ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦਾ ਵੱਡਾ ਜ਼ਖੀਰਾ ਬਰਾਮਦ
Friday, Nov 10, 2023 - 06:15 PM (IST)
ਨਾਭਾ (ਭੂਪਾ) : ਰਿਆਸਤੀ ਸ਼ਹਿਰ ਨਾਭਾ ਦੇ ਐੱਸ. ਡੀ. ਐੱਮ. ਅਤੇ ਨਾਭਾ ਕੋਤਵਾਲੀ ਪੁਲਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਛਾਪਾਮਾਰੀ ਦੌਰਾਨ ਪਟਾਕਿਆਂ ਦੇ ਇਕ ਵੱਡੇ ਵਪਾਰੀ ਦੇ ਗੁਦਾਮ ਤੋਂ ਪਟਾਕਿਆਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪਟਾਕਿਆਂ ਦਾ ਇਹ ਵੱਡਾ ਜ਼ਖੀਰਾ ਨਾਭਾ ਸ਼ਹਿਰ ਦੇ ਰਿਹਾਇਸ਼ੀ ਖੇਤਰ ਨਾਲ ਜੁੜੇ ਅਤਿ ਰੁੱਝੇ ਇਲਾਕੇ ’ਚੋਂ ਬਰਾਮਦ ਕੀਤਾ ਗਿਆ ਹੈ, ਜਿੱਥੇ ਐਬੂਲੈਂਸ ਜਾਂ ਫਾਇਰ ਬ੍ਰਿਗੇਡ ਦੀ ਗੱਡੀ ਤੱਕ ਨਹੀਂ ਪੁੱਜ ਸਕਦੀ।
ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਦੇਖਣ ਨੂੰ ਆਇਆ ਕਿ ਪਟਾਕਿਆਂ ਦੇ ਵਪਾਰੀਆਂ ਖਿਲਾਫ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਨ ’ਤੇ ਪੁਖਤਾ ਕਾਰਵਾਈ ਕੀਤੀ ਗਈ ਹੋਵੇ। ਮੌਕੇ ’ਤੇ ਮੌਜੂਦ ਸਬੰਧਤ ਵਪਾਰੀ ਅਤੇ ਉਸ ਦੇ ਪੁੱਤਰ ਨੇ ਅੱਖਾਂ ਚੁਰਾਉਂਦੇ ਹੋਏ ਮੰਨਿਆ ਕਿ ਪਟਾਖਿਆਂ ਦੇ ਇਸ ਵੱਡੇ ਜਖੀਰੇ ਸਬੰਧੀ ਉਨ੍ਹਾਂ ਕੋਲ ਮੌਕੇ ’ਤੇ ਕੋਈ ਲਾਇਸੈਂਸ ਨਹੀਂ ਹੈ। ਵਪਾਰੀ ਦੇ ਲੜਕੇ ਨੇ ਕਿਹਾ ਕਿ ਲਾਇਸੈਂਸ ਲੈਣ ਵਾਲੀ ਫਾਈਲ ਤਿਆਰ ਸੀ ਪਰ ਇਕ ਛੋਟੀ ਜਿਹੀ ਦਿੱਕਤ ਕਰਨ ਉਹ ਲਾਇਸੈਂਸ ਅਪਲਾਈ ਨਹੀਂ ਕਰ ਸਕਿਆ। ਦਿਲਚਸਪ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਟੀਮਾਂ ਨੂੰ ਭਾਵਨਾਤਮਕ ਬਲੈਕਮੇਲ ਕਰਦਿਆਂ ਸਬੰਧਤ ਵਪਾਰੀ ਦਾ ਪੁੱਤਰ ਥਾਈਂ ਖੁਦਕੁਸ਼ੀ ਦੀ ਧਮਕੀ ਦੇਣ ਲੱਗਾ ਪਰ ਸਰਕਾਰੀ ਅਧਿਕਾਰੀ ਟੱਸ ਤੋਂ ਮੱਸ ਨਾ ਹੋਏ।
ਮੌਕੇ ਤੋਂ ਬਰਾਮਦ ਪਟਾਕਿਆਂ ਦੀ ਭਰੀ ਇਕ ਗੱਡੀ ਦੇ ਡਰਾਈਵਰ ਨੇ ਮੰਨਿਆ ਕਿ ਉਹ ਇਹ ਪਟਾਕੇ ਨਾਭਾ ਦੇ ਇਸੇ ਵਪਾਰੀ ਦੇ ਕਹਿਣ ’ਤੇ ਲੱਦ ਕੇ ਲਿਆਇਆ ਹੈ। ਪੁਸ਼ਟੀ ਕਰਦਿਆਂ ਨਾਭਾ ਦੇ ਐੱਸ. ਡੀ. ਐੱਮ. ਤਰਸੇਮ ਚੰਦ ਨੇ ਦੱਸਿਆ ਕਿ ਇਸ ਵਪਾਰੀ ਵੱਲੋਂ ਰਿਹਾਇਸ਼ੀ ਇਲਾਕੇ ’ਚ ਪਟਾਕਿਆਂ ਦੇ ਇਕੱਤਰ ਕੀਤੇ ਵੱਡੇ ਜਖੀਰੇ ਦੀ ਸੂਚਨਾ ਮਿਲਦਿਆਂ ਹੀ ਨਾਭਾ ਕੋਤਵਾਲੀ ਦੇ ਇੰਚਾਰਜ ਗੁਰਪ੍ਰੀਤ ਸਮਰਾਓ ਅਤੇ ਪੁਲਸ ਪਾਰਟੀ ਨਾਲ ਛਾਪਾਮਾਰੀ ਕੀਤੀ ਗਈ ਅਤੇ ਪਟਾਖਿਆਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਬੰਧਤ ਵਪਾਰੀ ਪਟਾਕਿਆਂ ਦੇ ਇਸ ਵੱਡੇ ਜਖੀਰੇ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਨਾ ਦਿਖਾ ਸਕਿਆ ਜਿਸ ਕਾਰਨ ਉਸ ਦੇ ਮਾਲ ਨੂੰ ਸਰਕਾਰੀ ਕਬਜ਼ੇ ’ਚ ਲੈ ਕੇ ਉਸ ਖ਼ਿਲਾਫ ਯੋਗ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਥਾਣਾ ਇੰਚਾਰਜ ਐੱਸ. ਆਈ. ਗੁਰਪ੍ਰੀਤ ਸਮਰਾਓ ਨੇ ਦੱਸਿਆ ਕਿ ਸਬੰਧਤ ਵਪਾਰੀ ਪੁਲਸ ਪਾਰਟੀ ਨੂੰ ਪਟਾਕਿਆਂ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਨਾ ਦਿਖਾ ਸਕਿਆ ਹੈ, ਜਿਸ ਕਾਰਨ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਉਸ ਦੇ ਪਟਾਕਿਆਂ ਦੇ ਜਖੀਰੇ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾ ਰਿਹਾ ਹੈ।