ਬਾਵਾ ਹੈਨਰੀ ਤੋਂ ਬਾਅਦ ਕਈ ਕੌਂਸਲਰ ਤੇ ਕਾਂਗਰਸੀ ਆਗੂ ਘਰਾਂ ''ਚ ਹੋਏ ਕੁਆਰੰਟਾਈਨ

04/10/2020 2:30:14 PM

ਜਲੰਧਰ (ਚੋਪੜਾ, ਖੁਰਾਣਾ) : ਨਾਰਥ ਵਿਧਾਨ ਸਭਾ ਹਲਕੇ 'ਚ ਕਾਂਗਰਸੀਆਂ 'ਚ ਕਾਂਗਰਸੀ ਆਗੂ ਦੀਪਕ ਸ਼ਰਮਾ ਮੋਨਾ ਦੇ ਪਿਤਾ ਪ੍ਰਵੀਨ ਕੁਮਾਰ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਜਾਣ 'ਤੇ ਖਲਬਲੀ ਮਚ ਗਈ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ, ਉਨ੍ਹਾਂ ਦੇ ਪੁੱਤਰ ਅਤੇ ਹਲਕਾ ਵਿਧਾਇਕ ਬਾਵਾ ਹੈਨਰੀ ਸਣੇ ਹਲਕੇ ਨਾਲ ਸਬੰਧਤ ਜ਼ਿਆਦਾਤਰ ਕੌਂਸਲਰ, ਕੌਂਸਲਰ ਪਤੀ ਅਤੇ ਕਾਂਗਰਸੀ ਆਗੂ ਸਹਿਮ ਕੇ ਆਪਣੇ ਘਰਾਂ 'ਚ ਕੁਆਰੰਟਾਈਨ ਹੋ ਗਏ ਹਨ।

ਕਾਂਗਰਸੀ ਗਲਿਆਰਿਆਂ 'ਚ ਮਚਾਈ ਤਰਥੱਲੀ
ਜ਼ਿਕਰਯੋਗ ਹੈ ਕਿ ਦੀਪਕ ਸ਼ਰਮਾ ਦੇ ਪਿਤਾ ਪ੍ਰਵੀਨ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹੋਣ ਕਾਰਣ ਹਸਪਤਾਲ ਦਾਖਲ ਸਨ। ਤਿੰਨ ਦਿਨ ਪਹਿਲਾਂ ਸਿਵਲ ਹਸਪਤਾਲ 'ਚ ਉਨ੍ਹਾਂ ਦਾ ਕੋਰੋਨਾ ਟੈਸਟ ਲਈ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਸੀ, ਜਿਸ ਦੀ 8 ਅਪ੍ਰੈਲ ਨੂੰ ਆਈ ਰਿਪੋਰਟ ਵਿਚ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ ਪਰ ਪ੍ਰਵੀਨ ਕੁਮਾਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਪਿਤਾ ਦੀ ਕੋਰੋਨਾ ਵਾਇਰਸ ਕਾਰਣ ਹੋਈ ਮੌਤ ਨੇ ਕਾਂਗਰਸੀ ਗਲਿਆਰਿਆਂ 'ਚ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ 22 ਮਾਰਚ ਨੂੰ ਦੇਸ਼ ਭਰ ਵਿਚ ਲੱਗੇ ਲਾਕਡਾਊਨ ਅਤੇ ਪੰਜਾਬ ਵਿਚ ਐਲਾਨੇ ਕਰਫਿਊ ਦੌਰਾਨ ਦੀਪਕ ਲਗਾਤਾਰ ਲੋਕਾਂ ਨੂੰ ਰਾਸ਼ਨ, ਦੁੱਧ, ਲੰਗਰ ਅਤੇ ਹੋਰ ਜ਼ਰੂਰੀ ਸਾਮਾਨ ਵੰਡਦਾ ਰਿਹਾ ਹੈ।

ਹੈਨਰੀ ਪਰਿਵਾਰ ਨਾਲ ਨੇੜਤਾ ਦੇ ਕਾਰਣ ਉਹ ਅਕਸਰ ਉਨ੍ਹਾਂ ਦੇ ਦਫਤਰ ਕਰਤਾਰ ਬੱਸ ਸਰਵਿਸ ਵਿਚ ਆਉਂਦਾ-ਜਾਂਦਾ ਸੀ ਕਿਉਂਕਿ ਅਵਤਾਰ ਹੈਨਰੀ ਅਤੇ ਵਿਧਾਇਕ ਬਾਵਾ ਹੈਨਰੀ ਦੇ ਦਫਤਰ ਵਿਚ ਰੋਜ਼ਾਨਾ ਕਾਂਗਰਸੀ ਕੌਂਸਲਰਾਂ ਅਤੇ ਆਗੂਆਂ ਦੀ ਮੌਜੂਦਗੀ ਰਹਿੰਦੀ ਹੈ, ਇਸ ਲਈ ਅਨੇਕਾਂ ਕੌਂਸਲਰ ਤੇ ਕਾਂਗਰਸੀ ਵੀ ਦੀਪਕ ਦੇ ਸੰਪਰਕ ਵਿਚ ਰਹੇ। ਹੁਣ ਅਚਾਨਕ ਵਾਪਰੇ ਇਸ ਘਟਨਾਚੱਕਰ ਨਾਲ ਕਾਂਗਰਸੀਆਂ ਵਿਚ ਦਹਿਸ਼ਤ ਫੈਲ ਗਈ ਹੈ ਕਿ ਕਿਤੇ ਉਹ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਨਾ ਆ ਜਾਣ।

