ਸਾਈਬਰ ਠੱਗਾਂ ਦੇ ਹੌਸਲੇ ਬੁਲੰਦ: ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਬਣਾਈ ਫ਼ੇਕ ਫੇਸਬੁੱਕ ID
Wednesday, Aug 12, 2026 - 02:59 PM (IST)
ਲੁਧਿਆਣਾ (ਰਾਜ)- ਮਹਾਨਗਰ ਵਿੱਚ ਸਰਗਰਮ ਸਾਈਬਰ ਠੱਗਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਪੁਲਸ ਤੇ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਜਾਲਸਾਜ਼ਾਂ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਫ਼ੋਟੋ ਅਤੇ ਨਾਂ ਦੀ ਵਰਤੋਂ ਕਰ ਕੇ ਫੇਸਬੁੱਕ ’ਤੇ ਇੱਕ ਫ਼ਰਜ਼ੀ ਆਈ.ਡੀ. ਤਿਆਰ ਕਰ ਲਈ ਹੈ।
ਠੱਗ ਇਸ ਜਾਅਲੀ ਆਈ.ਡੀ. ਰਾਹੀਂ ਪੁਲਸ ਅਧਿਕਾਰੀਆਂ, ਸੀ.ਪੀ. ਦੇ ਜਾਣਕਾਰਾਂ ਤੇ ਆਮ ਲੋਕਾਂ ਨੂੰ ਫ੍ਰੈਂਡ ਰਿਕੁਐਸਟਾਂ ਭੇਜ ਕੇ ਠੱਗੀ ਮਾਰਨ ਦੀ ਫ਼ਿਰਾਕ ਵਿੱਚ ਸਨ। ਜਾਗਰੂਕ ਲੋਕਾਂ ਦੀ ਸਮਝਦਾਰੀ ਕਾਰਨ ਠੱਗਾਂ ਦੀ ਇਹ ਚਾਲ ਨਾਕਾਮ ਹੋ ਗਈ। ਜਿਵੇਂ ਹੀ ਸੀ.ਪੀ. ਸਵਪਨ ਸ਼ਰਮਾ ਦੇ ਨਾਂ ਤੋਂ ਫ੍ਰੈਂਡ ਰਿਕੁਐਸਟ ਆਈ। ਲੋਕਾਂ ਨੇ ਤੁਰੰਤ ਇਸ ਦੀ ਸੱਚਾਈ ਭਾਂਪ ਲਈ।
ਲੋਕਾਂ ਨੇ ਸੋਸ਼ਲ ਮੀਡੀਆ ’ਤੇ ਉਕਤ ਫ਼ੇਕ ਆਈ.ਡੀ. ਦਾ ਸਕ੍ਰੀਨਸ਼ਾਟ ਪੋਸਟ ਕਰ ਕੇ ਹੋਰਨਾਂ ਨੂੰ ਅਲਰਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਕੋਈ ਵੀ ਵਿੱਤੀ ਨੁਕਸਾਨ ਦਾ ਸ਼ਿਕਾਰ ਨਾ ਹੋਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੀ.ਪੀ. ਸਵਪਨ ਸ਼ਰਮਾ ਤੋਂ ਇਲਾਵਾ ਸਾਬਕਾ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਕੌਸਤੁਭ ਸ਼ਰਮਾ ਤੇ ਕਈ ਏ.ਸੀ.ਪੀ. ਅਧਿਕਾਰੀਆਂ ਦੇ ਨਾਂ ’ਤੇ ਜਾਅਲੀ ਪ੍ਰੋਫ਼ਾਈਲਾਂ ਬਣਾਈਆਂ ਜਾ ਚੁੱਕੀਆਂ ਹਨ।
ਉੱਚ ਅਧਿਕਾਰੀਆਂ ਦੀਆਂ ਫ਼ੇਕ ਆਈ.ਡੀ. ਬਣਨ ਦੇ ਬਾਵਜੂਦ ਸਾਈਬਰ ਸੈੱਲ ਵੱਲੋਂ ਕੋਈ ਵੱਡੀ ਕਾਰਵਾਈ ਨਾ ਹੋਣ ’ਤੇ ਸਵਾਲ ਉੱਠ ਰਹੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਈਬਰ ਸੈੱਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਧਿਕਾਰੀ ਦੀ ਆਈ.ਡੀ. ਤੋਂ ਅਚਾਨਕ ਰਿਕੁਐਸਟ ਆਉਣ ਜਾਂ ਪੈਸਿਆਂ ਦੀ ਮੰਗ ਕਰਨ ’ਤੇ ਤੁਰੰਤ ਚੌਕਸ ਹੋ ਜਾਣ ਅਤੇ ਬਿਨਾਂ ਪੁਸ਼ਟੀ ਕੀਤੇ ਕਿਸੇ ਨੂੰ ਵੀ ਪੈਸੇ ਟ੍ਰਾਂਸਫ਼ਰ ਨਾ ਕਰਨ।
