ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ ਕੋਰੀਅਰ ਕੰਪਨੀਆਂ, ਵਿਦੇਸ਼ ਭੇਜੇ ਗਏ ਪਾਰਸਲਾਂ 'ਚ ਫੜੀ ਜਾ ਚੁੱਕੀ ਕਰੋੜਾਂ ਦੀ ਅਫ਼ੀਮ

Monday, May 25, 2026 - 02:18 PM (IST)

ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ ਕੋਰੀਅਰ ਕੰਪਨੀਆਂ, ਵਿਦੇਸ਼ ਭੇਜੇ ਗਏ ਪਾਰਸਲਾਂ 'ਚ ਫੜੀ ਜਾ ਚੁੱਕੀ ਕਰੋੜਾਂ ਦੀ ਅਫ਼ੀਮ

ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਸਮੱਗਲਰਾਂ ਵੱਲੋਂ ਹੈਰੋਇਨ, ਹਥਿਆਰ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ’ਚ ਹੀ ਕੁਝ ਸ਼ਾਤਿਰ ਸਮੱਗਲਰਾਂ ਵੱਲੋਂ ਕੋਰੀਅਰ ਕੰਪਨੀਆਂ ਰਾਹੀਂ ਵਿਦੇਸ਼ਾਂ, ਜਿਨ੍ਹਾਂ ’ਚ ਮੁੱਖ ਤੌਰ ’ਤੇ ਕੈਨੇਡਾ ਤੇ ਯੂ. ਐੱਸ. ਏ. ਵਰਗੇ ਦੇਸ਼ ਸ਼ਾਮਲ ਹਨ, ’ਚ ਹੈਰੋਇਨ, ਅਫ਼ੀਮ ਤੇ ਹੋਰ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਡੀ. ਆਰ. ਆਈ. ਵੱਲੋਂ ਪਿਛਲੇ ਚਾਰ ਮਹੀਨਿਆਂ ਦੌਰਾਨ ਲੱਗਭਗ 75 ਪਾਰਸਲ ਫੜੇ ਗਏ ਹਨ, ਜਿਨ੍ਹਾਂ ’ਚ ਅਫ਼ੀਮ ਤੇ ਹੋਰ ਨਸ਼ੀਲੇ ਪਦਾਰਥ ਪੈਕ ਕੀਤੇ ਹੋਏ ਸਨ। ਇੰਨਾ ਹੀ ਨਹੀਂ, ਇਕ ਘਰ ਦੇ ਅੰਦਰ ਛਾਪੇਮਾਰੀ ਕਰਕੇ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦਾ ਕੰਮ ਹੀ ਨਸ਼ੀਲੇ ਪਦਾਰਥਾਂ ਨੂੰ ਅਜਿਹੇ ਸ਼ਾਤਿਰਾਨਾ ਤਰੀਕੇ ਨਾਲ ਪੈਕ ਕਰਨਾ ਹੁੰਦਾ ਹੈ ਤਾਂ ਜੋ ਸਕੈਨਰ ’ਚ ਕੁਝ ਨਜ਼ਰ ਨਾ ਆਵੇ ਅਤੇ ਪਾਰਸਲ ਆਪਣੇ ਨਿਰਧਾਰਤ ਸਥਾਨ ਤੱਕ ਪਹੁੰਚ ਜਾਵੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ‘ਸ਼ਰਾਬ ਸਿੰਡੀਕੇਟ’ ਦੀ ਵਾਪਸੀ : ਠੇਕੇਦਾਰਾਂ ਦੇ ਸਮਝੌਤੇ ਨਾਲ 40 ਫ਼ੀਸਦੀ ਤੱਕ ਮਹਿੰਗੀ ਹੋਈ ਸ਼ਰਾਬ

