ਪੰਜਾਬ ''ਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲਵਾਵਾਂਗਾ : ਕੈਪਟਨ

Wednesday, Dec 02, 2020 - 08:56 PM (IST)

ਚੰਡੀਗੜ੍ਹ : ਭਾਰਤ 'ਚ ਕੋਵਿਡ ਵੈਕਸੀਨ ਦੀ ਵਰਤੋਂ ਸ਼ੁਰੂ ਹੋਣ ਦੇ ਅੰਤਿਮ ਪੜਾਅ ਉਤੇ ਪਹੁੰਚਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈ. ਸੀ. ਐਮ. ਆਰ.) ਦੀ ਇਕ ਵਾਰ ਪ੍ਰਵਾਨਗੀ ਮਿਲਣ 'ਤੇ ਪੰਜਾਬ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਉਹ ਲਵਾਉਣਗੇ। ਮੁੱਖ ਮੰਤਰੀ ਨੇ ਇਹ ਐਲਾਨ ਵਰਚੁਅਲ ਕੈਬਨਿਟ ਮੀਟਿੰਗ ਦੌਰਾਨ ਕੀਤਾ, ਜਿਸ 'ਚ ਪੰਜਾਬ 'ਚ ਕੋਵਿਡ ਦੀ ਸਥਿਤੀ ਅਤੇ ਵੈਕਸੀਨ ਲਈ ਸੂਬੇ ਦੀਆਂ ਤਿਆਰੀਆਂ ਬਾਰੇ ਵਿਚਾਰ-ਚਰਚਾ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 604 ਨਵੇਂ ਮਾਮਲੇ ਆਏ ਸਾਹਮਣੇ, 24 ਦੀ ਮੌਤ
ਉਨ੍ਹਾਂ ਮੀਟਿੰਗ ਦੌਰਾਨ ਦੱਸਿਆ ਕਿ ਕੋਰੋਨਾ ਦੀ ਵੈਕਸੀਨ ਲਈ ਭਾਰਤ ਸਰਕਾਰ ਦੀ ਰਣਨੀਤੀ ਦੀ ਤਰਜ਼ ਉਤੇ ਪੰਜਾਬ ਨੇ ਸਿਹਤ ਕਾਮਿਆਂ, ਫਰੰਟਲਾਈਨ ਵਰਕਰਾਂ, ਵੱਡੀ ਉਮਰ ਦੀ ਵਸੋਂ (50 ਸਾਲ ਤੋਂ ਉਪਰ) ਅਤੇ ਹੋਰ ਬਿਮਾਰੀਆਂ ਨਾਲ ਪੀੜਤ ਲੋਕ (50 ਸਾਲ ਜਾਂ ਘੱਟ ਉਮਰ) ਨੂੰ ਤਰਜੀਹੀ ਵਰਗ ਵਿੱਚ ਸ਼ਾਮਲ ਕੀਤਾ ਹੈ। ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਮੁਤਾਬਕ ਸੂਬੇ ਨੇ 1.25 ਲੱਖ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕਾਮਿਆਂ ਦਾ ਡਾਟਾ ਤਿਆਰ ਕੀਤਾ ਹੈ, ਜਿਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਵੈਕਸੀਨ ਲਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਵੈਕਸੀਨ ਲਈ ਮਿੱਥੀਆਂ ਤਰਜੀਹਾਂ ਦੇ ਹਿਸਾਬ ਨਾਲ ਸੂਬੇ ਦੀ ਲਗਭਗ 3 ਕਰੋੜ ਦੀ ਆਬਾਦੀ ਵਿੱਚੋਂ ਸੂਬੇ ਦੀ ਤਕਰੀਬਨ 23 ਫੀਸਦੀ ਵਸੋਂ (70 ਲੱਖ) ਇਸ ਦੇ ਘੇਰੇ ਵਿੱਚ ਆਉਂਦੀ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਵਲੋਂ ਨਗਰ ਨਿਗਮ ਦਾ ਸੈਨਟਰੀ ਇੰਸਪੈਕਟਰ 5000 ਰੁਪਏ ਰਿਸ਼ਵਤ ਲੈਂਦਾ ਕਾਬੂ
ਵੈਕਸੀਨ ਦੀ ਸੁਚਾਰੂ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੂਬੇ ਦੀ ਸੰਚਾਲਨ ਕਮੇਟੀ, ਕੌਮੀ ਸੰਚਾਲਨ ਕਮੇਟੀ ਨਾਲ ਨੇੜਿਓਂ ਤਾਲਮੇਲ ਰੱਖ ਰਹੀ ਹੈ, ਜਦਕਿ ਸੂਬਾਈ ਟਾਸਕ ਫੋਰਸ ਵੱਲੋਂ ਇਸ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਕਮੇਟੀਆਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਵਿਸ਼ਵ ਸਿਹਤ ਸੰਸਥਾ, ਯੂ. ਐਨ. ਡੀ. ਪੀ. ਵਰਗੀਆਂ ਸੰਸਥਾਵਾਂ ਇਸ ਕ੍ਰਿਆ 'ਚ ਵਿਕਾਸਮੁਖੀ ਸਹਿਯੋਗੀਆਂ ਵਜੋਂ ਕੰਮ ਕਰ ਰਹੀਆਂ ਹਨ। ਮੌਜੂਦਾ ਸਹੂਲਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੂਬੇ ਨੇ ਕੇਂਦਰ ਸਰਕਾਰ ਨੂੰ ਵੈਕਸੀਨ ਵੈਨਾਂ, ਫਰੀਜ਼ਰ, ਰੈਫਰੀਜ੍ਰੇਟਰ, ਕੋਲਡ ਬੌਕਸ, ਵੈਕਸੀਨ ਕੈਰੀਅਰ, ਆਈਸ ਪੈਕ, ਥਰਮੋਮੀਟਰ ਅਤੇ ਸਟੈਬਲਾਈਜ਼ਰ ਸਮੇਤ ਹੋਰ ਕੋਲਡ ਚੇਨ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।  


Deepak Kumar

Content Editor

Related News