ਕੋਵਿਡ-19 : ਕਣਕ ਦੀ ਨਿਰਵਿਘਨ ਖਰੀਦ ਲਈ ਮੰਡੀ ਬੋਰਡ ਵੱਲੋਂ 409 ਹੋਰ ਸ਼ੈਲਰ ਮੰਡੀਆਂ ''ਚ ਤਬਦੀਲ

Monday, Apr 20, 2020 - 07:07 PM (IST)

ਚੰਡੀਗੜ : ਕੋਵਿਡ-19 ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਹਾੜੀ ਮੰਡੀਕਰਨ ਸੀਜ਼ਨ-2020-21 ਦੌਰਾਨ ਸੂਬਾ ਭਰ 'ਚ 409 ਹੋਰ ਰਾਈਸ ਸ਼ੈਲਰਾਂ ਨੂੰ ਅਨਾਜ ਮੰਡੀਆਂ 'ਚ ਤਬਦੀਲ ਕਰ ਦਿੱਤਾ ਹੈ। ਕੋਰੋਨਾਵਾਇਰਸ ਦੇ ਸੰਦਰਭ ਵਿੱਚ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਹੁਣ ਤੱਕ 8.95 ਲੱਖ ਮੀਟਰਕ ਟਨ ਕਣਕ ਮੰਡੀਆਂ 'ਚ ਪਹੁੰਚੀ ਹੈ, ਜਿਸ 'ਚੋਂ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 7.54 ਲੱਖ ਮੀਟਰਕ ਟਨ ਖਰੀਦੀ ਜਾ ਚੁੱਕੀ ਹੈ।

ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਨਾਂ ਸ਼ੈਲਰਾਂ ਨੂੰ ਸਬ-ਮੰਡੀ ਯਾਰਡ 'ਚ ਤਬਦੀਲ ਕਰ ਦੇਣ ਨਾਲ ਸੂਬੇ ਵਿੱਚ ਖਰੀਦ ਕੇਂਦਰਾਂ ਦੀ ਗਿਣਤੀ 4100 ਹੋ ਗਈ ਹੈ, ਜਿਸ ਨਾਲ ਕਰੋਨਾਵਾਇਰਸ ਦੇ ਮੱਦੇਨਜ਼ਰ ਬਿਨਾਂ ਕਿਸੇ ਦਿੱਕਤ ਤੋਂ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੰਡੀ ਬੋਰਡ ਨੇ ਕੁੱਲ 3691 ਖਰੀਦ ਕੇਂਦਰ ਸਥਾਪਤ ਕੀਤੇ ਸਨ। ਜਿਨਾਂ 'ਚੋਂ 1867 ਪੱਕੀਆਂ ਮੰਡੀਆਂ ਅਤੇ 1824 ਆਰਜ਼ੀ ਮੰਡੀਆਂ ਸਨ ਤਾਂ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਫਸਲ ਵੇਚਣ ਮੌਕੇ ਸਿਹਤ
ਸੁਰੱਖਿਆ ਪੱਖੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।

ਖੰਨਾ ਨੇ ਅੱਗੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਆੜਤੀਆਂ ਰਾਹੀਂ ਕਿਸਾਨਾਂ ਨੂੰ ਹੁਣ ਤੱਕ 4.25 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ ਜਿਨਾਂ ਵਿੱਚ ਬੀਤੇ ਦਿਨ ਜਾਰੀ ਕੀਤੇ ਗਏ 79610 ਪਾਸ ਵੀ ਸ਼ਾਮਲ ਹਨ। ਉਨਾਂ ਅੱਗੇ ਦੱਸਿਆ ਕਿ ਹੁਣ ਤੱਕ ਜਾਰੀ ਕੀਤੇ ਕੁੱਲ ਪਾਸਾਂ ਵਿੱਚੋਂ ਕਿਸਾਨਾਂ ਨੇ 1.84 ਲੱਖ ਪਾਸਾਂ ਦੀ ਵਰਤੋਂ ਕਰਦਿਆਂ 15 ਅਪ੍ਰੈਲ ਤੋਂ 19 ਅਪ੍ਰੈਲ ਤੱਕ ਮੰਡੀਆਂ ਵਿੱਚ 8.95 ਲੱਖ ਮੀਟਰਕ ਟਨ ਕਣਕ ਲਿਆਂਦੀ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1.98 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਸੀ। ਉਨਾਂ ਇਹ ਵੀ ਦੱਸਿਆ ਕਿ ਹੁਣ ਤੱਕ 8.95 ਲੱਖ ਮੀਟਰਕ ਟਨ ਕਣਕ ਵਿੱਚੋਂ 7.54 ਲੱਖ ਟਨ ਖਰੀਦੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਏਸੇ ਸਮੇਂ ਦੌਰਾਨ 1.37 ਲੱਖ ਮੀਟਰਕ ਟਨ ਖਰੀਦੀ ਗਈ ਸੀ।


Deepak Kumar

Content Editor

Related News