ਕੋਵਿਡ ਟੈਸਟਾਂ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

09/23/2020 7:03:20 PM

ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਕੋਰੋਨਾ ਟੈਸਟਿੰਗ ਲਈ ਉਤਸ਼ਾਹਿਤ ਕਰਨ ਅਤੇ ਪ੍ਰਾਈਵੇਟ ਲੈਬਾਰਟਰੀਜ਼ ਵਲੋਂ ਕੀਤੀ ਜਾ ਰਹੀ ਮੁਨਾਫ਼ਾਖੋਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਲੈਬਜ਼ ਲਈ ਕੋਵਿਡ ਟੈਸਟਿੰਗ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਲੈਬਾਰਟਰੀਜ਼ ਨੂੰ ਕੋਵਿਡ ਟੈਸਟਾਂ ਦੀਆਂ ਕੀਮਤਾਂ ਨੂੰ ਲਿਖਤੀ ਰੂਪ 'ਚ ਦਰਸਾਉਣ ਲਈ ਵੀ ਹਦਾਇਤ ਕੀਤੀ ਗਈ ਹੈ ਤਾਂ ਜੋ ਕੀਮਤ ਆਸਾਨੀ ਨਾਲ ਪੜੀ ਜਾ ਸਕੇ।

ਇੱਕ ਪ੍ਰੈਸ ਬਿਆਨ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਹਾਂਮਾਰੀ ਐਕਟ,1897 (ਕੋਵਿਡ-19 ਰੈਗੂਲੇਸ਼ਨ 2020) ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹਦਾਇਤ ਕੀਤੀ ਹੈ ਕਿ ਕੋਈ ਵੀ  ਪ੍ਰਾਈਵੇਟ ਲੈਬਾਰਟਰੀ ਕੋਵਿਡ ਦੇ ਆਰ.ਟੀ-ਪੀ.ਸੀ.ਆਰ ਟੈਸਟ ਲਈ 1600 ਰੁਪਏ (ਸਮੇਤ ਜੀ.ਐਸ.ਟੀ, ਟੈਕਸ, ਕਾਗ਼ਜ਼ੀ ਕਾਰਵਾਈ ਤੇ ਰਿਪੋਰਟਾਂ) ਤੋਂ ਵੱਧ ਪੈਸੇ ਨਹੀਂ ਲੈ ਸਕਦੀ। ਇਸੇ ਤਰ੍ਹਾਂ ਸੂਬੇ ਦੀਆਂ ਸਾਰੀਆਂ ਪ੍ਰਾਈਵੇਟ ਲੈਬਜ਼ ਨੂੰ ਕੋਵਿਡ 19 ਦੇ ਟਰੂਨੈਟ ਟੈਸਟ ਲਈ
2000 ਰੁਪਏ ਅਤੇ ਸੀਬੀਨੈਟ ਟੈਸਟ ਦੀ ਕੀਮਤ 2400 ਰੁਪਏ (ਸਮੇਤ ਜੀ. ਐਸ. ਟੀ, ਟੈਕਸ, ਕਾਗ਼ਜ਼ੀ ਕਾਰਵਾਈ ਤੇ ਰਿਪੋਰਟਾਂ) ਨਿਰਧਾਰਤ ਕੀਤਾ ਗਿਆ ਹੈ। ਸਿੱਧੂ ਨੇ ਸਪੱਸ਼ਟ ਕੀਤਾ ਕਿ ਘਰ ਜਾ ਕੇ ਨਮੂਨੇ ਲੈਣ ਲਈ ਵਾਧੂ ਖਰਚਾ ਲੈਬ ਵਲੋਂ ਨਿਰਧਾਰਤ ਕੀਤਾ ਜਾ ਸਕਦਾ ਹੈ ਪਰ ਪ੍ਰਾਈਵੇਟ ਲੈਬਾਰਟਰੀਆਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਲੈਬਜ਼ਆਈ.ਸੀ.ਐਮ.