ਕੋਵਿਡ-19: ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਦਾ ਘਟਿਆ ਚੜ੍ਹਾਵਾ

Saturday, Apr 11, 2020 - 11:05 AM (IST)

ਕੋਵਿਡ-19: ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਦਾ ਘਟਿਆ ਚੜ੍ਹਾਵਾ

ਅੰਮ੍ਰਿਤਸਰ (ਅਨਜਾਣ): ਵਿਸ਼ਵ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਅਸਥਾਨ ਅਤੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਸ ਦੇ ਦਰਸ਼ਨ-ਦੀਦਾਰੇ ਕਰਨ ਲਈ ਹਰ ਗੁਰਸਿੱਖ, ਮਾਈ-ਭਾਈ ਕੀ ਹਰ ਧਰਮ ਦੇ ਵਿਅਕਤੀ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਹ ਚਹੁੰ ਵਰਣਾਂ ਦੇ ਸਾਂਝੇ ਇਸ ਪਾਵਨ ਅਸਥਾਨ ਦੀ ਸਰਦਲ 'ਤੇ ਜ਼ਿੰਦਗੀ 'ਚ ਇਕ ਵਾਰੀ ਨਤਮਸਤਕ ਹੋਵੇ। ਜਿੱਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਅੱਜ ਇਹ ਅਸਥਾਨ ਖਾਲੀ-ਖਾਲੀ ਦਿਖਾਈ ਦਿੰਦਾ ਹੈ। ਜੇਕਰ ਇਸ ਸਮੇਂ ਇਸ ਪਾਵਨ ਅਸਥਾਨ ਦੀ ਗੋਲਕ ਦੀ ਗੱਲ ਕਰੀਏ ਤਾਂ ਉਹ ਘਟ ਕੇ ਨਾ-ਮਾਤਰ ਰਹਿ ਗਈ ਹੈ।

ਇਹ ਵੀ ਪੜ੍ਹੋ: ਨੌਜਵਾਨ ਨੇ ਨਾਬਾਲਗ ਲੜਕੀ ਨਾਲ ਪ੍ਰੇਮ ਸਬੰਧ ਬਣਾ ਕੀਤਾ ਗਰਭਵਤੀ, ਮਾਪਿਆਂ ਨੇ ਕੀਤੀ ਇਹ ਮੰਗ

