ਲੁਧਿਆਣਾ ਦੇ CP ਦਾ ਪੁਲਸ ਅਫ਼ਸਰਾਂ ਨੂੰ ਸਖ਼ਤ ਹੁਕਮ, ਸਰਕਾਰੀ ਕੋਠੀਆਂ ਤੇ ਫਲੈਟ ਖ਼ਾਲੀ ਕਰੋ ਨਹੀਂ ਤਾਂ...

10/31/2022 2:58:28 PM

ਲੁਧਿਆਣਾ (ਰਾਜ) : ਸ਼ਹਿਰ ’ਚ ਪੁਲਸ ਅਧਿਕਾਰੀਆਂ ਦੀਆਂ ਸਰਕਾਰੀ ਕੋਠੀਆਂ ਅਤੇ ਫਲੈਟਾਂ ’ਤੇ ਕਬਜ਼ੇ ਕਰ ਰੱਖੇ ਹਨ। ਇਹ ਕਬਜ਼ਾ ਕਿਸੇ ਹੋਰ ਦਾ ਨਹੀਂ, ਸਗੋਂ ਉਨ੍ਹਾਂ ਅਧਿਕਾਰੀਆਂ ਦਾ ਹੈ, ਜੋ ਕਿ ਲੁਧਿਆਣਾ ਤੋਂ ਕਦੋਂ ਦੇ ਟਰਾਂਸਫਰ ਹੋ ਚੁੱਕੇ ਹਨ ਅਤੇ ਸਾਲਾਂ ਤੋਂ ਟਰਾਂਸਫਰ ਹੋਣ ਦੇ ਬਾਵਜੂਦ ਕਬਜ਼ਾ ਨਹੀਂ ਛੱਡਿਆ। ਇਸ ਕਾਰਨ ਸ਼ਹਿਰ ’ਚ ਨਵੇਂ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਰਹਿਣ ਲਈ ਕੋਠੀ ਜਾਂ ਫਲੈਟ ਨਹੀਂ ਮਿਲ ਰਹੇ ਹਨ। ਜੇਕਰ ਮਿਲ ਰਹੇ ਹਨ ਤਾਂ ਉਨ੍ਹਾਂ ਨੂੰ ਛੋਟੇ ਮੁਲਾਜ਼ਮਾਂ ਦੇ ਘਰਾਂ ’ਚ ਰਹਿਣਾ ਪੈ ਰਿਹਾ ਹੈ ਜਾਂ ਫਿਰ ਪੁਲਸ ਲਾਈਨ ਦੇ ਜੀ. ਓ. ਮੈਸ ’ਚ ਠਹਿਰਨਾ ਪੈ ਰਿਹਾ ਹੈ। ਇਸ ਲਈ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਇਸ ਤਰ੍ਹਾਂ ਦੇ ਪੁਲਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ ਨੋਟਿਸ ’ਚ ਸਾਫ਼ ਤੌਰ ’ਤੇ ਕਿਹਾ ਹੈ ਕਿ ਕੋਠੀ ਜਾਂ ਫਲੈਟ ਖ਼ਾਲੀ ਕਰ ਦੇਣ, ਨਹੀਂ ਤਾਂ ਮਾਰਕਿਟ ਰੇਟ ਦੇ ਹਿਸਾਬ ਨਾਲ ਕਿਰਾਇਆ ਵਸੂਲਿਆ ਜਾਵੇਗਾ।

