ਘਰ ਤਕ ਪਹੁੰਚਦੈ ਬੁਲੇਟ ਬਾਈਕ ਦੇ ਪਟਾਕਿਆਂ ਦਾ ਸ਼ੋਰ : ਹਾਈਕੋਰਟ
Friday, Mar 02, 2018 - 06:57 AM (IST)

ਚੰਡੀਗੜ੍ਹ (ਬਰਜਿੰਦਰ)- ਬੁਲੇਟ ਮੋਟਰਸਾਈਕਲ 'ਤੇ ਮੋਡੀਫਾਈਡ ਸਲੰਸਰ ਤੇ ਵ੍ਹੀਕਲਾਂ 'ਤੇ ਪ੍ਰੈਸ਼ਰ ਹਾਰਨ ਦੇ ਸ਼ੋਰ ਨਾਲ ਹਾਈ ਕੋਰਟ ਵੀ ਚਿੰਤਤ ਹੈ। ਹਾਈ ਕੋਰਟ ਦੀ ਡਵੀਜ਼ਨ ਬੈਂਚ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਘਰਾਂ 'ਚ ਬੈਠੇ ਹੋਏ ਮੋਡੀਫਾਈਡ ਸਲੰਸਰਾਂ ਤੇ ਪ੍ਰੈਸ਼ਰ ਹਾਰਨ ਦਾ ਸ਼ੋਰ ਸੁਣਾਈ ਦਿੰਦਾ ਹੈ। ਇਕ ਜਨਹਿਤ ਪਟੀਸ਼ਨ 'ਤੇ ਵੀਰਵਾਰ ਨੂੰ ਸੁਣਵਾਈ ਦੌਰਾਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਮਾਮਲੇ 'ਚ ਆਪਣੀ ਸਟੇਟਸ ਰਿਪੋਰਟ ਪੇਸ਼ ਕਰ ਦੇਣਗੇ, ਜਿਸ 'ਤੇ ਹਾਈ ਕੋਰਟ ਨੇ ਕਿਹਾ ਕਿ ਕੇਸ 'ਚ ਰਿਪੋਰਟਾਂ ਪੇਸ਼ ਹੋ ਰਹੀਆਂ ਹਨ ਪਰ ਕਾਰਵਾਈ ਨਹੀਂ ਹੋ ਰਹੀ। ਸੁਣਵਾਈ ਦੌਰਾਨ ਪਟੀਸ਼ਨਰ ਡਾ. ਭਵਨੀਤ ਗਰਗ ਦੇ ਵਕੀਲ ਆਰ. ਕੇ. ਗਿਰਧਰ ਨੇ ਕਿਹਾ ਕਿ ਅਜਿਹੇ ਨਿਯਮਾਂ 'ਚ ਉਲੰਘਣਾ ਨੂੰ ਲੈ ਕੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਸਗੋਂ ਪਹਿਲਾਂ ਤੋਂ ਵੀ ਖਰਾਬ ਹੈ। ਹਾਈ ਕੋਰਟ ਨੇ ਕਿਹਾ ਕਿ ਅਜਿਹੀਆਂ ਉਲੰਘਣਾਵਾਂ 'ਤੇ ਵੱਧ ਤੋਂ ਵੱਧ ਜੁਰਮਾਨਾ ਲਾਇਆ ਜਾਣਾ ਚਾਹੀਦਾ ਹੈ। ਵ੍ਹੀਕਲਾਂ ਨੂੰ ਇੰਪਾਊਂਡ ਕੀਤਾ ਜਾਣਾ ਚਾਹੀਦਾ ਹੈ। ਮੋਡੀਫਾਈਡ ਸਲੰਸਰ ਤੇ ਪ੍ਰੈਸ਼ਰ ਹਾਰਨ ਗੱਡੀਆਂ ਤੋਂ ਹਟਾਏ ਜਾਣ।