ਇਸ ਮਾਮਲੇ ’ਚ ਸਭ ਤੋਂ ਵੱਡੀ ਲਾਪ੍ਰਵਾਹੀ ਕੋਰੀਅਰ ਕੰਪਨੀਆਂ ਦੀ ਵੀ ਸਾਹਮਣੇ ਆ ਰਹੀ ਹੈ, ਜੋ ਕੈਨੇਡਾ ਤੇ ਯੂ. ਐੱਸ. ਏ. ਵਰਗੇ ਦੇਸ਼ਾਂ ਨੂੰ ਭੇਜੇ ਜਾਣ ਵਾਲੇ ਪਾਰਸਲਾਂ ਨੂੰ ਬੁੱਕ ਕਰਦੇ ਸਮੇਂ ਨਾ ਤਾਂ ਕਿਸੇ ਸਕੈਨਰ ਨਾਲ ਚੈੱਕ ਕਰਦੇ ਹਨ ਅਤੇ ਨਾ ਹੀ ਇਨ੍ਹਾਂ ਕੋਲ ਕੋਈ ਅਜਿਹੇ ਉਪਕਰਨ ਹਨ, ਜਿਨ੍ਹਾਂ ਤੋਂ ਪਤਾ ਲੱਗ ਸਕੇ ਕਿ ਪਾਰਸਲ ਦੇ ਅੰਦਰ ਕਿਹੜੀ ਵਸਤੂ ਲੁਕਾਈ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਾਪਰਿਆ ਵੱਡਾ ਹਾਦਸਾ ! ਗੁਰੂਘਰ ਦੇ ਲੰਗਰ ਹਾਲ ਦੀ ਡਿੱਗ ਗਈ ਛੱਤ, 2 ਔਰਤਾਂ ਦੀ ਮੌਤ

ਭੇਜਣ ਵਾਲੇ ਤੇ ਰਿਸੀਵ ਕਰਨ ਵਾਲਿਆਂ ਦੇ ਫ਼ਰਜ਼ੀ ਨਾਂ ਤੇ ਪਤੇ

ਆਮ ਤੌਰ ’ਤੇ ਵਿਦੇਸ਼ਾਂ ’ਚ ਕਿਸੇ ਵੀ ਤਰ੍ਹਾਂ ਦਾ ਪਾਰਸਲ ਬੁੱਕ ਕਰਦੇ ਸਮੇਂ ਇਹ ਲਾਜ਼ਮੀ ਹੁੰਦਾ ਹੈ ਕਿ ਭੇਜਣ ਵਾਲੇ ਦੇ ਪਛਾਣ ਪੱਤਰ ਤੇ ਹੋਰ ਦਸਤਾਵੇਜ਼ ਲਏ ਜਾਣ ਪਰ ਡੀ. ਆਰ. ਆਈ. ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੇ ਕੈਨੇਡਾ ਤੇ ਯੂ. ਐੱਸ. ਏ. ਲਈ ਪਾਰਸਲ ਭੇਜੇ, ਉਨ੍ਹਾਂ ਨੇ ਆਪਣੇ ਦਸਤਾਵੇਜ਼ ਹੀ ਨਕਲੀ ਜਮ੍ਹਾ ਕਰਵਾਏ। ਇੰਨਾ ਹੀ ਨਹੀਂ ਵਿਦੇਸ਼ਾਂ ’ਚ ਵੀ ਜਿਨ੍ਹਾਂ ਪਤਿਆਂ ’ਤੇ ਪਾਰਸਲ ਭੇਜੇ ਗਏ, ਉਹ ਪਤੇ ਵੀ ਨਕਲੀ ਪਾਏ ਗਏ ਕਿਉਂਕਿ ਰਿਸੀਵ ਕਰਨ ਵਾਲੇ ਆਨਲਾਈਨ ਟ੍ਰੈਕ ਕਰ ਰਹੇ ਸਨ ਅਤੇ ਪਾਰਸਲ ਲੋਕੇਸ਼ਨ ’ਤੇ ਪਹੁੰਚਦੇ ਹੀ ਉਸ ਨੂੰ ਚੁੱਕ ਲਿਆ ਜਾਂਦਾ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਹਾਈ ਅਲਰਟ, ਬੁਲਾਈ ਗਈ ਐਮਰਜੈਂਸੀ ਮੀਟਿੰਗ, ਜਾਣੋ ਕਾਰਨ

