ਪੰਜਾਬ ਖੇਤੀਬਾੜੀ ਯੂਨੀਵਰਸਿਟੀ ''ਚ ਕਰਵਾਇਆ ਗਿਆ ਭੋਜਨ ਉਦਯੋਗ ਤੇ ਕਰਾਫ਼ਟ ਮੇਲਾ

Wednesday, Oct 12, 2022 - 04:23 PM (IST)

ਲੁਧਿਆਣਾ (ਸਲੂਜਾ) : ਪੀ. ਏ. ਯੂ. ਵਿਖੇ ਅੱਜ ਭੋਜਨ ਉਦਯੋਗ ਅਤੇ ਕਰਾਫ਼ਟ ਮੇਲਾ ਕਰਾਇਆ ਗਿਆ। ਇਸ ਮੇਲੇ 'ਚ ਪੰਜਾਬ ਭਰ ਤੋਂ ਖੇਤੀ ਕਾਰੋਬਾਰੀ ਉੱਦਮੀ, ਪ੍ਰੋਸੈਸਿੰਗ ਨਾਲ ਜੁੜੇ ਸੰਗਠਨ, ਕਿਸਾਨ ਨਿਰਮਾਤਾ ਸੰਗਠਨ ਅਤੇ ਸਵੈ-ਸੇਵੀ ਸੰਸਥਾਵਾਂ ਦੇ ਨਾਲ-ਨਾਲ ਆਮ ਲੋਕ ਅਤੇ ਭੋਜਨ ਉਦਯੋਗ ਦੇ ਖੇਤਰ ਦੇ ਮਾਹਿਰ ਸ਼ਾਮਿਲ ਹੋਏ। ਇਸ ਮੇਲੇ ਦੇ ਮੁੱਖ ਮਹਿਮਾਨ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਨੇ ਖੇਤੀ ਦੇ ਖੇਤਰ 'ਚ ਜੋ ਸਿਖ਼ਰਾਂ ਛੂਹੀਆਂ ਹਨ, ਉਹ ਸੰਸਾਰ 'ਚ ਆਪਣੀ ਮਿਸਾਲ ਆਪ ਹਨ।

ਅਨਾਜ ਉਤਪਾਦਨ ਦੇ ਖੇਤਰ 'ਚ ਇੰਨਾ ਝਾੜ ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਖਿੱਤੇ 'ਚ ਹੋਵੇ। ਉਨ੍ਹਾਂ ਕਿਹਾ ਕਿ ਪੀ. ਏ. ਯੂ. ਦੇ ਮਾਹਿਰਾਂ ਵੱਲੋਂ ਪਹਿਲਾਂ ਪਹਿਲ ਅਮਰੀਕਾ ਤੋਂ ਲਿਆਂਦੀਆਂ ਕਿੰਨੂ ਦੀਆਂ 10 ਕਲਮਾਂ ਅੱਜ ਭਾਰਤ 'ਚ ਸਭ ਤੋਂ ਵੱਡੇ ਕਿੰਨੂ ਉਤਪਾਦਕ ਖਿੱਤੇ ਦੇ ਰੂਪ 'ਚ ਸਾਹਮਣੇ ਹਨ। ਇਸੇ ਤਰ੍ਹਾਂ ਇਟਾਲੀਅਨ ਮੱਖੀਆਂ ਰਾਹੀਂ ਸ਼ਹਿਦ ਉਤਪਾਦਨ 'ਚ ਪੰਜਾਬ ਦੀ ਬੇਮਿਸਾਲ ਕਾਰਗੁਜ਼ਾਰੀ ਦਾ ਜ਼ਿਕਰ ਵਾਈਸ ਚਾਂਸਲਰ ਨੇ ਕੀਤਾ।

ਇਸੇ ਤਰ੍ਹਾਂ ਅੱਜ ਦਾ ਯੁੱਗ ਖੇਤੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਵਾਲੇ ਉਤਪਾਦਾਂ ਵੱਲ ਮੁੜਨ ਦਾ ਹੈ। ਉਨ੍ਹਾਂ ਕਿਹਾ ਕਿ ਕਿ ਵਧੇਰੇ ਖੇਤੀ ਮੁਨਾਫ਼ੇ ਲਈ ਪ੍ਰੋਸੈਸਿੰਗ ਵੱਲ ਪਰਤਣਾ ਹੈ। ਪੀ. ਏ. ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਸਭ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਮੇਲੇ ਦਾ ਮੰਤਵ ਵਿਗਿਆਨੀਆਂ, ਖੇਤੀ ਉੱਦਮੀਆਂ ਅਤੇ ਖ਼ਪਤਕਾਰਾਂ ਨੂੰ ਸਾਂਝੇ ਮੰਚ 'ਤੇ ਲੈ ਆਉਣਾ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆਵ ਨੇ ਮੰਚ ਸੰਚਾਲਨ ਕਰਦਿਆਂ ਪੀ. ਏ. ਯੂ. 'ਚ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਭੋਜਨ ਇੰਨਕੁਬੇਸ਼ਨ ਸੈਂਟਰ ਵੱਲੋਂ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ 'ਤੇ ਰੌਸ਼ਨੀ ਪਾਈ।


Babita

Content Editor

Related News