ਖੁਦ ਨੂੰ ਆਪਣੇ ਘਰਾਂ ਵਿਚ ਕੀਤਾ ਕੁਆਰੰਟਾਈਨ
ਇਸ ਤੋਂ ਇਲਾਵਾ ਦੀਪਕ ਦੇ ਸੰਪਰਕ 'ਚ ਆਏ ਕੌਂਸਲਰ, ਕੌਂਸਲਰਪਤੀ ਅਤੇ ਕਾਂਗਰਸੀ ਆਗੂ ਵੀ ਆਪਣੇ ਸਮਰਥਕਾਂ ਦੇ ਨਾਲ ਲਾਕਡਾਊਨ ਦੌਰਾਨ ਲੋਕਾਂ ਵਿਚ ਰਾਸ਼ਨ ਅਤੇ ਲੰਗਰ ਆਦਿ ਵੰਡਣ ਲਈ ਪਿਛਲੇ 2 ਹਫਤਿਆਂ ਤੋਂ ਗਲੀ-ਗਲੀ ਘੁੰਮਦੇ ਰਹੇ ਹਨ ਪਰ ਹੁਣ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ, ਕੌਂਸਲਰ ਦੀਪਕ ਸ਼ਾਰਦਾ, ਕੌਂਸਲਰ ਪਤੀ ਪ੍ਰੀਤ ਖਾਲਸਾ, ਕੌਂਸਲਰ ਨਿਰਮਲ ਸਿੰਘ ਨਿੰਮਾ, ਕੌਂਸਲਰ ਪਤੀ ਕੁਲਦੀਪ ਭੁੱਲਰ, ਕਾਂਗਰਸੀ ਆਗੂ ਬਿਕਰਮ ਸਿੰਘ ਖਹਿਰਾ ਸਣੇ ਅਨੇਕਾਂ ਆਗੂਆਂ ਨੇ ਖੁਦ ਨੂੰ ਆਪਣੇ ਘਰਾਂ ਵਿਚ ਕੁਆਰੰਟਾਈਨ ਕਰਨਾ ਹੀ ਸਹੀ ਸਮਝਿਆ। ਕੁਝ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਦੀਪਕ ਅਤੇ ਉਨ੍ਹਾਂ ਦੇ ਪਿਤਾ ਦੇ ਮਾਮਲੇ ਵਿਚ ਜੋ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਹੇ ਉਨ੍ਹਾਂ ਨੂੰ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਕੰਮਾਂ ਨੂੰ ਕੁਝ ਦਿਨਾਂ ਲਈ ਰੋਕ ਦੇਣ ਬਾਰੇ ਸਖ਼ਤੀ ਨਾਲ ਕਿਹਾ ਹੈ।