ਇਸ ਸਬੰਧੀ 'ਜਗ ਬਾਣੀ' ਦੀ ਟੀਮ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਪਰ ਉਹ ਕੰਨੀਂ ਕਤਰਾਉਂਦੇ ਦਿਖਾਈ ਦਿੱਤੇ। ਅਖੀਰ ਜਦ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਆਏ ਮੈਨੇਜਰ ਮੁਖਤਿਆਰ ਸਿੰਘ ਨਾਲ ਫੋਨ 'ਤੇ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਇਕੱਲੇ ਸ੍ਰੀ ਹਰਿਮੰਦਰ ਸਾਹਿਬ ਦਾ ਚੜ੍ਹਾਵਾ ਪਹਿਲਾਂ ਲੱਗਭਗ 2 ਕਰੋੜ ਰੁਪਏ ਮਹੀਨੇ ਦਾ ਸੀ (ਸਾਲ ਦਾ ਕਰੀਬ 24 ਕਰੋੜ ਰੁਪਿਆ) ਜੋ ਕੋਵਿਡ-19 ਦੇ ਚੱਲਦਿਆਂ ਨਾ ਮਾਤਰ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਗੋਲਕ ਦੀ ਗਿਣਤੀ ਨਹੀਂ ਹੋਈ, ਇਸ ਲਈ ਇਹ ਨਹੀਂ ਦੱਸਿਆ ਜਾ ਸਕਦਾ ਕਿ ਹੁਣ ਕੀ ਗਿਣਤੀ ਹੋਵੇਗੀ। ਜੇਕਰ ਸੂਤਰਾਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਕਰਫਿਊ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦਾ ਚੜ੍ਹਾਵਾ ਰੋਜ਼ਾਨਾ 10 ਤੋਂ 15 ਹਜ਼ਾਰ ਰੁਪਏ ਦੇ ਕਰੀਬ ਰਹਿ ਗਿਆ ਹੈ। ਜੇਕਰ ਇਸ ਗੱਲ ਨੂੰ ਮੰਨ ਲਈਏ ਤਾਂ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਦਾ ਚੜ੍ਹਾਵਾ ਰੋਜ਼ਾਨਾ ਤਿੰਨ ਸਵਾ ਤਿੰਨ ਲੱਖ ਤੋਂ ਉੱਪਰ ਦਾ ਸੀ, ਉਹ ਘਟ ਕੇ ਹੁਣ 10 ਤੋਂ 15 ਹਜ਼ਾਰ ਰੋਜ਼ਾਨਾ ਦਾ ਰਹਿ ਗਿਆ ਹੈ। ਇਸ ਤਰ੍ਹਾਂ ਇਕ ਮਹੀਨੇ ਦਾ ਚੜ੍ਹਾਵਾ 2 ਕਰੋੜ ਤੋਂ ਘਟ ਕੇ ਤਿੰਨ ਸਾਢੇ ਤਿੰਨ ਲੱਖ ਰਹਿ ਜਾਂਦਾ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦਾ ਫੈਸਲਾ, ਕਰਫਿਊ ਲਾਗੂ ਕਰਵਾਉਣ ਲਈ 10 ਜ਼ਿਲਿਆਂ 'ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ 90 ਤੋਂ 95 ਦੇ ਕਰੀਬ ਗੁਰਦੁਆਰਾ ਸਾਹਿਬਾਨ ਪੰਜਾਬ, ਹਿਮਾਚਲ ਅਤੇ ਹਰਿਆਣਾ 'ਚ ਹਨ। ਇਨ੍ਹਾਂ 'ਚ ਸੂਤਰਾਂ ਦੇ ਹਵਾਲੇ ਨਾਲ 25% (2,800) ਦੇ ਕਰੀਬ ਮੁਲਾਜ਼ਮ ਬਾਹਰਲੇ ਗੁਰਦੁਆਰਾ ਸਾਹਿਬਾਨ ਦੇ ਮਿਲਾ ਕੇ ਕੁੱਲ ਲੱਗਭਗ 11,000 ਦੇ ਕਰੀਬ ਮੁਲਾਜ਼ਮ ਹਨ। ਇਸ ਸਮੇਂ ਬਾਹਰਲੇ ਗੁਰਦੁਆਰਾ ਸਾਹਿਬਾਨ ਦਾ ਚੜ੍ਹਾਵਾ ਨਾਂਹ ਦੇ ਬਰਾਬਰ ਹੈ। ਜਦਕਿ ਸਾਲ 2018-19 ਦਾ ਸ਼੍ਰੋਮਣੀ ਕਮੇਟੀ ਬਜਟ 1,205 ਕਰੋੜ ਰੁਪਏ ਦਾ ਸੀ, ਜੋ ਇਸ ਸਾਲ ਕੋਵਿਡ-19 ਨੂੰ ਲੈ ਕੇ ਬਹੁਤ ਜ਼ਿਆਦਾ ਘਟਣ ਦੇ ਆਸਾਰ ਹਨ। ਦੂਸਰਾ ਸਭ ਤੋਂ ਵੱਡਾ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਆਉਂਦਾ ਹੈ। ਸੂਤਰਾਂ ਅਨਸਾਰ ਪਿਛਲੇ ਸਮੇਂ ਦੌਰਾਨ ਹੋਲੇ ਮਹੱਲੇ 'ਤੇ 70 ਲੱਖ ਚੜ੍ਹਾਵਾ ਹੋਇਆ ਸੀ ਪਰ ਇਸ ਸਾਲ ਉਹ ਵੀ ਨਾ ਮਾਤਰ ਹੀ ਰਿਹਾ।

ਇਹ ਵੀ ਪੜ੍ਹੋ: ਸਾਂਸਦਾਂ ਦੀ ਤਨਖਾਹ ਕੱਟਣ 'ਤੇ ਸੁਣੋ ਭਗਵੰਤ ਮਾਨ ਦਾ ਜਵਾਬ (ਵੀਡੀਓ)

ਸੰਗਤਾਂ ਦੇ ਸਹਿਯੋਗ ਸਦਕਾ ਚੱਲਦੇ ਨੇ ਲੋਹ ਲੰਗਰ : ਮਹਿਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਗੁਰੂ ਕੇ ਲੰਗਰ ਸੰਗਤਾਂ ਦੇ ਸਹਿਯੋਗ ਸਦਕਾ ਚੱਲਦੇ ਹਨ ਤੇ ਸਦਾ ਚੱਲਦੇ ਰਹਿਣਗੇ। ਜਿੱਥੇ ਗੁਰੂ ਕੀਆਂ ਸੰਗਤਾਂ ਇਸ ਨੂੰ ਚਲਾਉਣ 'ਚ ਸਹਿਯੋਗ ਕਰ ਰਹੀਆਂ ਹਨ, ਉਥੇ ਕੋਰੋਨਾ ਕਾਰਣ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਗੁਰੂ ਕੇ ਲੰਗਰ ਲਈ 51000 ਰੁਪਏ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ 25000 ਰੁਪਏ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸਾਬਕਾ ਗ੍ਰੰਥੀ ਸਿੰਘ ਗਿਆਨੀ ਜਸਵੰਤ ਸਿੰਘ ਵੱਲੋਂ 21-21 ਹਜ਼ਾਰ ਰੁਪਏ ਸੇਵਾ ਕੀਤੀ ਗਈ ਹੈ।


author

Shyna

Content Editor

Related News