ਦੋ ਮੁਲਜ਼ਮ ਅਜੇ ਵੀ ਫ਼ਰਾਰ ਪਰ ਸ਼ਿਕੰਜੇ ਦੇ ਨੇੜੇ

ਇਕ ਘਰ ’ਚ ਛਾਪੇਮਾਰੀ ਕਰਕੇ ਪੈਕਿੰਗ ਵਾਲੇ ਸਾਮਾਨ ਦੇ ਨਾਲ ਵੱਖ-ਵੱਖ ਮਾਮਲਿਆਂ ’ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਦੋ ਹੋਰ ਅਜੇ ਵੀ ਫ਼ਰਾਰ ਚੱਲ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ’ਚ ਫ਼ਰਾਰ ਮੁਲਜ਼ਮ ਜਲਦ ਹੀ ਫਸਣ ਵਾਲੇ ਹਨ ਕਿਉਂਕਿ ਇਨ੍ਹਾਂ ਦੀ ਜਾਣਕਾਰੀ ਵਿਭਾਗ ਨੂੰ ਮਿਲ ਚੁੱਕੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦਾ ਕਤਲ, ਡਿਊਟੀ ’ਤੇ ਜਾਂਦੇ ਨੂੰ ਰਸਤੇ 'ਚ ਘੇਰ ਕੇ ਮਾਰੀਆਂ ਗੋਲੀਆਂ

7 ਸਾਲ ਪਹਿਲਾਂ ਵੀ ਜ਼ਬਤ ਕੀਤੀ ਗਈ ਸੀ ਹੈਰੋਇਨ ਦੀ ਖੇਪ

ਡੀ. ਆਰ. ਆਈ. ਦੀ ਗੱਲ ਕਰੀਏ ਤਾਂ ਵਿਭਾਗ ਵੱਲੋਂ 7 ਸਾਲ ਪਹਿਲਾਂ ਵੀ ਇਕ ਕੋਰੀਅਰ ਕੰਪਨੀ ਦੇ ਪਾਰਸਲ ’ਚੋਂ ਭਾਰੀ ਮਾਤਰਾ ’ਚ ਹੈਰੋਇਨ ਦੀ ਖੇਪ ਜ਼ਬਤ ਕੀਤੀ ਗਈ ਸੀ। ਇੱਥੇ ਵੀ ਇਸੇ ਤਰ੍ਹਾਂ ਦੀ ਲਾਪ੍ਰਵਾਹੀ ਹੀ ਸਾਹਮਣੇ ਆਈ ਸੀ ਅਤੇ ਭੇਜਣ ਵਾਲੇ ਵੱਲੋਂ ਆਪਣਾ ਨਾਂ ਤੇ ਪਤਾ ਫ਼ਰਜ਼ੀ ਦਿੱਤਾ ਗਿਆ ਸੀ ਪਰ ਵਿਭਾਗ ਨੇ ਫਿਰ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਫਰਾਂਸ ਦੀ ਪੁਲਸ ਨੇ ਵੀ ਜ਼ਬਤ ਕੀਤੇ ਪਾਰਸਲ

ਕੋਰੀਅਰ ਕੰਪਨੀਆਂ ਵੱਲੋਂ ਵੱਖ-ਵੱਖ ਜ਼ਿਲਿਆਂ ਤੋਂ ਭੇਜੇ ਗਏ ਕੈਨੇਡਾ, ਯੂ. ਐੱਸ. ਏ. ਤੇ ਆਸਟ੍ਰੇਲੀਆ ਦੇ ਪਾਰਸਲਾਂ ਨੂੰ ਫਰਾਂਸ ਦੀ ਪੁਲਸ ਵੱਲੋਂ ਵੀ ਜ਼ਬਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡੀ. ਆਰ. ਆਈ. ਵੱਲੋਂ ਇੰਟਰਪੋਲ ਦੀ ਮਦਦ ਨਾਲ ਇਨ੍ਹਾਂ ਪਾਰਸਲਾਂ ਦੀ ਸੂਚਨਾ ਫਰਾਂਸ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਰਾਂਸ ਦੀ ਪੁਲਸ ਨੇ ਪਾਰਸਲਾਂ ਨੂੰ ਜ਼ਬਤ ਕੀਤਾ ਅਤੇ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News