ਆਰ. ਅਤੇ ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਨਿਰਧਾਰਤ ਕੀਤੇ ਸਾਰੇ ਟੈਸਟਿੰਗ ਪ੍ਰੋਟੋਕਾਲਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੀਆਂ। ਨਿੱਜੀ ਲੈਬਾਰਟਰੀਜ਼ ਕੋਵਿਡ-19 ਦੇ ਟੈਸਟਾਂ ਦੇ ਨਤੀਜਿਆਂ ਨਾਲ ਸਬੰਧਿਤ ਅੰਕੜੇ ਰਾਜ ਸਰਕਾਰ ਨਾਲ ਸਾਂਝੇ ਕਰਨਗੀਆਂ ਅਤੇ ਸਮੇਂ ਸਿਰ ਆਈ. ਸੀ. ਐਮ. ਆਰ ਪੋਰਟਲ 'ਤੇ ਅਪਲੋਡ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਸੈਂਪਲ ਰੈਫਰਲ ਫਾਰਮ (ਐਸ.ਆਰ.ਐਫ) ਮੁਤਾਬਕ ਨਮੂਨਾ ਲੈਣ ਸਮੇਂ ਟੈਸਟ ਕਰਵਾਉਣ ਵਾਲੇ ਵਿਅਕਤੀ ਦੀ ਪਛਾਣ, ਪਤਾ ਅਤੇ ਪ੍ਰਮਾਣਿਤ ਮੋਬਾਈਲ ਨੰਬਰ ਨੋਟ ਕਰਨਾ ਲਾਜ਼ਮੀ ਹੈ । ਉਨ੍ਹਾਂ ਅੱਗੇ ਕਿਹਾ ਕਿ ਨਮੂਨਾ ਲੈਣ ਸਮੇਂ ਆਰਟੀ-ਪੀਸੀਆਰ ਐਪ 'ਤੇ ਡਾਟਾ ਅਪਲੋਡ ਕੀਤਾ ਜਾਣਾ ਚਾਹੀਦਾ ਹੈ। ਟੈਸਟ ਦੀ ਰਿਪੋਰਟ ਮਰੀਜ਼ ਨੂੰ ਟੈਸਟਿੰਗ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਪਹੁੰਚਾਈ ਜਾਵੇ ਅਤੇ ਸਾਰੇ ਟੈਸਟ ਦੇ ਨਤੀਜੇ ਤੁਰੰਤ ਈ-ਮੇਲ ਰਾਹੀਂ ਸਬੰਧਤ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਭੇਜੇ ਜਾਣ ਅਤੇ ਇੱਕ ਕਾਪੀ ਪੰਜਾਬ ਸਟੇਟ ਆਈ.ਡੀ.ਐਸ.ਪੀ ਸੈੱਲ ਨੂੰ ਭੇਜੀ ਜਾਵੇਗੀ। ਐਨ.ਏ.ਬੀ.ਐਲ ਅਤੇ ਆਈ.ਸੀ.ਐਮ.ਆਰ. ਵਲੋਂ ਮਨਜ਼ੂਰਸ਼ੁਦਾ ਸਾਰੀਆਂ ਪ੍ਰਾਈਵੇਟ ਲੈਬਾਰਟਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਰੀਜ਼ ਦੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਸੂਬਾ ਸਰਕਾਰ ਵਲੋਂ ਭਵਿੱਖ ਦੀ ਜਾਂਚ ਦੇ ਮੱਦੇਨਜ਼ਰ ਸਾਰੀਆਂ ਨਿੱਜੀ ਕੋਵਿਡ -19 ਟੈਸਟਿੰਗ ਲੈਬਜ਼ ਨੂੰ ਆਰ.ਟੀ-ਪੀ.ਸੀ.ਆਰ ਮਸ਼ੀਨ ਦੁਆਰਾ ਤਿਆਰ ਡੇਟਾ ਅਤੇ ਗ੍ਰਾਫਜ਼ ਦੀ ਸੰਭਾਲ ਕੇ ਰੱਖਣਾ ਹੋਵੇਗਾ।    


Deepak Kumar

Content Editor

Related News