PunjabKesari
ਅਵਤਾਰ ਹੈਨਰੀ ਅਤੇ ਬਾਵਾ ਹੈਨਰੀ ਨੇ ਖੁਦ ਨੂੰ ਕੀਤਾ ਕੁਆਰੰਟਾਈਨ
ਕਿਉਂਕਿ ਵਿਧਾਇਕ ਬਾਵਾ ਹੈਨਰੀ ਤੇ ਅਵਤਾਰ ਹੈਨਰੀ ਦੀਪਕ ਮੋਨਾ ਦੇ ਸੰਪਰਕ 'ਚ ਆਏ ਸਨ, ਇਸ ਲਈ ਪ੍ਰਸ਼ਾਸਨ ਦੀ ਸਲਾਹ ਅਤੇ ਡਬਲਯੂ. ਐੱਚ. ਓ. ਵਲੋਂ ਜਾਰੀ ਹਦਾਇਤਾਂ ਅਨੁਸਾਰ ਸਾਬਕਾ ਮੰਤਰੀ ਅਵਤਾਰ ਹੈਨਰੀ ਤੇ ਵਿਧਾਇਕ ਬਾਵਾ ਹੈਨਰੀ ਨੇ ਖੁਦ ਨੂੰ ਆਪਣੇ ਘਰ ਵਿਚ ਕੁਆਰੰਟਾਈਨ ਕਰ ਲਿਆ ਹੈ। ਬਾਵਾ ਹੈਨਰੀ ਤੇ ਅਵਤਾਰ ਹੈਨਰੀ ਨੇ ਆਪਣੇ ਮਾਡਲ ਟਾਊਨ ਸਥਿਤ ਘਰ ਦੇ ਮੇਨ ਗੇਟ 'ਤੇ ਇਕ ਪੋਸਟਰ ਚਿਪਕਾ ਕੇ ਉਸ 'ਤੇ ਸਪੱਸ਼ਟ ਸ਼ਬਦਾਂ ਵਿਚ ਲਿਖ ਦਿੱਤਾ ਹੈ ਕਿ ਡਬਲਯੂ. ਐੱਚ. ਓ. ਦੇ ਨਿਰਦੇਸ਼ਾਂ ਦੇ ਆਧਾਰ 'ਤੇ, ਕਿਉਂਕਿ ਉਹ ਇਕ ਸ਼ੱਕੀ ਮਰੀਜ਼ ਦੇ ਸੰਪਰਕ ਵਿਚ ਆਏ ਸਨ, ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਸੈਲਫ ਕੁਆਰੰਟਾਈਨ ਕਰ ਲਿਆ ਹੈ। ਫਿਲਹਾਲ ਅਵਤਾਰ ਹੈਨਰੀ ਤੇ ਬਾਵਾ ਹੈਨਰੀ ਲਈ ਕੁਆਰੰਟਾਈਨ ਦੀ ਮਿਆਦ 14 ਦਿਨਾਂ ਲਈ ਹੀ ਰਹੇਗੀ।


PunjabKesari

ਵਿਧਾਇਕ ਬੇਰੀ ਰਹੇ ਐਕਟਿਵ, ਵਿਧਾਇਕ ਰਿੰਕੂ ਨੇ ਸਰਗਰਮੀਆਂ ਕੀਤੀਆਂ ਸੀਮਤ
ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਕਾਂਗਰਸੀ ਆਗੂ ਦੇ ਪਿਤਾ ਦੀ ਮੌਤ ਤੋਂ ਬਾਅਦ ਜਿਥੇ ਨਾਰਥ ਵਿਧਾਨ ਸਭਾ ਹਲਕੇ ਨਾਲ ਸਬੰਧਤ ਸਿਆਸੀ ਗਲਿਆਰਿਆਂ ਵਿਚ ਹਲਚਲ ਪੈਦਾ ਹੋ ਗਈ ਹੈ, ਉਥੇ ਸੈਂਟਰਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਪਹਿਲਾਂ ਵਾਂਗ ਐਕਟਿਵ ਰਹੇ। ਵਿਧਾਇਕ ਬੇਰੀ ਪਹਿਲਾਂ ਵਾਂਗ ਲੋਕਾਂ ਵਿਚ ਜਾ ਕੇ ਸੈਨੇਟਾਈਜ਼ਰ ਕਰਵਾਉਣ ਅਤੇ ਰਾਸ਼ਨ ਵੰਡਣ ਵਿਚ ਰੁਝੇ ਰਹੇ। ਉਨ੍ਹਾਂ ਦੱਸਿਆ ਕਿ ਸੰਕਟ ਦੀ ਇਸ ਘੜੀ ਵਿਚ ਉਹ ਆਪਣੀ ਟੀਮ ਦੇ ਨਾਲ ਲੋਕਾਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੇ ਹਨ ਪਰ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਰੂਰੀ ਸਾਵਧਾਨੀਆਂ ਅਤੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ।

ਇਸ ਤੋਂ ਇਲਾਵਾ ਵੈਸਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਹਲਕੇ ਵਿਚ ਸੈਨੇਟਾਈਜ਼ੇਸ਼ਨ ਕਰਵਾਉਣ ਤੋਂ ਇਲਾਵਾ ਲੋਕਾਂ ਤੱਕ ਰਾਸ਼ਨ ਪਹੁੰਚਾ ਰਹੇ ਸਨ, ਨੇ ਅੱਜ ਆਪਣੀਆਂ ਸਰਗਰਮੀਆਂ ਸੀਮਤ ਕਰ ਦਿੱਤੀਆਂ। ਵਿਧਾਇਕ ਰਿੰਕੂ ਜ਼ਿਆਦਾ ਸਮਾਂ ਆਪਣੇ ਦਫਤਰ ਵਿਚ ਹੀ ਰਹੇ ਅਤੇ ਸ਼ਾਮ ਨੂੰ ਉਨ੍ਹਾਂ ਰਵਿਦਾਸ ਮੰਦਰ ਵਿਚ ਰੋਜ਼ਾਨਾ 2000 ਲੋਕਾਂ ਲਈ ਤਿਆਰ ਕੀਤੇ ਜਾਣ ਵਾਲੇ ਲੰਗਰ ਦਾ ਮੁਆਇਨਾ ਕੀਤਾ।


Anuradha

Content Editor

Related News