ਦਿੱਲੀ ਹਾਈ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ ਕਰਵਾਉਣ ਦੇ ਦਿੱਤੇ ਹੁਕਮ
Friday, Dec 08, 2017 - 06:55 AM (IST)
ਮੋਹਾਲੀ (ਨਿਆਮੀਆਂ) - ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਜੇਲ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ। ਐਡਵੋਕੇਟ ਕੁਲਵਿੰਦਰ ਕੌਰ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਨੇ ਜੇਲ ਪ੍ਰਸ਼ਾਸਨ ਨੂੰ ਦਿੱਤੇ ਹੁਕਮਾਂ ਵਿਚ ਕਿਹਾ ਹੈ ਕਿ ਭਾਈ ਹਵਾਰਾ ਨੂੰ ਤੁਰੰਤ ਵ੍ਹੀਲ ਚੇਅਰ, ਫਿਜ਼ੀਓਥੇਰੈਪਿਸਟ ਅਤੇ ਅੰਗਰੇਜ਼ੀ ਟਾਇਲਟ ਸੀਟ ਉਪਲਬਧ ਕਰਵਾਈ ਜਾਵੇ ਤੇ ਉਨ੍ਹਾਂ ਦਾ ਠੀਕ ਢੰਗ ਨਾਲ ਇਲਾਜ ਕਰਵਾਇਆ ਜਾਵੇ ।
ਜ਼ਿਕਰਯੋਗ ਹੈ ਕਿ ਭਾਈ ਹਵਾਰਾ ਨੂੰ ਲੰਬੇ ਸਮੇਂ ਤੋਂ ਪਿੱਠ ਦਰਦ ਹੋਣ ਦੇ ਬਾਵਜੂਦ ਵੀ ਤਿਹਾੜ ਜੇਲ ਦੇ ਅਧਿਕਾਰੀਆਂ ਵਲੋਂ ਇਲਾਜ ਨਹੀਂ ਕਰਵਾਇਆ ਜਾ ਰਿਹਾ ਸੀ। ਇਸ ਸਬੰਧੀ ਸਿੱਖ ਰਿਲੀਫ ਯੂ. ਕੇ. ਵਲੋਂ ਕੀਤੇ ਗਏ ਕੇਸ ਵਿਚ ਅੱਜ ਦਿੱਲੀ ਹਾਈ ਕੋਰਟ ਨੇ ਇਹ ਹੁਕਮ ਸੁਣਾਇਆ ਹੈ। ਸਿੱਖ ਰਿਲੀਫ ਵਲੋਂ ਨਿਯੁਕਤ ਕੀਤੇ ਗਏ ਭਾਈ ਹਵਾਰਾ ਦੇ ਵਕੀਲ ਕੇ. ਟੀ. ਐੱਸ. ਤੁਲਸੀ ਅੱਜ ਵਿਦੇਸ਼ ਵਿਚ ਸਨ, ਜਿਸ ਕਾਰਨ ਉਨ੍ਹਾਂ ਦੇ ਸੀਨੀਅਰ ਵਕੀਲ ਗੌਰਵ ਭਾਰਗਵ ਅਤੇ ਜੂਨੀਅਰ ਨਮਨਦੀਪ ਸਿੰਘ ਮਾਟਾ ਪੇਸ਼ ਹੋਏ। ਇਸ ਦੌਰਾਨ ਸਿੱਖ ਰਿਲੀਫ ਦੇ ਵਾਲੰਟੀਅਰ ਭਾਈ ਪ੍ਰਮਿੰਦਰ ਸਿੰਘ ਅਮਲੋਹ ਦਿੱਲੀ ਹਾਈਕੋਰਟ ਵਿਚ ਮੌਜੂਦ ਰਹੇ। ਇਹ ਵੀ ਦੱਸਣਯੋਗ ਹੈ ਕਿ ਭਾਈ ਹਵਾਰਾ ਦੇ ਇਲਾਜ ਸਬੰਧੀ ਮਾਮਲੇ ਦੀ 22 ਅਕਤੂਬਰ ਨੂੰ ਸੁਣਵਾਈ ਦੌਰਾਨ ਸੋਸ਼ਲ ਮੀਡੀਆ 'ਤੇ ਇਹ ਅਫਵਾਹਾਂ ਫੈਲਾਈਆਂ ਗਈਆਂ ਸਨ ਕਿ ਅਦਾਲਤ ਵਲੋਂ ਕੇਸ ਖ਼ਤਮ ਕਰ ਦਿੱਤਾ ਗਿਆ ਹੈ।
ਉੱਧਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹਰਿਆਣਾ ਅਤੇ ਦਿੱਲੀ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੇ ਆਪਣੇ ਜਵਾਬ ਵਿਚ ਦੱਸਿਆ ਸੀ ਕਿ ਭਾਈ ਹਵਾਰਾ ਖਿਲਾਫ ਉਨ੍ਹਾਂ ਕੋਲ ਕੋਈ ਕੇਸ ਬਾਕੀ ਨਹੀਂ ਹੈ ਜਦਕਿ ਪੰਜਾਬ ਸਰਕਾਰ ਨੇ ਦੱਸਿਆ ਕਿ ਪੰਜਾਬ ਵਿਚ ਭਾਈ ਹਵਾਰਾ ਖਿਲਾਫ ਤਕਰੀਬਨ 7 ਕੇਸ ਬਾਕੀ ਹਨ।