ਹਾਈ ਕੋਰਟ ਨੇ ਮੰਗਿਆ ਬਿਓਰਾ, ਦਿੱਤਾ ਇਕ ਹਫਤੇ ਦਾ ਸਮਾਂ : ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਕੁਝ ਜਾਣਕਾਰੀਆਂ ਦੇਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਹੈ। ਇਨ੍ਹਾਂ 'ਚ ਹਾਲੇ ਤਕ ਕੀਤੇ ਗਏ ਅਜਿਹੇ ਚਲਾਨਾਂ ਦੀ ਗਿਣਤੀ ਤੇ ਬਰਾਮਦ ਚਲਾਨ ਰਾਸ਼ੀ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣੀ ਹੈ। ਕਿੰਨੇ ਚਲਾਨ ਕੋਰਟ 'ਚ ਪੈਂਡਿੰਗ ਹਨ ਅਤੇ ਕਿੰਨਿਆਂ ਦਾ ਨਿਪਟਾਰਾ ਹੋ ਚੁੱਕਾ ਹੈ। ਇਸ ਲਈ ਵੱਧ ਤੋਂ ਵੱਧ ਕਿੰਨਾ ਜੁਰਮਾਨਾ ਹੈ। ਹਾਲੇ ਤਕ ਕਿੰਨੇ ਵ੍ਹੀਕਲ ਇੰਪਾਊਂਡ ਕੀਤੇ ਗਏ ਹਨ। ਸਪਾਟ 'ਤੇ ਕਿੰਨੇ ਸਲੰਸਰ ਹਟਾਏ ਗਏ ਹਨ। ਏਰੀਆ ਜਾਂ ਸੈਕਟਰਾਂ ਦੇ ਹਿਸਾਬ ਨਾਲ ਚਲਾਨਾਂ ਦੀ ਜਾਣਕਾਰੀ ਦਿੱਤੀ ਜਾਏ। ਕੇਸ ਦੀ ਅਗਲੀ ਸੁਣਵਾਈ 8 ਮਾਰਚ ਨੂੰ ਹੋਵੇਗੀ।
ਟ੍ਰੈਫਿਕ ਮੁਹਿੰਮ ਚਲਾਉਣ ਦੇ ਨਿਰਦੇਸ਼ : ਪਹਿਲਾਂ ਪ੍ਰਸ਼ਾਸਨ ਨੇ ਆਪਣੇ ਜਵਾਬ 'ਚ ਕਿਹਾ ਸੀ ਕਿ ਤੈਅ ਮਾਪਦੰਡਾਂ ਦੇ ਖਿਲਾਫ ਸਲੰਸਰਾਂ ਤੇ ਉੱਚੀ ਆਵਾਜ਼ 'ਚ ਵਜਾਏ ਜਾਣ ਵਾਲੇ ਮਿਊਜ਼ਿਕ ਸਿਸਟਮ ਨੂੰ ਲੈ ਕੇ ਇਸ ਸਾਲ ਦੀ ਸ਼ੁਰੂਆਤ ਤੋਂ 15 ਫਰਵਰੀ ਤਕ 315 ਚਲਾਨ ਕੀਤੇ ਗਏ ਹਨ, ਜਿਸ 'ਤੇ ਹਾਈ ਕੋਰਟ ਨੇ ਹੁਕਮਾਂ 'ਚ ਕਿਹਾ ਸੀ ਕਿ ਬੁਲੇਟ ਮੋਟਰਸਾਈਕਲਾਂ ਦੇ ਨਾਲ ਹੀ ਫੰਕਸ਼ਨਲ ਸਲੰਸਰਾਂ ਤੇ ਹੋਰ ਇਤਰਾਜ਼ਯੋਗ ਹਾਰਨਾਂ ਦੇ ਇਲਾਵਾ ਉੱਚੀ ਆਵਾਜ਼ 'ਚ ਮਿਊਜ਼ਿਕ ਸਿਸਟਮ ਵਜਾਉਣ ਦੇ ਚਲਾਨ ਕਰਨ ਲਈ ਵਿਸ਼ੇਸ਼ ਟ੍ਰੈਫਿਕ ਮੁਹਿੰਮ ਛੇੜੀ ਜਾਏ। ਨਾਲ ਹੀ ਡਰਾਈਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਨੂੰ ਲੈ ਕੇ ਵੀ ਵਿਸ਼ੇਸ਼ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਅਜਿਹੀ ਵਿਸ਼ੇਸ਼ ਚਲਾਨ ਮੁਹਿੰਮ ਚਲਾ ਕੇ ਸਟੇਟਸ ਰਿਪੋਰਟ ਪੇਸ਼ ਕੀਤੀ ਜਾਏ।