CPI ਨੇ ਕੇਂਦਰੀ ਮੰਤਰੀ ਸਿੰਘ ਦੇ ਇਰਾਕ ਪੀੜਤਾਂ ਪ੍ਰਤੀ ਬਿਆਨ ''ਤੇ ਅਸਤੀਫਾ ਮੰਗਿਆ

Tuesday, Apr 03, 2018 - 10:00 PM (IST)

ਜਲੰਧਰ (ਧਵਨ)—ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ.ਆਈ.) ਨੇ ਕੇਂਦਰੀ ਮੰਤਰੀ ਵੀ. ਕੇ. ਸਿੰਘ ਦੇ ਇਰਾਕ ਪੀੜਤਾਂ ਪ੍ਰਤੀ ਗੈਰ-ਜ਼ਿੰਮੇਦਾਰਾਨਾ ਬਿਆਨ 'ਤੇ ਮੰਤਰੀ ਦਾ ਅਸਤੀਫਾ ਮੰਗਿਆ ਹੈ। ਸੀ.ਪੀ.ਆਈ. ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਡਾ. ਜੋਗਿੰਦਰ ਦਿਆਲ ਨੇ ਕਿਹਾ ਕਿ ਇਰਾਕ ਵਿਚ ਮਾਰੇ ਗਏ ਪੰਜਾਬੀਆਂ ਦੀਆਂ ਲਾਸ਼ਾਂ ਲੈ ਕੇ ਜਦੋਂ ਵੀ. ਕੇ. ਸਿੰਘ ਅੰਮ੍ਰਿਤਸਰ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ 'ਤੇ ਵੀ.ਕੇ. ਸਿੰਘ ਨੇ ਬੜਾ ਹੀ ਗੈਰ-ਜ਼ਿੰਮੇਦਾਰਾਨਾ ਬਿਆਨ ਦਿੰਦਿਆਂ ਕਿਹਾ ਕਿ ਨੌਕਰੀਆਂ ਦੇਣਾ ਫੁੱਟਬਾਲ ਦੀ ਖੇਡ ਨਹੀਂ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਇਰਾਕ ਵਿਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਤੋਂ ਬਾਅਦ ਪਰਿਵਾਰਾਂ ਵਿਚ ਦੁੱਖ ਪਾਇਆ ਜਾ ਰਿਹਾ ਹੈ।
ਡਾ. ਦਿਆਲ ਨੇ ਕਿਹਾ ਕਿ ਭਾਜਪਾ ਦੇ ਮੰਤਰੀਆਂ ਨੂੰ ਪਤਾ ਨਹੀਂ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆਏ ਹਨ,ਉਨ੍ਹਾਂ ਦਾ ਦੁੱਖ ਕਿੰਨਾ ਜ਼ਿਆਦਾ ਹੈ।ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ ਵਿਚ ਇਨ੍ਹਾਂ ਪਰਿਵਾਰਾਂ ਦਾ ਹੌਸਲਾ ਵਧਾਉਣ ਦੀ ਥਾਂ 'ਤੇ ਉਨ੍ਹਾਂ ਦਾ ਹੌਸਲਾ ਕੇਂਦਰੀ ਮੰਤਰੀ ਨੇ ਢਾਹਿਆ ਹੈ। ਇਸਦੇ ਲਈ ਕੇਂਦਰੀ ਮੰਤਰੀ ਨੂੰ ਇਨ੍ਹਾਂ ਪਰਿਵਾਰਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਮੰਤਰੀ ਨੂੰ ਆਪਣੇ ਮੰਤਰੀ ਮੰਡਲ ਵਿਚੋਂ ਹਟਾ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਭਾਜਪਾ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀ ਸਾਹਮਣੇ ਆ ਰਹੀ ਹੈ, ਉਸਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚ ਕਿੰਨੀ ਸਹਿਣਸ਼ੀਲਤਾ ਪਾਈ ਜਾ ਰਹੀ ਹੈ। ਪਹਿਲਾਂ ਤਾਂ ਕੇਂਦਰ ਨੇ ਇਰਾਕ ਵਿਚ ਆਪਣੇ ਦੂਤਘਰ ਨੂੰ ਅਲਰਟ ਨਹੀਂ ਕੀਤਾ, ਜਿਸ ਕਾਰਨ ਇਰਾਕ ਵਿਚ ਸਰਗਰਮ ਅੱਤਵਾਦੀ ਆਈ.ਐੱਸ.ਆਈ.ਐੱਸ. ਨੇ ਬੰਦੀ ਬਣਾਏ ਗਏ ਭਾਰਤੀਆਂ ਦੀ ਹੱਤਿਆ ਕਰ ਦਿੱਤੀ। ਜੇਕਰ ਸਮੇਂ 'ਤੇ ਭਾਰਤ ਸਰਕਾਰ ਦੀਆਂ ਅੱਖਾਂ ਖੁੱਲ੍ਹ ਗਈਆਂ ਹੁੰਦੀਆਂ ਤਾਂ ਇਨ੍ਹਾਂ ਬੰਦੀ ਬਣਾਏ ਗਏ ਭਾਰਤੀ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿਚ ਆਉਣ ਤੋਂ ਬਾਅਦ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ।


Related News