖੇਮਕਰਨ ਦੀ ਪੁਲਸ ਪਾਰਟੀ ਏ. ਐੱਸ. ਆਈ. ਰਵੀ ਸ਼ੰਕਰ ਦੀ ਅਗਵਾਈ ਹੇਠ ਪੁੱਜੀ ਅਤੇ ਨਾਲ ਹੀ ਬੀ. ਐੱਸ. ਐੱਫ. 14 ਬਟਾਲੀਅਨ ਦੇ ਅਧਿਕਾਰੀ ਵੀ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ। ਟਿੱਪਰ ਵਿਚ ਡਰਾਈਵਰ ਸਮੇਤ ਤਿੰਨ ਵਿਅਕਤੀ ਸਵਾਰ ਸਨ। ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। 
ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਦੱਸਿਆ ਕਿ ਠੇਕੇਦਾਰ ਦੀ ਅਣਗਹਿਲੀ ਸਦਕਾ ਇਹ ਹਾਦਸਾ ਵਾਪਰਿਆ ਹੈ। ਪਹਿਲਾਂ ਵੀ ਇਸ ਪੁਲ ਦੇ ਖਸਤਾ ਹਾਲਤ ਬਾਰੇ ਉਹ ਮਹਿਕਮੇ ਨੂੰ ਜਾਣੂ ਕਰਵਾ ਚੁੱਕੇ ਹਨ। ਇੱਥੇ ਇਹ ਦੱਸਣਯੋਗ ਹੈ ਕਿ 50 ਦੇ ਕਰੀਬ ਕਿਸਾਨਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਇਸ ਪੁਲ ਤੋਂ ਅੱਗੇ ਪੈਂਦੀ ਹੈ। ਪਸ਼ੂਆਂ ਦਾ ਚਾਰਾ ਕਿਸਾਨ ਹਰ ਰੋਜ਼ ਆਪਣੇ ਖੇਤਾਂ 'ਚੋਂ ਲਿਆਉਂਦੇ ਹਨ। ਪੁਲ ਦੇ ਡਿੱਗਣ ਕਾਰਨ ਇਹ ਵੀ ਕੰਮ ਰੁਕ ਗਿਆ ਹੈ।


Related News