ਇਹ ਵੀ ਪੜ੍ਹੋ :  ਖੰਨਾ 'ਚ ਪੰਜਾਬ ਪੁਲਸ ਦੇ ਹੌਲਦਾਰ ਨੂੰ ਦਿੱਤੀ ਦਰਦਨਾਕ ਮੌਤ, ਤਲਵਾਰਾਂ ਨਾਲ ਕੀਤਾ ਹਮਲਾ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਬਾਹਰ ਤੋਂ ਲੁਧਿਆਣਾ ’ਚ ਤਾਇਨਾਤ ਹੋਏ ਪੁਲਸ ਅਧਿਕਾਰੀਆਂ ਲਈ ਕੋਠੀ ਅਤੇ ਫਲੈਟ ਬਣੇ ਹੋਏ ਹਨ ਪਰ ਇਨ੍ਹਾਂ ਨਵੇਂ ਆਏ ਪੁਲਸ ਅਧਿਕਾਰੀਆਂ ਨੂੰ ਰਹਿਣ ਲਈ ਕੋਠੀ ਜਾਂ ਫਲੈਟ ਨਹੀਂ ਮਿਲ ਰਹੇ ਹਨ ਕਿਉਂਕਿ ਲਗਭਗ ਇਕ ਸਾਲ ਪਹਿਲਾਂ ਟਰਾਂਸਫਰ ਹੋ ਚੁੱਕੇ ਕਈ ਪੁਲਸ ਅਧਿਕਾਰੀਆਂ ਨੇ ਹੁਣ ਤੱਕ ਕੋਠੀ ਜਾਂ ਫਲੈਟ ਖ਼ਾਲੀ ਨਹੀਂ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਇਕ ਅਧਿਕਾਰੀ ਦੋ ਜਾਂ ਜ਼ਿਆਦਾ ਤੋਂ ਜ਼ਿਆਦਾ 6 ਮਹੀਨਿਆਂ ਤੱਕ ਟਰਾਂਸਫਰ ਹੋਣ ਤੋਂ ਬਾਅਦ ਸਰਕਾਰੀ ਰਿਹਾਇਸ਼ ’ਚ ਰਹਿ ਸਕਦਾ ਹੈ। ਇਸ ਤੋਂ ਬਾਅਦ ਉਸ ਨੂੰ ਸਰਕਾਰੀ ਰਿਹਾਇਸ਼ ਨੂੰ ਖ਼ਾਲੀ ਕਰਨਾ ਪੈਂਦਾ ਹੈ। ਜੇਕਰ ਕੋਈ ਵਿਸ਼ੇਸ਼ ਕਾਰਨ ਹੋਵੇ ਤਾਂ ਲੰਬੇ ਸਮੇਂ ਤੱਕ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਮਹੀਨੇ ਦੇ ਕਿਰਾਏ ਦੇ ਰੂਪ ’ਚ 20 ਹਜ਼ਾਰ ਤੱਕ ਭੁਗਤਾਨ ਦਾ ਅਧਿਕਾਰ ਹੈ। ਹੁਣ ਉਨ੍ਹਾਂ ਨੂੰ ਘਰ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ। ਜੇਕਰ ਅਧਿਕਾਰੀ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਨ੍ਹਾਂ ਤੋਂ ਕਿਰਾਇਆ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ਬਣ ਰਹੀ ਹਾਈਟੈੱਕ, ਕੈਦੀਆਂ ਨੂੰ ਮਿਲੇਗਾ ਲਾਭ
ਅਫ਼ਸਰ ਕਾਲੋਨੀ ਦਾ ਨਾਂ ਬਦਲ ਕੇ ਰੱਖ ਦਿੱਤਾ ਆਈ. ਪੀ. ਐੱਸ. ਕਾਲੋਨੀ
ਪੁਲਸ ਕਮਿਸ਼ਨਰ ਦੀ ਰਿਹਾਇਸ਼ ਕੋਲ ਅਫ਼ਸਰ ਕਾਲੋਨੀ ਹੈ। ਇਸ ਕਾਲੋਨੀ ’ਚ ਪਹਿਲਾਂ ਆਈ. ਪੀ. ਐੱਸ. ਅਤੇ ਪੀ. ਪੀ. ਐੱਸ. ਦੋਵੇਂ ਰੈਂਕ ਦੇ ਅਧਿਕਾਰੀ ਰਹਿੰਦੇ ਸਨ ਪਰ ਕੁੱਝ ਸਮਾਂ ਪਹਿਲਾਂ ਜਦ ਲੁਧਿਆਣਾ 'ਚ ਆਈ. ਪੀ. ਐੱਸ. ਅਧਿਕਾਰੀਆਂ ਦੀ ਗਿਣਤੀ ਜ਼ਿਆਦਾ ਹੋ ਗਈ ਤਾਂ ਇਸ ਕਾਲੋਨੀ ’ਤੇ ਆਈ. ਪੀ. ਐੱਸ. ਅਧਿਕਾਰੀਆਂ ਨੇ ਕਬਜ਼ਾ ਕਰ ਲਿਆ ਅਤੇ ਇਸ ਦਾ ਨਾਂ ਬਦਲ ਕੇ ਆਈ. ਪੀ. ਐੱਸ ਅਫ਼ਸਰ ਐਨਕਲੇਵ ਰੱਖ ਦਿੱਤਾ ਗਿਆ। ਇੱਥੇ ਪੀ. ਸੀ. ਪੀ. ਰੈਂਕ ਦੇ ਅਧਿਕਾਰੀ ਵੀ ਰਹਿ ਸਕਦੇ ਹਨ। ਹੁਣ ਫਿਰ ਇਸ ਦਾ ਨਾਂ ਸਿਰਫ ਅਫ਼ਸਰ ਕਾਲੋਨੀ ਕੀਤਾ ਜਾ ਰਿਹਾ ਹੈ।
ਟਰਾਂਸਫਰ ਹੋਏ ਅਧਿਕਾਰੀ, ਸੁਰੱਖਿਆ ਮੁਲਾਜ਼ਮ ਵੀ ਲੈ ਗਏ ਨਾਲ
ਜਿਨ੍ਹਾਂ ਅਧਿਕਾਰੀਆਂ ਕੋਲ ਲੁਧਿਆਣਾ ’ਚ ਤਾਇਨਾਤ ਰਹਿੰਦੇ ਹੋਏ ਸੁਰੱਖਿਆ ਮੁਲਾਜ਼ਮ ਸਨ, ਉਹ ਟਰਾਂਸਫਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਹੀ ਲੈ ਗਏ ਸੀ ਪਰ ਉਨ੍ਹਾਂ ਦੀ ਤਨਖ਼ਾਹ ਲੁਧਿਆਣਾ ਤੋਂ ਬਣਦੀ ਹੈ। ਇਸ ਲਈ ਇਸ ਤਰ੍ਹਾਂ ਦੇ ਲਗਭਗ 70 ਮੁਲਾਜ਼ਮ ਹਨ, ਜਿਨ੍ਹਾਂ ਦੀ ਅਸਲ ਡਿਊਟੀ ਲੁਧਿਆਣਾ ’ਚ ਹੈ ਪਰ ਉਹ ਹੋਰ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਨਾਲ ਤਾਇਨਾਤ ਹਨ। ਉਨ੍ਹਾਂ ਨੂੰ ਵੀ ਪੱਤਰ ਲਿਖ ਕੇ ਦਫ਼ਤਰ ਲੁਧਿਆਣਾ ਡਿਊਟੀ ਜੁਆਇਨ ਕਰਨ ਲਈ ਕਿਹਾ ਗਿਆ ਹੈ। ਕਈ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ ਗਈ ਤਾਂ ਉਨ੍ਹਾਂ ਨੇ ਡਿਊਟੀ ਜੁਆਇਨ ਕਰ ਲਈ ਪਰ ਕਈ ਇਸ ਤਰ੍ਹਾਂ ਦੇ ਮੁਲਾਜ਼ਮ ਹਨ, ਜੋ ਕਿ ਹੁਣ ਤੱਕ ਨਹੀਂ ਆਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News